Delhi NCR Air Pollution: ਦਿੱਲੀ-ਐੱਨਸੀਆਰ ’ਚ ਵਧਿਆ ਹਵਾ ਪ੍ਰਦੁਸ਼ਣ, ਗ੍ਰੇਪ-1 ਲਾਗੂ
ਪ੍ਰਦੂਸ਼ਣ ਵਧਣ ਦੀ ਸੰਭਾਵਨਾ ਦੇ ਮੱਦੇਨਜ਼ਰ ਸੀਏਕਿਊਐੱਮ ਨੇ ਉਠਾਇਆ ਕਦਮ
ਨਵੀਂ ਦਿੱਲੀ (ਏਜੰਸੀ)। ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਦਿੱਲੀ-ਐੱਨਸੀਆਰ ਵਿੱਚ ਪ੍ਰਦੂਸ਼ਣ ਵਧਣ ਲੱਗ ਪਿਆ ਹੈ। ਹਵਾ ਦੀ ਗਤੀ ਘੱਟ ਹੋਣ ਕਾਰਨ ਪ੍ਰਦੂਸ਼ਿਤ ਕਣ ਵਾਤਾਵਰਨ ਵਿੱਚ ਜ਼ਮ੍ਹਾ ਹੋ ਸਕਦੇ ਹਨ, ਜਿਸ ਕਾਰਨ ਹਵਾ ਦੀ ਗੁਣਵੱਤਾ ਖਰਾਬ ਹੋਣ ਦੀ ਸੰਭਾਵਨਾ ਹੈ। ਫਿਲਹਾਲ ਮੌਸਮ ਤੋਂ ਜਲਦੀ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਵਿਗੜਦੀ ਹਵਾ ਦੀ ਗੁਣਵੱਤਾ ਤੋਂ ਬਾਅਦ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (ਸੀਏਕਿਊਐੱਮ) ਨੇ ਬੁੱਧਵਾਰ ਨੂੰ ਪੂਰੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (ਗ੍ਰੇਪ) ਦਾ ਪਹਿਲਾ ਗੇੜ ਭਾਵ ਗ੍ਰੇਪ-1 ਲਾਗੂ ਕੀਤਾ।
ਕਮਿਸ਼ਨ ਨੇ ਸਾਰੀਆਂ ਸਬੰਧਤ ਏਜੰਸੀਆਂ ਨੂੰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਤੁਰੰਤ ਜ਼ਰੂਰੀ ਕਦਮ ਚੁੱਕਣ ਅਤੇ ਹਵਾ ਦੀ ਗੁਣਵੱਤਾ ਦੀ ਨਿਰੰਤਰ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੀਏਕਿਊਐੱਮ ਦੇ ਆਦੇਸ਼ ਅਨੁਸਾਰ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 20 ਅਕਤੂਬਰ ਨੂੰ 179 ਸੀ, ਜੋ ਕਿ ਦਰਮਿਆਨੀ ਸ਼੍ਰੇਣੀ ਵਿੱਚ ਆਉਂਦਾ ਹੈ। ਹਾਲਾਂਕਿ 21 ਅਕਤੂਬਰ ਨੂੰ ਦੁਪਹਿਰ 2 ਵਜੇ ਇਹ ਵਧ ਕੇ 244 ਹੋ ਗਿਆ।
ਇਸ ਦੇ ਨਾਲ ਦਿੱਲੀ ਦੀ ਹਵਾ ਦੀ ਗੁਣਵੱਤਾ ਮਾੜੀ ਸ਼੍ਰੇਣੀ ਵਿੱਚ ਦਰਜ ਕੀਤੀ ਗਈ। ਇਹ ਰਹਿਣਗੀਆਂ ਪਾਬੰਦੀਆਂ : ਤੰਦੂਰਾਂ ’ਚ ਕੋਲਾ ਅਤੇ ਲੱਕੜ ਦੀ ਵਰਤੋਂ ’ਤੇ ਪਾਬੰਦੀ, ਡੀਜ਼ਲ ਜਨਰੇਟਰਾਂ ਦੀ ਵਰਤੋਂ ’ਤੇ ਪਾਬੰਦੀ, ਸਖ਼ਤ ਵਾਹਨ ਨਿਰੀਖਣ, ਨਿਰਮਾਣ ਸਥਾਨਾਂ ’ਤੇ ਧੂੜ ਕੰਟਰੋਲ ਉਪਾਅ, ਖੁੱਲ੍ਹੇ ਵਿੱਚ ਕੂੜਾ ਸਾੜਨ ’ਤੇ ਪਾਬੰਦੀ, ਸੜਕਾਂ ਦੀ ਸਫਾਈ ਅਤੇ ਪਾਣੀ ਦਾ ਛਿੜਕਾਅ ਅਤੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਗਤੀਵਿਧੀਆਂ ਦੀ ਨਿਗਰਾਨੀ।
ਇਹ ਵੀ ਪੜ੍ਹੋ : Sikander Singh Maluka: ਸਿਕੰਦਰ ਸਿੰਘ ਮਲੂਕਾ ਮਹਿਲਾ ਕਮਿਸ਼ਨ ਵੱਲੋਂ ਤਲਬ