ਮਾਨਵਤਾ ਦੇ ਸੱਚੇ ਰਹਿਬਰ ਸ੍ਰੀ ਗੁਰੂ ਰਵਿਦਾਸ ਜੀ

TrueAttendant, Humanity, SriRavidasji

ਹਰਦੀਪ ਸਿੰਘ

ਮਾਨਵਤਾ ਦੇ ਮਸੀਹਾ ਸ਼ਿਰੋਮਣੀ ਭਗਤ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਦੇਸ਼ ਭਰ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਦੋਂ ਧਰਤੀ ‘ਤੇ ਗੁਰੂ ਰਵਿਦਾਸ ਜੀ ਨੇ ਜਨਮ ਲਿਆ ਤਾਂ ਉਸ ਸਮੇਂ ਸਮਾਜ ਦੀ ਦਸ਼ਾ ਬਹੁਤ ਖਰਾਬ ਸੀ। ਪੂਰਾ ਸਮਾਜ ਜਾਤਾਂ-ਪਾਤਾਂ ਵਿੱਚ ਉਲਝਿਆ ਹੋਇਆ ਸੀ। ਉੱਚੇ ਘਰਾਣੇ ਦੇ ਲੋਕਾਂ ਨੇ ਸਮਾਜ ਨੂੰ ਕਈ ਹਿੱਸਿਆਂ ਵਿੱਚ ਵੰਡ ਦਿੱਤਾ ਸੀ, ਇਸ ਤਰ੍ਹਾਂ ਹਰ ਪਾਸੇ ਜਾਤ-ਪਾਤ, ਊਚ-ਨੀਚ ਦਾ ਬੋਲਬਾਲਾ ਸੀ, ਅਤੇ ਜਾਤ-ਪਾਤ ਦੀ ਇਸ ਕੁਰੀਤੀ ਦਾ ਸ਼ਿਕਾਰ ਨਿਮਨ-ਦਲਿਤ ਵਰਗ ਹੋ ਰਹੇ ਸਨ।

ਉਸ ਸਮੇਂ ਮਾਨਵਤਾ ਦਾ ਉੱਧਾਰ ਕਰਨ ਲਈ ਭਗਤ ਗੁਰੂ ਰਵਿਦਾਸ ਜੀ ਦਾ ਜਨਮ ਹੋਇਆ। ਗੁਰੂ ਰਵਿਦਾਸ ਜੀ ਦੇ ਜਨਮ ਬਾਰੇ ਇਤਿਹਾਸਕਾਰਾਂ ਵਿੱਚ ਮੱਤਭੇਦ ਹੈ, ਪਰੰਤੂ ਜਿਆਦਾਤਾਰ ਇਤਿਹਾਸਕਾਰ ਅਜਿਹਾ ਮੰਨਦੇ ਹਨ ਕਿ ਗੁਰੂ ਰਵਿਦਾਸ ਜੀ ਦਾ ਜਨਮ 14ਵੀ: ਸਦੀ ਵਿੱਚ 15 ਮਾਘ ਬਿਕਰਮੀ ਸੰਮਤ 1433 ਵਿੱਚ ਪਿਤਾ ਸੰਤੋਖ ਦਾਸ ਅਤੇ ਮਾਤਾ ਕਲਸਾਂ ਦੇਵੀ ਦੀ ਕੁੱਖੋਂ ਕਾਂਸ਼ੀ (ਬਨਾਰਸ) ਵਿਖੇ ਹੋਇਆ। ਗੁਰੂ ਰਵਿਦਾਸ ਜੀ ਦੇ ਮਾਤਾ-ਪਿਤਾ ਬਹੁਤ ਹੀ ਦਿਆਲੂ ਸੁਭਾਅ ਦੇ ਮਾਲਕ ਅਤੇ ਨਿਮਰਤਾ ਦੀ ਮੂਰਤ ਸਨ। ਭਗਤ ਰਵਿਦਾਸ ਜੀ ਜਨਮ ਤੋਂ ਹੀ ਬਹੁਤ ਅਲੌਕਿਕ ਸ਼ਖਸੀਅਤ ਸਨ। ਜਦੋਂ ਗੁਰੂ ਰਵਿਦਾਸ ਜੀ ਦੀ ਉਮਰ 5 ਸਾਲ ਹੋਈ ਤਦ ਉਹਨਾਂ ਨੂੰ ਪੰਡਿਤ ਸ਼ਾਰਦਾ ਨੰਦ ਕੋਲ ਪੜ੍ਹਨ ਲਈ ਭੇਜਿਆ ਜਾਣ ਲੱਗਾ, ਪਰ ਗੁਰੂ ਜੀ ਦਾ ਮਨ ਪੜ੍ਹਾਈ ਵਿੱਚ ਨਾ ਲੱਗਾ, ਕਿਉਂਕਿ ਉਹਨਾਂ ਕੋਲ ਤਾਂ ਪਹਿਲਾਂ ਹੀ ਰੱਬੀ ਗਿਆਨ ਦਾ ਸਰੋਤ ਸੀ। ਬਚਪਨ ਤੋਂ ਹੀ ਗੁਰੂ ਜੀ ਬਹੁਤ ਮਿਹਨਤੀ ਸਨ, ਆਪਣੇ ਪਿਤਾ ਜੀ ਦੀ ਆਗਿਆ ਨਾਲ ਗੁਰੂ ਜੀ ਕਰੀਬ 10 ਸਾਲ ਦੀ ਉਮਰ ਵਿੱਚ ਜੁੱਤੀਆਂ ਬਣਾਉਣ ਦੇ ਕੰਮ ਵਿੱਚ ਲੱਗ ਗਏ ਉਹ ਸਾਰਾ ਦਿਨ ਆਪਣੇ ਕੰਮ ਵਿੱਚ ਵਿਅਸਤ ਰਹਿੰਦੇ ਸਨ, ਅਤੇ ਕੰਮ ਦੇ ਨਾਲ-ਨਾਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਿਮਰਨ ਵੀ ਕਰਦੇ ਰਹਿੰਦੇ ਸਨ। ਗੁਰੂ ਜੀ ਬਚਪਨ ਤੋਂ ਹੀ ਬੜੇ ਦਿਆਲੂ ਸਨ, ਉਹ ਆਪਣੇ ਕੰੰਮ ਤੋਂ ਕਮਾਏ ਹੋਏ ਪੈਸਿਆਂ ਨਾਲ ਲੋਕਾਂ ਦੀ ਬਹੁਤ ਸੇਵਾ ਕਰਦੇ ਸਨ ਹਰ ਜੀਵ ਨੂੰ ਉਹ ਪਰਮਾਤਮਾ ਦੀ ਅੰਸ਼ ਮੰਨਦੇ ਸਨ। ਗੁਰੂ ਰਵਿਦਾਸ ਜੀ ਆਪਣਾ ਕੰਮ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕਰਦੇ ਸਨ। ਰੱਬੀ ਸਿਮਰਨ, ਸੱਚੀ ਕਿਰਤ ਅਤੇ ਲਗਨ ਨਾਲ ਗੁਰੂ ਰਵਿਦਾਸ ਜੀ ਨੇ ਪਰਮਾਤਮਾ ਦੇ ਸਾਖਸ਼ਾਤ ਦਰਸ਼ਨ ਕੀਤੇ।  ਭਗਤ ਰਵਿਦਾਸ ਜੀ ਨੇ ਰਾਮਾਨੰਦ ਜੀ ਨੂੰ ਆਪਣਾ ਗੁਰੂ ਧਾਰਨ ਕੀਤਾ ਗੁਰੂ ਰਵਿਦਾਸ ਜੀ ਪੂਰੀ ਮਾਨਵਤਾ ਨੂੰ ਇੱਕ ਸਮਝਦੇ ਸਨ ਅਤੇ ਆਪਣੇ ਪਿਤਾਪੁਰਖੀ ਕਿੱਤੇ ਦੇ ਨਾਲ-ਨਾਲ ਗੁਰੂ ਜੀ ਪਰਮਾਤਮਾ ਦਾ ਗੁਣਗਾਣ ਕਰਨ ਲੱਗੇ।

