ਬਚਪਨ ਦੀ ਬੇਫ਼ਿਕਰੀ ਤੇ ਅਨੰਦ ਸਾਰੀ ਜ਼ਿੰਦਗੀ ਨਹੀਂ ਭੁੱਲਦਾ

Joy, Childhood, Life, Forgotten

ਬਚਪਨ ਦੀ ਬੇਫ਼ਿਕਰੀ ਤੇ ਅਨੰਦ ਸਾਰੀ ਜ਼ਿੰਦਗੀ ਨਹੀਂ ਭੁੱਲਦਾ

ਬਚਪਨ ਵਿੱਚ ਪੱਥਰ ਦੇ ਗੀਟੇ ਤੇ ਕੱਚ ਦੇ ਬੰਟੇ ਕੋਹਿਨੂਰ ਹੀਰੇ ਜਾਪਦੇ ਹਨ। ਜੋ ਖ਼ੁਸ਼ੀ ਤੇ ਆਨੰਦ ਨਿੱਕੜਿਆਂ ਨੂੰ ਸਾਈਕਲ ਦੀ ਅੱਧੀ ਕੈਂਚੀ ਚਲਾ ਕੇ ਆਉਂਦਾ ਹੈ, ਉਹ ਮਹਿੰਗੀਆਂ ਕਾਰਾਂ ਚਲਾ ਕੇ ਵੀ ਨਹੀਂ ਆਉਂਦਾ। ਸਾਡੇ ਦਾਦੇ-ਪੜਦਾਦੇ ਆਪਣੀ ਨਿੱਕੀ ਉਮਰ ਵਿੱਚ ਜੋ ਸੱਚੀ ਖ਼ੁਸ਼ੀ ਬੋਹੜਾਂ ਤੇ ਪਿੱਪਲਾਂ ਉੱਪਰ ਕੜਕਾਲੀ ਡੰਡਾ ਖੇਡ ਕੇ ਮਾਣ ਗਏ, ਅਜੋਕਾ ਬਚਪਨ ਵੀਡੀਓ ਗੇਮਾਂ ਤੇ ਕੰਪਿਊਟਰ ਨਾਲ ਮੱਥਾ ਮਾਰਦਾ, ਉਸ ਮਸਤੀ ਲਈ ਤਰਸ ਰਿਹਾ ਹੈ।  ਅਜੋਕੇ ਤਕਨੀਕੀ ਯੁੱਗ ਨੇ ਬਚਪਨ ਦੀ ਮਸਤੀ ਘੱਟ ਕਰ ਦਿੱਤੀ ਹੈ। ਬਚਪਨ ਪਹਿਲਾਂ ਦੇ ਮੁਕਾਬਲੇ ਛੋਟਾ ਰਹਿ ਗਿਆ ਹੈ। ਤਿੰਨ ਸਾਢੇ ਤਿੰਨ ਸਾਲ ਦੇ ਬੱਚੇ ‘ਤੇ ਕਿਤਾਬੀ ਗਿਆਨ ਦੇ ਗੱਡੇ ਲੱਦ ਅਸੀਂ ਬਚਪਨ ਦਾ ਕਤਲ ਕਰਨ ਦੇ ਭਾਗੀਦਾਰ ਬਣਦੇ ਹਾਂ।

ਬਚਪਨ ਦੀ ਬੇਫ਼ਿਕਰੀ ਤੇ ਅਨੰਦ ਸਾਰੀ ਜ਼ਿੰਦਗੀ ਨਹੀਂ ਭੁੱਲਦਾ। ਬਚਪਨ ਉਸ ਜ਼ਰਖ਼ੇਜ਼ ਭੂਮੀ ਵਾਂਗ ਹੁੰਦਾ ਹੈ ਜਿਸ ਵਿੱਚ ਬਾਰਾਂਮਾਸੇ ਸਦਾਬਹਾਰ ਫੁੱਲ ਖਿੜਦੇ ਹਨ। ਬਚਪਨ ਵਿੱਚ ਹਰ ਸ਼ੈਅ ਖਿਡੌਣਾ ਜਾਪਦੀ ਹੈ। ਬਚਪਨ ਜਾਤ-ਪਾਤ, ਰੀਤੀ-ਰਿਵਾਜ਼ਾਂ ਦੇ ਪਿੰਜਰਿਆਂ ਤੋਂ ਅਜ਼ਾਦ ਹੁੰਦਾ ਹੈ। ਇਸ ਉਮਰ ਵਿੱਚ ਪੰਛੀਆਂ ਸੰਗ ਪਰਵਾਜ਼ ਭਰਨ ਦੀ ਰੀਝ ਅਤੇ ਪਰੀ ਲੋਕ ਦੇ ਸੋਨਮਈ ਸੁਫ਼ਨੇ ਬਾਲ ਮਨਾਂ ਵਿੱਚ ਉਮੜਦੇ ਹਨ। ਇਹ ਉਮਰ ਛਲ-ਕਪਟ ਤੋਂ ਨਿਰਲੇਪ ਹੁੰਦੀ ਹੈ।

