ਅਜੋਕੀ ਨੌਜਵਾਨ ਪੀੜ੍ਹੀ ਦਾ ਵਿਦੇਸ਼ੀ ਹੋਣਾ ਚਿੰਤਾਜਨਕ

ਅਜੋਕੀ ਨੌਜਵਾਨ ਪੀੜ੍ਹੀ ਦਾ ਵਿਦੇਸ਼ੀ ਹੋਣਾ ਚਿੰਤਾਜਨਕ

ਸਾਡੀ ਅਜੋਕੀ ਨੌਜਵਾਨ ਪੀੜ੍ਹੀ ਦਾ ਵਿਦੇਸ਼ਾਂ ਪ੍ਰਤੀ ਮੋਹ ਅਜੋਕੇ ਸਮੇਂ ਦਾ ਇੱਕ ਅਹਿਮ ਮੁੱਦਾ ਬਣਿਆ ਹੋਇਆ ਹੈ। ਸਾਡੇ ਨੌਜਵਾਨ ਅੱਜ ਵਿਦੇਸ਼ਾਂ ਨੂੰ ਜਾਣ ਲਈ ਕਾਹਲੇ ਹਨ। ਇਸ ਕਾਹਲ ਦਾ ਮੁੱਖ ਕਾਰਨ ਜ਼ਿੰਦਗੀ ਦੇ ਆਉਣ ਵਾਲੇ ਸੰਘਰਸ਼ ਨੂੰ ਹੀ ਮੰਨਿਆ ਜਾ ਸਕਦਾ ਹੈ। ਚੰਗੇ ਭਵਿੱਖ ਦੀ ਕਾਮਨਾ ਹਰ ਇੱਕ ਮਨੁੱਖ ਆਪਣੀ ਜ਼ਿੰਦਗੀ ਵਿੱਚ ਕਰਦਾ ਹੈ। ਜ਼ਿੰਦਗੀ ਨੂੰ ਸਹੀ ਢੰਗ ਨਾਲ ਜਿਉਣ ਲਈ ਚੰਗੇ ਵਸੀਲੇ, ਸਾਧਨ, ਢੁੱਕਵਾਂ ਮਾਹੌਲ ਹੋਣਾ ਅਤਿਅੰਤ ਜ਼ਰੂਰੀ ਹੁੰਦਾ ਹੈ। ਮਸ਼ਹੂਰ ਵਿਗਿਆਨੀ ਚਾਰਲਸ ਡਾਰਵਿਨ ਨੇ ਵੀ ਆਪਣੀਆਂ ਵਿਕਾਸਵਾਦ ਦੀਆਂ ਖੋਜਾਂ ਦੁਆਰਾ ਸਿੱਧ ਕੀਤਾ ਹੈ ਕਿ ਪਰਿਵਰਤਨ ਇੱਕ ਪ੍ਰਜਾਤੀ ਦੇ ਮੈਂਬਰਾਂ ਵਿੱਚ ਬੇਤਰਤੀਬੇ ਰੂਪ ਵਿੱਚ ਵਾਪਰਦਾ ਹੈ।

ਇਸ ਦੁਨੀਆਂ ਦੇ ਵਿੱਚ ਹਰ ਇੱਕ ਨੂੰ ਜਿਊਣ ਲਈ ਸੰਘਰਸ਼ ਕਰਨਾ ਲਾਜ਼ਮੀ ਹੋ ਜਾਂਦਾ ਹੈ। ਜੋ ਸੰਘਰਸ਼ ਨਹੀਂ ਕਰਦਾ ਉਸ ਦਾ ਪਤਨ ਨਿਸ਼ਚਿਤ ਹੀ ਹੋ ਜਾਂਦਾ ਹੈ। ਚੰਗੇ ਭਵਿੱਖ ਦੀ ਕਾਮਨਾ ਹਰ ਇੱਕ ਮਨੁੱਖ ਆਪਣੀ ਜ਼ਿੰਦਗੀ ਵਿੱਚ ਕਰਦਾ ਹੈ। ਜ਼ਿੰਦਗੀ ਨੂੰ ਸਹੀ ਢੰਗ ਨਾਲ ਜਿਊਣ ਲਈ ਚੰਗੇ ਵਸੀਲੇ, ਸਾਧਨ, ਢੁੱਕਵਾਂ ਮਾਹੌਲ ਹੋਣਾ ਅਤਿਅੰਤ ਜ਼ਰੂਰੀ ਹੁੰਦਾ ਹੈ। ਇਨ੍ਹਾਂ ਸਾਰਿਆਂ ਦੀ ਪੂਰਤੀ ਨੂੰ ਹੀ ਜ਼ਿੰਦਗੀ ਦਾ ਸੰਘਰਸ਼ ਕਿਹਾ ਜਾਂਦਾ ਹੈ। ਇਸ ਪ੍ਰਕਾਰ ਹਰ ਇੱਕ ਮਨੁੱਖ ਜ਼ਿੰਦਗੀ ਦੇ ਲਈ ਸੰਘਰਸ਼ ਕਰਦਾ ਹੈ ਅਤੇ ਅੱਗੇ ਵਧਦਾ ਹੈ।

ਇਸੇ ਤਰ੍ਹਾਂ ਹੀ ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਸੰਘਰਸ਼ ਕਰਕੇ ਅੱਗੇ ਵਧਦੀਆਂ ਹਨ। ਜੇਕਰ ਗੱਲ ਪੰਜਾਬ ਅਤੇ ਪੰਜਾਬੀਅਤ ਦੀ ਕੀਤੀ ਜਾਵੇ ਤਾਂ ਸਾਡਾ ਸੰਘਰਸ਼ ਅਤੇ ਇਤਿਹਾਸ ਵੀ ਮਾਣਮੱਤਾ ਰਿਹਾ ਹੈ। ਅਸੀਂ ਹੱਡ ਚੀਰਵੀਆਂ ਮਿਹਨਤਾਂ ਕਰਕੇ ਬਹੁਤ ਤਰੱਕੀਆਂ ਕੀਤੀਆਂ ਹਨ। ਅੱਜ ਇਸ ਦੁਨੀਆ ਦੇ ਕੋਨੇ ਕੋਨੇ ਵਿੱਚ ਪੰਜਾਬੀਆਂ ਦੀ ਚੜ੍ਹਤ ਆਪ-ਮੁਹਾਰੇ ਹੀ ਬੋਲਦੀ ਹੈ। ਪਰੰਤੂ ਜੇਕਰ ਅਸੀਂ ਅਜੋਕੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਦੇ ਭਵਿੱਖ, ਉਨ੍ਹਾਂ ਦੀ ਸੋਚ, ਦਿਲਚਸਪੀ ਬਾਰੇ ਗੱਲ ਕਰਦੇ ਹਾਂ ਤਾਂ ਕਈ ਅਹਿਮ ਸੋਚਣ ਵਾਲੇ ਵਿਸ਼ੇ ਸਾਡੇ ਸਾਹਮਣੇ ਆ ਜਾਂਦੇ ਹਨ।

ਲਗਭਗ ਪਿਛਲੇ ਡੇਢ ਦਹਾਕੇ ਤੋਂ ਬੇਰੁਜ਼ਗਾਰੀ ਦੇ ਭੰਨ੍ਹੇ ਸਾਡੇ ਬੱਚਿਆਂ ਦਾ ਆਪਣਾ ਭਵਿੱਖ ਵਿਦੇਸ਼ਾਂ ਵਿੱਚ ਦੇਖਣਾ ਇੱਕ ਆਮ ਵਰਤਾਰਾ ਬਣਿਆ ਹੋਇਆ ਹੈ। ਜੋ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ ਹੈ ਅਤੇ ਬੱਚਿਆਂ ਦੀ ਇਸ ਸੋਚ ਦੇ ਪਿੱਛੇ ਅਨੇਕਾਂ ਹੀ ਕਾਰਨ ਹਨ। ਸਾਡੇ ਸਮਾਜ ਵਿੱਚ ਵਧ ਰਹੀ ਬੇਰੁਜ਼ਗਾਰੀ, ਰੁਜ਼ਗਾਰ ਦੇ ਸੁੰਗੜ ਰਹੇ ਮੌਕੇ ਨੌਜਵਾਨ ਪੀੜ੍ਹੀ ਨੂੰ ਵਿਦੇਸ਼ਾਂ ਵੱਲ ਜਾਣ ਲਈ ਉਤਸ਼ਾਹਿਤ ਕਰ ਰਹੇ ਹਨ।

ਅਜੋਕੇ ਸਮੇਂ ਵਿੱਚ ਸਾਡੇ ਨੌਜਵਾਨ ਆਮ ਤੌਰ ’ਤੇ ਸਕੂਲੀ ਸਿੱਖਿਆ ਪੂਰੀ ਕਰਨ ਉਪਰੰਤ ਉਚੇਰੀ ਸਿੱਖਿਆ ਅਤੇ ਰੁਜ਼ਗਾਰ ਦੇ ਮੌਕਿਆਂ ਦਾ ਮੋਹ ਹੀ ਤਿਆਗ ਰਹੇ ਹਨ। ਬੱਚਿਆਂ ਦੀ ਸੋਚਣ ਦੀ ਸ਼ਕਤੀ ਕੇਵਲ ਤੇ ਕੇਵਲ ਇੱਕ ਹੀ ਦਿਸ਼ਾ ਵੱਲ ਜਾ ਰਹੀ ਹੈ ਜਾਂ ਫਿਰ ਇਹ ਕਿਹਾ ਜਾ ਸਕਦਾ ਹੈ ਕਿ ਬੱਚਿਆਂ ਦੀ ਸੋਚ ਹੀ ਉਨ੍ਹਾਂ ਤੋਂ ਖੋਹੀ ਜਾ ਰਹੀ ਹੈ। ਬਾਰ੍ਹਵੀਂ ਜਮਾਤ ਪਾਸ ਕਰਨ ਉਪਰੰਤ ਹੀ ਸਾਡੇ ਬੱਚੇ ਅੱਜ ਵਿਦੇਸ਼ੀ ਸਰਕਾਰਾਂ ਦੇ ਬਣਾਏ ਮਾਪਦੰਡ ਪੂਰੇ ਕਰਨ ਵਿੱਚ ਲੱਗ ਜਾਂਦੇ ਹਨ। ਬੱਚਿਆਂ ਨੂੰ ਵਿਦੇਸ਼ਾਂ ਦੇ ਵਿਚ ਪੜ੍ਹਾਈ ਕਰਨ ਦੇ ਨਾਲ-ਨਾਲ ਹੀ ਰੁਜ਼ਗਾਰ ਦੇ ਮੌਕੇ ਮਿਲ ਜਾਂਦੇ ਹਨ। ਸਿੱਟੇ ਵਜੋਂ ਪੰਜਾਬ ਦੇ ਵਿੱਚ ਬਣੇ ਹਜ਼ਾਰਾਂ ਤਕਨੀਕੀ ਤੇ ਗ਼ੈਰ-ਤਕਨੀਕੀ ਕਾਲਜ, ਯੂਨੀਵਰਸਿਟੀਆਂ ਅੱਜ ਵਿਦਿਆਰਥੀਆਂ ਤੋਂ ਸੱਖਣੀਆਂ ਹੋ ਰਹੀਆਂ ਹਨ।

ਪੰਜਾਬ ਦੇ ਸੈਂਕੜੇ ਕਾਲਜਾਂ ਦੀਆਂ ਇਮਾਰਤਾਂ ਖੰਡਰ ਬਣ ਚੁੱਕੀਆਂ ਹਨ। ਕਦੇ ਸਮਾਂ ਹੁੰਦਾ ਸੀ ਜਦੋਂ ਇਨ੍ਹਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿੱਚ ਦਾਖ਼ਲਾ ਲੈਣ ਲਈ ਵੀ ਟੈਸਟ ਦੇਣੇ ਪੈਂਦੇ ਸਨ। ਪੰਜਾਬ ਦੇ ਵਿੱਚ ਜ਼ਿਮੀਂਦਾਰ ਪਰਿਵਾਰਾਂ ਦੇ ਨਾਲ ਸਬੰਧ ਰੱਖਦੇ ਲਗਭਗ 70 ਪ੍ਰਤੀਸ਼ਤ ਦੇ ਕਰੀਬ ਬੱਚੇ ਬਾਹਰਲੇ ਮੁਲਕਾਂ ਵੱਲ ਜਾ ਰਹੇ ਹਨ। ਮੁਲਾਜ਼ਮ ਵਰਗ ਵੀ ਪਿੱਛੇ ਨਹੀਂ ਰਿਹਾ। ਅੱਜ ਇੱਕ ਆਮ ਅਹੁਦੇ ’ਤੇ ਸੇਵਾ ਨਿਭਾ ਰਿਹਾ ਸਰਕਾਰੀ ਮੁਲਾਜ਼ਮ ਵੀ ਆਪਣੇ ਬੱਚੇ ਨੂੰ ਵਿਦੇਸ਼ ਤੋਰਨ ਦੇ ਪੱਖ ਵਿੱਚ ਹੈ। ਹਰ ਦੂਜਾ ਮੁਲਾਜ਼ਮ ਆਪਣੇ ਬੱਚੇ ਨੂੰ ਸੁਨਹਿਰੀ ਭਵਿੱਖ ਲੱਭਣ ਲਈ ਵਿਦੇਸ਼ਾਂ ਵੱਲ ਘੱਲ ਰਿਹਾ ਹੈ।

ਹੁਣ ਸਵਾਲ ਉੱਠਦਾ ਹੈ ਕਿ ਕੌਣ ਰੋਕੇਗਾ ਸਾਡੇ ਬੱਚਿਆਂ ਨੂੰ ਪਰਦੇਸੀ ਹੋਣ ਤੋਂ? ਠੰਢੇ ਕਮਰਿਆਂ ਵਿੱਚ ਬੈਠ ਕੇ ਸਰਕਾਰੀ ਮੰਤਰੀਆਂ ਵੱਲੋਂ ਜੋ ਨੀਤੀਆਂ ਬਣਾਈਆਂ ਜਾਂਦੀਆਂ ਹਨ, ਜ਼ਮੀਨੀ ਹਕੀਕਤ ਵਿਚ ਇਨ੍ਹਾਂ ਨੀਤੀਆਂ ਨੂੰ ਲਾਗੂ ਕਰਨ ਸਮੇਂ ਜ਼ਮੀਨ-ਅਸਮਾਨ ਦਾ ਫ਼ਰਕ ਪੈ ਜਾਂਦਾ ਹੈ। ਜ਼ਮੀਨੀ ਪੱਧਰ ਉੱਤੇ ਆ ਕੇ ਸਮੁੱਚੇ ਕੰਮਕਾਜ ਦਾ ਢਾਂਚਾ ਹੀ ਬਦਲ ਜਾਂਦਾ ਹੈ।

ਉਚੇਰੀ ਵਿੱਦਿਆ ਪ੍ਰਾਪਤ ਪੜ੍ਹੇ-ਲਿਖੇ ਨੌਜਵਾਨ ਮੁੰਡੇ-ਕੁੜੀਆਂ ਅੱਜ ਰੁਜ਼ਗਾਰ ਤੋਂ ਸੱਖਣੇ ਹੋਏ ਘੋਰ ਨਿਰਾਸ਼ਾ ਦੇ ਆਲਮ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਹਨ। ਇਸ ਰੁਝਾਨ ਸਦਕਾ ਸਾਡੇ ਅਰਬਾਂ ਰੁਪਏ ਦਾ ਇੱਕ ਦਰਿਆ ਵਿਦੇਸ਼ਾਂ ਵੱਲ ਨੂੰ ਵਹਿ ਰਿਹਾ ਹੈ। ਸਾਡੀ ਆਰਥਿਕਤਾ ਨੂੰ ਭਾਰੀ ਸੱਟ ਵੱਜ ਰਹੀ ਹੈ। ਸਾਡੇ ਸੂਬੇ ਵਿੱਚ ਅਨੇਕਾਂ ਸਾਧਨ ਹੋਣ ਦੇ ਬਾਵਜੂਦ ਵੀ ਸਰਕਾਰਾਂ ਬੇਰੁਜ਼ਗਾਰੀ ਦੇ ਕੋਹੜ ਨੂੰ ਮੁਕੰਮਲ ਤੌਰ ’ਤੇ ਦੂਰ ਨਹੀਂ ਕਰ ਸਕੀਆਂ ਹਨ। ਮੌਜੂਦਾ ਪੰਜਾਬ ਸਰਕਾਰ ਦੁਆਰਾ ਬੇਰੁਜ਼ਗਾਰਾਂ ਦੇ ਹੱਕ ਵਿੱਚ ਮਾਰੇ ਹਾਅ ਦੇ ਨਾਅਰੇ ਦੇ ਨਾਲ ਬੇਰੁਜ਼ਗਾਰਾਂ ਦੀਆਂ ਆਸਾਂ ਨੂੰ ਬੂਰ ਜ਼ਰੂਰ ਪਿਆ ਹੈ। ਹੁਣ ਇਹ ਸਰਕਾਰ ਨੂੰ ਦੇਖਣਾ ਪਵੇਗਾ ਕਿ ਕਿਵੇਂ ਪੰਜਾਬ ਦੇ ਵਿੱਚ ਰੁਜ਼ਗਾਰ ਦੇ ਵਧੀਆ ਮੌਕੇ ਪੈਦਾ ਕੀਤੇ ਜਾਣ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਪੰਜਾਬ ਦੀ ਹੀ ਹੋ ਕੇ ਰਹੇ।
ਸ. ਸ. ਮਾਸਟਰ, ਸ. ਸ. ਸ. ਸ. ਹਮੀਦੀ
ਮੋ. 94633-17199

ਅਮਨਿੰਦਰ ਸਿੰਘ ਕੁਠਾਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