ਇਸ ਤਰ੍ਹਾਂ ਗੁਰੂ ਜੀ ਦੀ ਗੁਰਮਤ ਮਹਿਮਾ ਚਾਰੇ ਪਾਸੇ ਫੈਲਣ ਲੱਗੀ ਬਹੁਤ ਸਾਰੇ ਲੋਕ ਗੁਰੂ ਜੀ ਦੇ ਸ਼ਰਧਾਲੂ ਬਣਨ ਲੱਗੇ। ਉਸ ਸਮੇਂ ਚਿਤੌੜ ਦੇ ਰਾਜੇ ਦੀ ਧੀ ਵੀ ਗੁਰੂ ਜੀ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੀ ਸ਼ਰਧਾਲੂ ਬਣ ਗਈ ਸੀ। ਗੁਰੂ ਰਵਿਦਾਸ ਜੀ ਮਾਨਵਤਾ ਦੇ ਸੱਚੇ ਮਸੀਹਾ ਬਣ ਗਏ। ਭਗਤ ਗੁਰੂ ਰਵਿਦਾਸ ਜੀ ਨੂੰ ਉਸ ਸਮੇਂ ਨੀਵੀਂ ਜਾਤੀ ਦਾ ਸਮਝਿਆ ਜਾਂਦਾ ਸੀ। ਉਹਨਾਂ ਨੂੰ ਸਮਾਜ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਤਾਂ ਖੁਦ ਪਰਮਾਤਮਾ ਦੇ ਵਰੋਸਾਏ ਸਨ, ਜਿਨ੍ਹਾਂ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਦਾ ਖਾਤਮਾ ਕਰ ਦਿੱਤਾ। ਉਹਨਾਂ ਨੇ ਲੋਕਾਂ ਨੂੰ ਸੱਚ ਦਾ ਰਾਹ ਵਿਖਾਇਆ ਅਤੇ ਸਵੈ-ਮਾਣ ਨਾਲ ਅਣਖ ਨਾਲ ਜਿਊਣਾ ਸਿਖਾਇਆ ਅਤੇ ਦੱਸਿਆ ਕਿ ਕੋਈ ਵੀ ਵਿਅਕਤੀ ਆਪਣੇ ਕੰਮ-ਕਾਰ ਕਾਰਨ ਛੋਟਾ ਜਾਂ ਵੱਡਾ ਨਹੀਂ ਹੁੰਦਾ ਬਲਕਿ ਮਨੁੱਖ ਦੀ ਸੋਚ ਹੀ ਉਸ ਨੂੰ ਵੱਡਾ ਜਾਂ ਛੋਟਾ ਬਣਾਉਂਦੀ ਹੈ। ਇਸ ਤੋਂ ਇਲਾਵਾ ਭਗਤ ਗੁਰੂ ਰਵਿਦਾਸ ਜੀ ਨੇ ਮੰਨੂ ਸਾਮ੍ਰਿਤੀ, ਬ੍ਰਾਹਮਣਵਾਦ ਅਤੇ ਸਮਾਜ ਦੀਆਂ ਭੈੜੀਆਂ ਕੁਰੀਤੀਆਂ ਦੁਆਰਾ ਕੀਤੇ ਜਾਂਦੇ ਲੋਕਾਂ ਦੇ ਸਰੇਆਮ ਸ਼ੋਸ਼ਣ ਦਾ ਵੀ ਵਿਰੋਧ ਕੀਤਾ। ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤਾਂ ਹੋਰ ਸੂਫੀ ਸੰਤਾਂ ਅਤੇ ਮਹਾਂਪੁਰਸ਼ਾਂ ਦੇ ਨਾਲ ਹੀ ਭਗਤਾਂ ਦੀ ਬਾਣੀ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਵਿਸ਼ੇਸ ਥਾਂ ਦਿੱਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਗੁਰੂ ਰਵਿਦਾਸ ਜੀ ਦੇ 40 ਸਲੋਕ ਸੁਸ਼ੋਭਿਤ ਹਨ। ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਵਿੱਚ ਇੱਕ ਅਜਿਹੇ ਸਥਾਨ ਬੇਗਮਪੁਰ ਦਾ ਸੁਫ਼ਨਾ ਲਿਆ ਕਿ ਜਿਸ ਵਿੱਚ ਕਿਸੇ ਪ੍ਰਾਣੀ ਨੂੰ ਕੋਈ ਦੁੱਖ ਨਾ ਹੋਵੇ। ਸਾਰਿਆਂ ਵਿੱਚ ਸਮਾਨਤਾ ਹੋਵੇ, ਅਤੇ ਸਭ ਨੂੰ ਅਜ਼ਾਦੀ ਹੋਵੇ। ਭਗਤ ਗੁਰੂ ਰਵਿਦਾਸ ਜੀ ਨੇ ਦੱਬੇ-ਕੁਚਲੇ ਲੋਕਾਂ ਨਾਲ ਹੁੰਦੇ ਆਨਿਆਂ ਦੇ ਵਿਰੁੱਧ ਆਪਣੀ ਅਵਾਜ਼ ਬੁਲੰਦ ਕੀਤੀ, ਅਤੇ ਸਮੁੱਚੀ ਮਾਨਵਤਾ ਨੂੰ ਭੇਦਭਾਵ ਕਰਨ ਵਾਲੀ ਵਿਚਾਰਧਾਰਾ ਤੋਂ ਵੱਖ ਕੀਤਾ। ਆਪਣੀ ਬਾਣੀ ਵਿੱਚ ਗੁਰੂ ਰਵਿਦਾਸ ਜੀ ਨੇ ਬਾਹਰੀ ਅਡੰਬਰਾਂ ਅਤੇ ਦਿਖਾਵੇ ਦਾ ਸਖਤ ਵਿਰੋਧ ਕੀਤਾ ਹੈ ਗੁਰੂ ਜੀ ਦੀ ਬਾਣੀ ਸ਼ਬਦ ਸਿਮਰਨ ਦੁਆਰਾ ਪਰਮਾਤਮਾ ਦੇ ਮਿਲਾਪ ਦੀ ਗੱਲ ਕਰਦੀ ਹੈ, ਅਸੀਂ ਉਹਨਾਂ ਦੀਆਂ ਮੂਰਤੀਆਂ ਬਣਾ ਕੇ ਕਰ ਰਹੇ ਹਾਂ।

ਜੋ ਕਿ ਗੁਰੂ ਦੇ ਸੰਦੇਸ਼ ਤੋਂ ਮੁਨਕਰ ਹੋ ਕੇ ਪਾਖੰਡਾਂ ਨੂੰ ਵਧਾਉਣਾ ਹੀ ਹੈ। ਇਸ ਤੋਂ ਬਗੈਰ ਅਜੋਕੇ ਸਮੇਂ ਵਿੱਚ ਆਪਣੇ ਸਵਾਰਥ ਲਈ ਅਤੇ ਰਾਜਨੀਤੀ ਦੀ ਸ਼ਹਿ ਵਿੱਚ ਆ ਕੇ ਮੁੜ ਸਾਡਾ ਸਮਾਜ ਗੁੱਟਬੰਦੀ ਦਾ ਸ਼ਿਕਾਰ ਹੋ ਰਿਹਾ ਹੈ। ਜੋ ਕਿ ਗੁਰੂ ਮਰਿਆਦਾ ਦੇ ਬਿਲਕੁਲ ਉਲਟ ਹੈ। ਸਾਡਾ ਵੀ ਇਹ ਫਰਜ ਬਣਦਾ ਹੈ ਕਿ ਸਾਨੂੰ ਆਪਸੀ ਭੇਦਭਾਵ ਮਿਟਾ ਕੇ ਪਿਆਰ ਨਾਲ ਰਲ-ਮਿਲ ਕੇ ਰਹਿਣਾ ਚਾਹੀਦਾ ਹੈ ਅਤੇ ਕਿਸੇ ਨਾਲ ਵੀ ਵਿਤਕਰਾ ਨਹੀਂ ਕਰਨਾ ਚਾਹੀਦਾ। ਅੱਜ ਉਹਨਾਂ ਦੇ ਜਨਮ ਦਿਨ ‘ਤੇ ਸਾਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਸਮਾਜ ਵਿੱਚ ਸਭ ਦਾ ਸਤਿਕਾਰ ਕਰੀਏ ਅਤੇ ਦੀਨ ਦੁਖੀਆਂ ਦੀ ਮੱਦਦ ਕਰੀਏ, ਅਤੇ ਆਪਣੇ ਅੰਦਰੋਂ ਬੁਰਾਈਆਂ ਦਾ ਖਾਤਮਾ ਕਰੀਏ, ਅਤੇ ਇਸ ਮਹਾਨ ਸ਼ਖਸੀਅਤ ਨੂੰ ਜਨਮ ਦਿਨ ‘ਤੇ ਕੋਟਿ-ਕੋਟਿ ਨਮਨ ਕਰੀਏ।

ਐੱਮ.ਏ. ਪੱਤਰਕਾਰੀ ਤੇ ਜਨ ਸੰਚਾਰ,
ਪੰਜਾਬੀ ਯੂਨੀਵਰਸਿਟੀ, ਪਟਿਆਲਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।