ਬਚਪਨ ਇੱਕ ਅਜਿਹਾ ਖ਼ੁਸ਼ਨੁਮਾ ਪੜਾਅ ਹੁੰਦਾ ਹੈ ਕਿ ਤਮਾਮ ਉਮਰ ਮਨੁੱਖ ਮੁੜ ਬੱਚਾ ਬਣ ਜਾਣਾ ਲੋਚਦਾ ਹੈ। ਬਚਪਨ ਦੀ ਉਮਰ ਵੈਰ-ਵਿਰੋਧ ਤੇ ਈਰਖਾ ਤੋਂ ਮੁਕਤ ਮਸਤ-ਮੌਲੀ ਹੁੰਦੀ ਹੈ। ਜਿਸ ਤਰ੍ਹਾਂ ਖਾਲੀ ਕਮਰੇ ਵਿੱਚੋਂ ਗੂੰਜ ਆਉਂਦੀ ਹੈ, ਠੀਕ ਉਸੇ ਤਰ੍ਹਾਂ ਬਚਪਨ ਵਿੱਚੋਂ ਵੀ ਖ਼ੁਸ਼ੀ ਦੀ ਸੱਚੀ ਗੂੰਜ ਸੁਣਾਈ ਦਿੰਦੀ ਹੈ ਪਰ ਅਖੌਤੀ ਮਨੁੱਖ, ਜੀਵਨ ਰੂਪੀ ਕਮਰੇ ਵਿੱਚ ਕਬੀਲਦਾਰੀਆਂ ਦਾ ਅਜਿਹਾ ਸਾਮਾਨ ਢੋਂਹਦਾ ਹੈ ਕਿ ਇਹ ਗੂੰਜ ਮੁੜ ਸੁਣਾਈ ਨਹੀਂ ਦਿੰਦੀ।

ਬਚਪਨ ਦਾ ਜੋ ਮੌਜ-ਮਸਤੀ ਭਰਿਆ ਅਹਿਸਾਸ ਇੱਕ ਰਾਜੇ-ਮਹਾਰਾਜੇ ਦੇ ਬੱਚੇ ਨੂੰ ਹੁੰਦਾ ਹੈ, ਉਹੀ ਮਸਤੀ ਤੇ ਅਨੰਦ ਇੱਕ ਭਿਖਾਰੀ ਦਾ ਬੱਚਾ ਵੀ ਬਚਪਨ ਵਿੱਚੋਂ ਮਾਣਦਾ ਹੈ। ਬਚਪਨ ਵਿੱਚ ਮਾਣੀਆਂ ਮੌਜਾਂ ਸਾਰੀ ਉਮਰ ਯਾਦ ਰਹਿੰਦੀਆਂ ਹਨ। ਕੋਈ ਜ਼ਰੂਰੀ ਨਹੀਂ ਕਿ ਮਹਿੰਗੇ ਖਿਡੌਣੇ ਹੀ ਬੱਚਿਆਂ ਨੂੰ ਖ਼ੁਸ਼ੀ ਦੇਣ ਬਲਕਿ ਬੱਚੇ ਤੀਲੇ, ਡੱਕਿਆਂ, ਨਮੋਲੀਆਂ, ਕਾਗਜ਼ ਦੀਆਂ ਕਿਸ਼ਤੀਆਂ, ਗਿੱਲੀ ਮਿੱਟੀ ਵਰਗੀਆਂ ਅਤਿ ਸਾਧਾਰਨ ਵਸਤਾਂ ਵਿੱਚੋਂ ਵੀ ਸੱਚੀ ਸੰਤੁਸ਼ਟੀ ਲੱਭ ਲੈਂਦੇ ਹਨ। ਤਿਤਲੀਆਂ ਮਗਰ ਭੱਜ ਰਿਹਾ ਬਚਪਨ ਕੁਦਰਤ ਦੀ ਗੋਦ ਮਾਣਦਾ ਤੋਤਲੀ ਆਵਾਜ਼ ਵਿੱਚ ਉਸ ਕਾਦਰ ਦਾ ਗੁਣਗਾਣ ਕਰ ਰਿਹਾ ਪ੍ਰਤੀਤ ਹੁੰਦਾ ਹੈ। ਬੱਚਾ ਖੇਡਣਾ ਪਸੰਦ ਕਰਦਾ ਹੈ। ਬੱਚਾ ਖੇਡ-ਖੇਡ ਵਿੱਚ ਸੁੱਤੇ-ਸਿੱਧ ਬਹੁਤ ਕੁਝ ਸਿੱਖ ਰਿਹਾ ਹੁੰਦਾ ਹੈ।

