ਮਾਝੇ ’ਚ ਭਾਜਪਾ ਅਤੇ ‘ਆਪ’ ਦੇ ਨਹੀਂ ਲੱਗਦੇ ਨਜ਼ਰ ਆ ਰਹੇ ਹਾਲੇ ਪੈਰ

BJP and AAP Sachkahoon

 ਮੁੱਖ ਮੁਕਾਬਲਾ ਕਾਂਗਰਸ ਤੇ ਅਕਾਲੀ ਦਲ ਵਿਚਕਾਰ

 ਪਠਾਨਕੋਟ ’ਚ ਅਕਾਲੀ ਦਲ -ਬਸਪਾ ਕੋਲ ਵੀ ਨਹੀਂ ਤਕੜੇ ਉਮੀਦਵਾਰ

(ਰਾਜਨ ਮਾਨ) ਅੰਮ੍ਰਿਤਸਰ। ਮਾਝੇ ਦੀਆਂ ਦੋ ਦਰਜਨ ਦੇ ਕਰੀਬ ਵਿਧਾਨ ਸਭਾ ਸੀਟਾਂ ’ਤੇ ਇਸ ਵਾਰ ਮੁੱਖ ਮੁਕਾਬਲਾ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਨਜਰ ਆ ਰਿਹਾ ਹੈ, ਜਦੋਂਕਿ (BJP and AAP) ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਅਜੇ ਪੈਰ ਲੱਗਦੇ ਨਜ਼ਰ ਨਹੀਂ ਆ ਰਹੇ। ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਹੁਣ ਸਾਰੀਆਂ ਸਿਆਸੀ ਧਿਰਾਂ ਵੱਲੋਂ ਪੂਰੀ ਤਰ੍ਹਾਂ ਕਮਰਕੱਸੇ ਕੱਸ ਲਏ ਗਏ ਹਨ। ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪੋ-ਆਪਣੀ ਜਿੱਤ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਮਾਝੇ ਦੀਆਂ ਕੁੱਲ 25 ਵਿਧਾਨ ਸਭਾ ਸੀਟਾਂ ’ਤੇ ਲਗਭਗ ਸਾਰੀਆਂ ਹੀ ਸਿਆਸੀ ਧਿਰਾਂ ਵੱਲੋਂ ਆਪਣੇ ਉਮੀਦਵਾਰ ਖੜ੍ਹੇ ਕਰ ਦਿੱਤੇ ਗਏ ਹਨ।

 ਕਾਂਗਰਸ ਵੀ ਆਪਸੀ ਫੁੱਟ ਦਾ ਸ਼ਿਕਾਰ 

ਮਾਝੇ ਦੀਆਂ ਕਈ  ਵਿਧਾਨ ਸਭਾ ਸੀਟਾਂ ’ਤੇ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਪਾਰਟੀ ਅੰਦਰ ਖਿੱਚੋਤਾਣ ਪੂਰੀ ਤਰ੍ਹਾਂ ਜਾਰੀ ਹੈ। ਕਈ ਸੀਟਾਂ ’ਤੇ ਵੱਖ-ਵੱਖ ਆਗੂਆਂ ਵੱਲੋਂ ਦਾਅਵੇਦਾਰੀ ਪੇਸ਼ ਕੀਤੇ ਜਾਣ ਕਰਕੇ ਅਜੇ ਤੱਕ ਕਾਂਗਰਸ ਪਾਰਟੀ ਵੱਲੋਂ ਉੱਥੇ ਉਮੀਦਵਾਰ ਨਹੀਂ ਐਲਾਨੇ ਗਏ ਮਾਝੇ ਦੀਆਂ ਕੁੱਲ 25 ਸੀਟਾਂ ’ਚੋਂ ਚਾਰ ਵਿਧਾਨ ਸਭਾ ਸੀਟਾਂ ’ਤੇ ਅਜੇ ਪੇਚ ਫਸਿਆ ਹੋਇਆ ਹੈ । ਕਈ ਸੀਟਾਂ ’ਤੇ ਕਾਂਗਰਸ ਪਾਰਟੀ ਨੂੰ ਵਿਰੋਧੀ ਧਿਰਾਂ ਦੇ ਨਾਲ-ਨਾਲ ਆਪਣਿਆਂ ਤੋਂ ਵੀ ਹਾਲ ਦੀ ਘੜੀ ਖਤਰਾ ਬਣਿਆ ਹੋਇਆ ਹੈ।

ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਲਈ ਮੌਜੂਦਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਹਲਕੇ ਦੇ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਵਿਚਕਾਰ ਪੇਚ ਫਸਿਆ ਹੋਇਆ ਹੈ ਜਦਕਿ ਬਟਾਲਾ ਹਲਕੇ ਤੋਂ ਕਾਂਗਰਸ ਦੇ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਅਤੇ ਅਸ਼ਵਨੀ ਸੇਖੜੀ ਵਿਚਕਾਰ ਕੁੰਡੀ ਫਸੀ ਹੈ ਉਂਜ ਬਾਜਵਾ ਨੂੰ ਫਤਹਿਗੜ੍ਹ ਚੂੜੀਆਂ ਹਲਕੇ ਤੋਂ ਟਿਕਟ ਮਿਲ ਚੁੱਕੀ ਹੈ ਪਰ ਉਹ ਇਸ ਹਲਕੇ ਤੋਂ ਲੜਨਾ ਚਾਹੁੰਦੇ ਹਨ। ਇਸੇ ਤਰ੍ਹਾਂ ਅਟਾਰੀ ਤੋਂ ਵੀ ਮੌਜੂਦਾ ਵਿਧਾਇਕ ਦੀ ਟਿਕਟ ਕੱਟਕੇ ਕਿਸੇ ਹੋਰ ਨੂੰ ਦੇਣ ਸਬੰਧੀ ਸੋਚਿਆ ਜਾ ਰਿਹਾ ਹੈ। ਇਸ ਹਲਕੇ ਤੋਂ ਪੰਜਾਬੀ ਗਾਇਕ ਪੂਰਨ ਚੰਦ ਵਡਾਲੀ ਦੇ ਪੁੱਤਰ ਲਖਵਿੰਦਰ ਵਡਾਲੀ ਨੂੰ ਮੈਦਾਨ ਵਿੱਚ ਉਤਾਰੇ ਜਾਣ ਬਾਰੇ ਗੱਲ ਚੱਲ ਰਹੀ ਹੈ।

 ਬਸਪਾ ਦਾ ਨਹੀਂ ਮਾਝੇ ਵਿੱਚ ਕੋਈ ਆਧਾਰ 

ਭਾਰਤੀ ਜਨਤਾ ਪਾਰਟੀ ਤੋਂ ਵੱਖ ਹੋਣ ਤੋਂ ਬਾਅਦ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ  ਮਾਝੇ ਦੇ ਪਠਾਨਕੋਟ ਜ਼ਿਲ੍ਹੇ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਆਪਣੇ ਪੱਧਰ ’ਤੇ ਬਸਪਾ ਨਾਲ ਮਿਲਕੇ ਚੋਣ ਲੜਨ ਜਾ ਰਿਹਾ ਹੈ। ਪਠਾਨਕੋਟ ਜ਼ਿਲ੍ਹੇ ਦੀਆਂ ਚਾਰ ਵਿਧਾਨ ਸਭਾ ਸੀਟਾਂ ਪਠਾਨਕੋਟ, ਸੁਜਾਨਪੁਰ , ਭੋਆ ਅਤੇ ਦੀਨਾਨਗਰ ਵਿੱਚ ਅਕਾਲੀ ਦਲ ਤੇ ਬਸਪਾ ਕੋਲ ਕੋਈ ਆਧਾਰ ਵਾਲੇ ਉਮੀਦਵਾਰ ਨਾ ਹੋਣ ਕਰਕੇ ਇਸ ਦਾ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ ਕਿਉਂਕਿ ਮਾਝੇ ਦੇ ਪਠਾਨਕੋਟ ਜ਼ਿਲ੍ਹੇ ਦੀਆਂ ਚਾਰਾਂ ਵਿਧਾਨ ਸਭਾ ਸੀਟਾਂ ’ਤੇ ਮੁੱਖ ਮੁਕਾਬਲਾ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਿਚਕਾਰ ਹੁੰਦਾ ਆਇਆ ਹੈ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਇਨ੍ਹਾਂ ਚੋਵਾਂ ਹਲਕਿਆਂ ਵਿੱਚ ਆਪਣੀ ਕਿਸਮਤ ਅਜ਼ਮਾਈ ਕਰ ਰਿਹਾ ਹੈ। ਅਕਾਲੀ ਦਲ ਅੰਦਰ ਵੀ ਸਭ ਅੱਛਾ ਨਹੀਂ ਹੈ। ਡੇਰਾ ਬਾਬਾ ਨਾਨਕ ਹਲਕੇ ਤੋਂ ਸੁੱਚਾ ਸਿੰਘ ਲੰਗਾਹ ਅਤੇ ਖੁਸ਼ਹਾਲਪੁਰ ਵੱਲੋਂ ਅਕਾਲੀ ਉਮੀਦਵਾਰ ਕਾਹਲੋਂ ਦੀ ਤਕੜੀ ਵਿਰੋਧਤਾ ਕੀਤੀ ਜਾ ਰਹੀ ਹੈ। ਅਕਾਲੀ ਦਲ ਦੀ ਭਾਈਵਾਲ ਪਾਰਟੀ ਬਹੁਜਨ ਸਮਾਜ ਪਾਰਟੀ ਦਾ ਮਾਝੇ ਵਿੱਚ ਕੋਈ ਆਧਾਰ ਨਜ਼ਰ ਨਹੀਂ ਆ ਰਿਹਾ। ਜਿਵੇਂ ਪਹਿਲਾਂ ਭਾਜਪਾ ਪੇਂਡੂ ਖੇਤਰਾਂ ਵਿੱਚ ਅਕਾਲੀ ਦਲ ਦੇ ਮੋਢਿਆਂ ’ਤੇ ਚੜਕੇ ਚੋਣ ਲੜਦੀ ਸੀ ਉਂਜ ਹੀ ਬਸਪਾ ਵੀ ਮਾਝੇ ਵਿੱਚ ਅਕਾਲੀ ਦਲ ਦੇ ਕੁੱਛੜ ਚੜ੍ਹਕੇ ਹੀ ਚੋਣ ਲੜ ਰਹੀ ਹੈ।

ਉਧਰ ਕਿਸਾਨ ਮੋਰਚੇ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿੱਚ ਆਪਣੇ ਪੈਰ ਜਮਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਭਾਜਪਾ ਅਜੇ ਤੱਕ ਆਪਣੇ ਪੈਰ ਜਮਾ ਨਹੀਂ ਸਕੀ। ਪੰਜਾਬ ਦੀਆਂ ਸਾਰੀਆਂ ਸੀਟਾਂ ’ਤੇ ਇਕੱਲਿਆਂ ਚੋਣਾਂ ਲੜਨ ਦਾ ਦਾਅਵਾ ਕਰਨ ਵਾਲੀ ਭਾਜਪਾ ਹੁਣ ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਸੰਯੁਕਤ ਨਾਲ ਮਿਲਕੇ ਮੈਦਾਨ ਵਿੱਚ ਉਤਰ ਤਾਂ ਆਈ ਹੈ ਪਰ ਆਪਣੇ ਨਾਲ-ਨਾਲ ਆਪਣੀਆਂ ਭਾਈਵਾਲ ਪਾਰਟੀਆਂ ਦੀ ਵੀ ਸਿਰਦਰਦੀ ਵਧਾ ਦਿੱਤੀ ਹੈ। ਮਾਝੇ ਦੇ ਤਕਰੀਬਨ ਬਹੁਤੇ ਹਲਕਿਆਂ ਖਾਸ ਕਰਕੇ ਪੇਂਡੂ ਹਲਕਿਆਂ ਤੋਂ ਤਾਂ ਭਾਜਪਾ ਨੂੰ ਉਮੀਦਵਾਰ ਹੀ ਨਹੀਂ ਲੱਭ ਰਹੇ ਅਤੇ ਜਿੱਥੋਂ ਕੁਝ ਹਲਕਿਆਂ ਤੋਂ ਕਾਂਗਰਸ ਤੋਂ ਬਾਗੀ ਹੋ ਕੇ ਆਏ ਆਗੂ ਮਿਲੇ ਵੀ ਸਨ ਉਹਨਾਂ ਵੀ ਦੋ ਕੁ ਦਿਨਾਂ ਵਿੱਚ ਹੱਥਾਂ ’ਚੋਂ ਕਮਲ ਦਾ ਫੁੱਲ ਸੁੱਟਕੇ ਮੁੜ ਕਾਂਗਰਸ ਦੇ ਹੱਥ ਨੂੰ ਫੜ ਲਿਆ। ਗੁਰਦਾਸਪੁਰ ਜਿਲ੍ਹੇ ਦੇ ਸ਼੍ਰੀ ਹਰਗੋਬਿੰਦਪੁਰ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਲਾਡੀ ਕੁਝ ਦਿਨ ਪਹਿਲਾਂ ਕਾਂਗਰਸ ਨੂੰ ਛੱਡ ਭਾਜਪਾ ਵਿੱਚ ਗਏ ਸਨ ਅਤੇ ਦੋ ਦਿਨ ਬਾਅਦ ਵਾਪਸ ਆ ਗਏ।

ਇਸੇ ਤਰ੍ਹਾਂ ਮਜੀਠਾ ਹਲਕੇ ਤੋਂ ਕਾਂਗਰਸ ਦੇ ਸੀਨੀਅਰ ਆਗੂ ਭਗਵੰਤਪਾਲ ਸਿੰਘ ਸੱਚਰ ਚਾਰ ਦਿਨ ਪਹਿਲਾਂ ਟਿਕਟ ਨਾ ਮਿਲਣ ’ਤੇ ਭਾਜਪਾ ਵਿੱਚ ਚਲੇ ਗਏ ਸਨ ਪਰ ਇਕ ਦਿਨ ਬਾਅਦ ਵਾਪਸ ਕਾਂਗਰਸ ਵਿੱਚ ਆ ਗਏ। ਭਾਜਪਾ ਇਹਨਾਂ ਲੀਡਰਾਂ ਨੂੰ ਮੈਦਾਨ ਵਿੱਚ ਉਤਾਰਨਾ ਚਾਹੁੰਦੀ ਸੀ। ਇਸੇ ਤਰ੍ਹਾਂ ਮਾਝੇ ਵਿੱਚ ਭਾਜਪਾ ਅਤੇ ਉਸਦੀਆਂ ਭਾਈਵਾਲ ਪਾਰਟੀਆਂ ਦੀ ਹਾਲਤ ਪਤਲੀ ਨਜ਼ਰ ਆ ਰਹੀ ਹੈ। ਜਿੱਤਣਾ ਤਾਂ ਦੂਰ ਦੀ ਗੱਲ, ਇਹਨਾਂ ਨੂੰ ਤਾਂ ਹਲਕਿਆਂ ਵਿੱਚ ਉਤਾਰਨ ਲਈ ਕੋਈ ਚੰਗੇ ਉਮੀਦਵਾਰ ਵੀ ਨਹੀਂ ਲੱਭ ਰਹੇ। ਪੇਂਡੂ ਖੇਤਰ ਦੇ ਜਿਹਨਾਂ ਹਲਕਿਆਂ ਵਿੱਚ ਭਾਜਪਾ ਵੱਲੋਂ ਉਮੀਦਵਾਰ ਉਤਾਰੇ ਗਏ ਹਨ ਉਹ ਵੀ ਹਾਲ ਹੀ ਵਿੱਚ ਕਿਸੇ ਪਾਸੇ ਕੋਈ ਸਹਾਰਾ ਨਾ ਦਿਸਦਾ ਵੇਖ ਭਾਜਪਾ ਵਿੱਚ ਸ਼ਾਮਲ ਹੋਏ ਹਨ ਅਤੇ ਨਾਲ ਹੀ ਟਿਕਟ ਲੈ ਲੈਂਦੇ ਹਨ। ਭਾਜਪਾ ਦੀ ਹਾਲਤ ਇਹ ਹੈ ਕਿ ਪਾਰਟੀ ਵਿੱਚ ਸ਼ਾਮਲ ਹੁੰਦਿਆਂ ਹੀ ਹਾਰ ਦੇ ਨਾਲ ਟਿਕਟ ਉਹਦੇ ਗਲੇ ਵਿੱਚ ਪਾ ਦਿੰਦੇ ਹਨ।

ਉਧਰ ਆਮ ਆਦਮੀ ਪਾਰਟੀ ਦੀ ਹਾਲਤ ਵੀ ਮਾਝੇ ਵਿੱਚ ਪਤਲੀ ਨਜ਼ਰ ਆ ਰਹੀ ਹੈ ਚੰਦ ਕੁ ਸੀਟਾਂ ’ਤੇ ਉਹ ਜਮਾਨਤ ਬਚਾਉਣ ਵਾਲੀ ਸਥਿਤੀ ਵਿੱਚ ਨਜ਼ਰ ਆ ਰਹੇ ਹਨ। ਪਿਛਲੀਆਂ ਵਿਧਾਨ ਸਭਾ ਸੀਟਾਂ ਵਿੱਚ ਵੀ ਆਪ ਦੇ ਉਮੀਦਵਾਰਾਂ ਦੀਆਂ ਜਿਆਦਾ ਜ਼ਮਾਨਤਾਂ ਜਬਤ ਹੋ ਗਈਆਂ ਸਨ। ਸਿਰਫ ਬਟਾਲੇ ਦੀ ਸੀਟ ਤੋਂ ਗੁਰਪ੍ਰੀਤ ਘੁੱਗੀ ਨੇ ਵੱਡੀ ਟੱਕਰ ਦਿੱਤੀ ਸੀ ਬਾਕੀ ਤਾਂ ਰੱਬ ਆਸਰੇ ਹੀ ਸਨ। ਇਸਵਾਰ ਵੀ ਆਪ ਦੀ ਸਥਿਤੀ ਡਾਵਾਂਡੋਲ ਹੀ ਨਜ਼ਰ ਆ ਰਹੀ ਹੈ। ਭਗਵੰਤ ਮਾਨ ਦੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਹੋਣ ਨਾਲ ਕੀ ਫਰਕ ਪੈਂਦਾ ਹੈ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ। ਕੁਝ ਕੁ ਹਲਕਿਆਂ ਵਿੱਚ ਆਪ ਝਾਤੀਆਂ ਜਰੂਰ ਮਾਰ ਰਹੀ ਹੈ। ਆਪ ਕੋਲ ਬਹੁਤੇ ਹਲਕਿਆਂ ਵਿੱਚ ਲੋਕ ਆਧਾਰ ਵਾਲੇ ਉਮੀਦਵਾਰਾਂ ਦੀ ਘਾਟ ਹੈ।

ਉਧਰ ਸੰਯੁਕਤ ਸਮਾਜ ਮੋਰਚਾ ਵੱਲੋਂ ਅਜੇ ਬਹੁਤੇ ਹਲਕਿਆਂ ਵਿੱਚ ਆਪਣੇ ਉਮੀਦਵਾਰ ਹੀ ਨਹੀਂ ਉਤਾਰੇ ਗਏ। ਸੰਯੁਕਤ ਸਮਾਜ ਮੋਰਚਾ ਪਿੰਡਾਂ ’ਚੋਂ ਕਿਸਾਨੀ ਵੋਟ ਤੋੜੇਗਾ। ਮੋਰਚਾ ਅਤੇ ਭਾਜਪਾ ਤੇ ਉਸਦੀਆਂ ਭਾਈਵਾਲ ਪਾਰਟੀਆਂ ਇਸ ਸਮੇਂ ਪ੍ਰਚਾਰ ਵਿੱਚ ਸਭ ਤੋਂ ਪਿੱਛੇ ਚਲ ਰਹੇ ਹਨ। ਕਈ ਹਲਕਿਆਂ ਵਿੱਚ ਲੋਕ ