ਗਣੇਸ਼ ਮੂਰਤੀ ਵਿਸਰਜਨ ਦੌਰਾਨ ਨਹਿਰ ’ਚ ਡੁੱਬੇ ਨੌਜਵਾਨ ਦੀ 43 ਘੰਟਿਆਂ ਬਾਅਦ ਮਿਲੀ ਲਾਸ਼

ਸਮਾਜ ਸੇਵੀ ਸੰਸਥਾ ਸਹਾਰਾ ਦੇ ਵਲੰਟੀਅਰਾਂ ਨੇ ਕੱਢੀ ਲਾਸ਼

ਬਠਿੰਡਾ, (ਸੁਖਜੀਤ ਮਾਨ)। ਬਠਿੰਡਾ ’ਚੋਂ ਦੀ ਲੰਘਦੀ ਸਰਹਿੰਦ ਨਹਿਰ ’ਚ 9 ਸਤੰਬਰ ਨੂੰ ਸ੍ਰੀ ਗਣੇਸ਼ ਮੂਰਤੀ ਵਿਸਰਜਨ ਦੌਰਾਨ ਨਹਿਰ ’ਚ ਡੁੱਬੇ ਬਠਿੰਡਾ ਵਾਸੀ ਨੌਜਵਾਨ ਦੀ ਲਾਸ਼ 43 ਘੰਟਿਆਂ ਬਾਅਦ ਮਿਲੀ ਹੈ। ਸਹਾਰਾ ਵਰਕਰਾਂ ਨੇ ਇਹ ਲਾਸ਼ ਪਿੰਡ ਬਾਦਲ ਕੋਲੋਂ ਲੰਘਦੇ ਸੂਏ ’ਚੋਂ ਮਿਲੀ ਹੈ। ਵੇਰਵਿਆਂ ਮੁਤਾਬਿਕ 9 ਸਤੰਬਰ ਨੂੰ ਬੇਅੰਤ ਸਿੰਘ ਨਗਰ ਦਾ ਰਹਿਣ ਵਾਲਾ ਉਦੇ ਨਾਂਅ ਦਾ ਨੌਜਵਾਨ ਸ੍ਰੀ ਗਣੇਸ਼ ਜੀ ਦੀ ਮੂਰਤੀ ਵਿਸਰਜ਼ਨ ਕਰਨ ਮੌਕੇ ਨਹਿਰ ’ਚ ਡੁੱਬ ਗਿਆ ਸੀ।

ਉਸ ਵੇਲੇ ਤੋਂ ਹੀ ਸਮਾਜ ਸੇਵੀ ਸੰਸਥਾਵਾਂ ਦੇ ਨਾਲ-ਨਾਲ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਵੀ ਗੋਤਾਖੋਰਾਂ ਦੀ ਮੱਦਦ ਨਾਲ ਲਾਸ਼ ਦੀ ਭਾਲ ਕੀਤੀ ਜਾ ਰਹੀ ਸੀ। ਅੱਜ ਪਿੰਡ ਬਾਦਲ ਕੋਲੋਂ ਲੰਘਦੇ ਸੂਏ ’ਚੋਂ ਸਮਾਜ ਸੇਵੀ ਸੰਸਥਾ ਸਹਾਰਾ ਦੇ ਵਲੰਟੀਅਰਾਂ ਨੂੰ ਲਾਸ਼ ਮਿਲ ਗਈ। ਸਹਾਰਾ ਵਲੰਟੀਅਰਾਂ ਦੀ ਵਿਸ਼ੇਸ਼ ਟੀਮ ਨੇ ਅੱਜ ਐਸਐਚਓ ਕੋਤਵਾਲੀ ਇੰਸਪੈਕਟਰ ਪ੍ਰਮਿੰਦਰ ਸਿੰਘ ਦੀ ਮੌਜੂਦਗੀ ’ਚ ਲਾਸ਼ ਬਾਹਰ ਕੱਢ ਕੇ ਪਰਿਵਾਰਕ ਮੈਂਬਰਾਂ ਤੋਂ ਪਹਿਚਾਣ ਕਰਵਾਈ ਤਾਂ ਉਨਾਂ ਨੇ ਲਾਸ਼ ਦੀ ਉਦੇ ਵਜੋਂ ਹੀ ਸ਼ਨਾਖਤ ਕੀਤੀ। ਪੋਸਟਮਾਰਟਮ ਲਈ ਲਾਸ਼ ਨੂੰ ਵਲੰਟੀਅਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