ਅਜੋਕੇ ਤਕਨੀਕੀ ਯੁੱਗ ਨੇ ਬਚਪਨ ਦੀ ਮਸਤੀ ਘੱਟ ਕਰ ਦਿੱਤੀ ਹੈ। ਬਚਪਨ ਪਹਿਲਾਂ ਦੇ ਮੁਕਾਬਲੇ ਛੋਟਾ ਰਹਿ ਗਿਆ ਹੈ। ਤਿੰਨ ਸਾਢੇ ਤਿੰਨ ਸਾਲ ਦੇ ਬੱਚੇ ‘ਤੇ ਕਿਤਾਬੀ ਗਿਆਨ ਦੇ ਗੱਡੇ ਲੱਦ ਅਸੀਂ ਬਚਪਨ ਦਾ ਕਤਲ ਕਰਨ ਦੇ ਭਾਗੀਦਾਰ ਬਣਦੇ ਹਾਂ। ਪਿਛਲੀ ਉਮਰੇ ਜਿਹੜੇ ਆਪਣੀ ਔਲਾਦ ਪ੍ਰਤੀ ਸ਼ਿਕਾਇਤਾਂ ਕਰਦੇ ਹਨ, ਜ਼ਰੂਰ ਉਨ੍ਹਾਂ ਆਪਣੇ ਬੱਚਿਆਂ ਦੇ ਹਿੱਸੇ ਦੀਆਂ ਬਾਤਾਂ ਅਤੇ ਲੋਰੀਆਂ ਵਿੱਚ ਕੰਜੂਸੀ ਕੀਤੀ ਹੁੰਦੀ ਹੈ। ਬਚਪਨ ਵਿੱਚ ਪੱਥਰ ਦੇ ਗੀਟੇ ਤੇ ਕੱਚ ਦੇ ਬੰਟੇ ਕੋਹਿਨੂਰ ਹੀਰੇ ਜਾਪਦੇ ਹਨ।

ਜੋ ਖ਼ੁਸ਼ੀ ਤੇ ਆਨੰਦ ਨਿੱਕੜਿਆਂ ਨੂੰ ਸਾਈਕਲ ਦੀ ਅੱਧੀ ਕੈਂਚੀ ਚਲਾ ਕੇ ਆਉਂਦਾ ਹੈ, ਉਹ ਮਹਿੰਗੀਆਂ ਕਾਰਾਂ ਚਲਾ ਕੇ ਵੀ ਨਹੀਂ ਆਉਂਦਾ। ਸਾਡੇ ਦਾਦੇ-ਪੜਦਾਦੇ ਆਪਣੀ ਨਿੱਕੀ ਉਮਰ ਵਿੱਚ ਜੋ ਸੱਚੀ ਖ਼ੁਸ਼ੀ ਬੋਹੜਾਂ ਤੇ ਪਿੱਪਲਾਂ ਉੱਪਰ ਕੜਕਾਲੀ ਡੰਡਾ ਖੇਡ ਕੇ ਮਾਣ ਗਏ, ਅਜੋਕਾ ਬਚਪਨ ਵੀਡੀਓ ਗੇਮਾਂ ਤੇ ਕੰਪਿਊਟਰ ਨਾਲ ਮੱਥਾ ਮਾਰਦਾ, ਉਸ ਮਸਤੀ ਲਈ ਤਰਸ ਰਿਹਾ ਹੈ। ਪਹਿਲਾਂ ਪੂਰਾ ਪਿੰਡ ਖੇਡ ਦਾ ਮੈਦਾਨ ਹੁੰਦਾ ਸੀ ਅਤੇ ਸਾਰੇ ਪਿੰਡ ਦੇ ਬੱਚੇ ਇਕੱਠਿਆਂ ਖੇਡਦੇ ਸਨ ਪਰ ਅੱਜ-ਕੱਲ੍ਹ ਤਾਂ ਬੱਚੇ ਆਪਣੇ ਡੈਡੀ ਦੇ ਮੋਬਾਈਲ ‘ਤੇ ਗੇਮ ਖੇਡ ਕੇ ਹੀ ਡੰਗ ਟਪਾਉਂਦੇ ਹਨ। ਨਾ ਤਾਂ ਬੱਚਿਆਂ ਕੋਲ ਸਮਾਂ ਹੈ ਅਤੇ ਨਾ ਹੀ ਪਹਿਲਾਂ ਵਰਗੀ ਖੁੱਲ੍ਹਦਿਲੀ ਵਾਲਾ ਮਾਹੌਲ ਰਿਹਾ ਹੈ।

ਪਹਿਲਾਂ ਸਾਉਣ ਮਹੀਨੇ ਦੇ ਮੀਂਹ ਅਤੇ ਪੋਹ-ਮਾਘ ਦਾ ਕੱਕਰ, ਖੇਡਦੇ ਬੱਚਿਆਂ ਦੇ ਸਿਰਾਂ ਉੱਪਰ ਦੀ ਲੰਘਦਾ ਸੀ ਪਰ ਅੱਜ ਦਾ ਬਚਪਨ ਤਾਂ ਜ਼ਰਾ ਜਿੰਨੀ ਮੌਸਮੀ ਤਬਦੀਲੀ ਨਹੀਂ ਸਹਾਰਦਾ ਤੇ ਝੱਟ-ਪਟ ਛਿੱਕਾਂ ਮਾਰਦਾ ਸਰਦੀ-ਜ਼ੁਕਾਮ ਕਰਵਾ ਬਹਿੰਦਾ ਹੈ। ਐਂਟੀਬਾਇਟਿਕ ਦਵਾਈਆਂ ਦੇ ਮੱਕੜ ਜਾਲ ਵਿੱਚ ਫਸੇ ਮਾਪਿਆਂ ਨੇ ਬੱਚਿਆਂ ਦੀ ਰੋਗਾਂ ਨਾਲ ਲੜਨ ਦੀ ਅੰਦਰੂਨੀ ਕੁਦਰਤੀ ਸ਼ਕਤੀ ਘਟਾ ਦਿੱਤੀ ਹੈ, ਜਿਸ ਕਾਰਨ ਬਚਪਨ ਮੌਸਮ ਨਾਲ ਅਠਖੇਲੀਆਂ ਕਰਨ ਤੋਂ ਵਾਂਝਾ ਹੋ ਰਿਹਾ ਹੈ। ਨਾ ਹੀ ਹੁਣ ਘਰਾਂ ‘ਚੋਂ ਰੱਬਾ-ਰੱਬਾ ਮੀਂਹ ਵਰਸਾ ਦੇ ਗੀਤ ਸੁਣਾਈ ਦਿੰਦੇ ਹਨ ਅਤੇ ਨਾ ਹੀ ਸਕੂਲਾਂ ‘ਚੋਂ ਸੂਰਜਾ-ਸੂਰਜਾ ਫੱਟੀ ਸੁਕਾ ਦੀਆਂ ਮਸਤੀਆਂ ਕੰਨੀਂ ਪੈਂਦੀਆਂ ਹਨ। ਹੁਣ ਸਕੂਲਾਂ ਵਿੱਚ ਪਹਿਲਾਂ ਵਾਂਗ ਮੋਕਲੇ ਗਰਾਊਂਡ ਵੀ ਨਹੀਂ ਹਨ ਜਿੱਥੇ ਬਚਪਨ ਖੁੱਲ੍ਹਦਿਲੀ ਨਾਲ ਨੱਚ-ਕੁੱਦ ਤੇ ਦੌੜ ਸਕੇ। ਨਾਨਕੀਂ ਜਾਣ ਦਾ ਅਸਲ ਚਾਅ ਬਚਪਨ ਵਿੱਚ ਹੀ ਚੜ੍ਹਦਾ ਹੈ। ਹੁਣ ਤਾਂ ਗਰਮੀ ਦੀਆਂ ਛੁੱਟੀਆਂ ਦਾ ਚਾਅ ਘੱਟ ਹੁੰਦਾ ਹੈ ਤੇ ਸਕੂਲੋਂ ਮਿਲੇ ਛੁੱਟੀਆਂ ਦੇ ਕੰਮ ਦਾ ਫ਼ਿਕਰ ਵੱਧ। ਬਚਪਨ ਵਿੱਚ ਕੀਤੀਆਂ ਸ਼ਰਾਰਤਾਂ ਅਤੇ ਮਾਲੀ ਤੋਂ ਚੋਰੀਓਂ ਖਾਧੇ ਬੇਰ, ਜਾਮਣਾਂ ਅਤੇ ਖਰਬੂਜੇ ਮੁੜ ਲੱਭਿਆਂ ਨਹੀਂ ਲੱਭਦੇ।

ਆਓ, ਬਚਪਨ ਦੀਆਂ ਮੌਜਾਂ ਨੂੰ ਮੌਜਾਂ ਹੀ ਰਹਿਣ ਦੇਈਏ। ਤਮਾਮ ਉਮਰ ਦਾ ਇਹ ਸੱਚਾ ਅਨੰਦ ਬੱਚਿਆਂ ਨੂੰ ਕੁਦਰਤ ਵੱਲੋਂ ਮਿਲਿਆ ਅਨਮੋਲ ਤੋਹਫ਼ਾ ਹੈ। ਇਸ ਤੋਹਫ਼ੇ ਤੋਂ ਬੱਚਿਆਂ ਨੂੰ ਵਾਂਝੇ ਨਹੀਂ ਕੀਤਾ ਜਾਣਾ ਚਾਹੀਦਾ। ਬੱਚਿਆਂ ਦੇ ਮੀਂਹ ਦੇ ਪਾਣੀ ਤੇ ਚਿੱਕੜ ਵਿੱਚ ਲਿੱਬੜੇ ਪੈਰਾਂ ਨੂੰ ਦੇਖ ਚਿੰਤਤ ਹੋਣ ਦੀ ਬਜਾਇ ਸਾਨੂੰ ਇਸ ਗੱਲ ਦੀ ਚਿੰਤਾ ਵਧੇਰੇ ਹੋਣੀ ਚਾਹੀਦੀ ਹੈ ਕਿ ਸਾਡੇ ਸਭ ਦੇ ਅੰਦਰਲਾ ਬੱਚਾ ਕਿਉਂ ਗੁੰਮ ਹੋ ਰਿਹਾ ਹੈ? ਬਚਪਨ ਦੀ ਮੌਜ ਨਾ ਕਿਸੇ ਦੁਕਾਨ ਤੋਂ ਮਿਲਦੀ ਹੈ ਅਤੇ ਨਾ ਹੀ ਇਸ ਵਰਗੀ ਅਨੰਦਮਈ ਸ਼ੈਅ ਕੋਈ ਹੋਰ ਹੈ। ਬਚਪਨ ਦੀਆਂ ਸੁੰਦਰ ਤੇ ਅਨਮੋਲ ਯਾਦਾਂ ਸਾਡੀ ਰੂਹ ਨੂੰ ਖ਼ੁਸ਼ਨੁਮਾ ਅਹਿਸਾਸ ਨਾਲ ਲਬਾਲਬ ਭਰ ਦਿੰਦੀਆਂ ਹਨ। ਬਚਪਨ ਪ੍ਰਤੀ ਸਕਾਰਾਤਮਕ ਪਹੁੰਚ ਅਪਨਾਉਣ ਦੀ ਜ਼ਰੂਰਤ ਹੈ। ਬੱਚਿਆਂ ਦੇ ਸਰਬਪੱਖੀ ਵਿਕਾਸ ਦਾ ਟੀਚਾ ਪ੍ਰਾਪਤ ਕਰਦੇ-ਕਰਦੇ ਅਸੀਂ ਇਹ ਭੁੱਲ ਗਏ ਕਿ ਬਚਪਨ ਕੈਦੀ ਹੋਣਾ ਨਹੀਂ ਲੋਚਦਾ। ਇਸ ਲਈ ਲੋੜ ਹੈ, ਬਚਪਨ ਨੂੰ ਕੁਦਰਤੀ ਖੁੱਲ੍ਹਾਪਣ ਪ੍ਰਦਾਨ ਕਰਨ ਦੀ।

ਸੰਦੀਪ ਕੰਬੋਜ
ਪਿੰਡ ਗੋਲੂ ਕਾ ਮੋੜ ਤਹਿ: ਗੁਰੂਹਰਸਹਾਏ, ਜਿਲ੍ਹਾ: ਫਿਰੋਜ਼ਪੁਰ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।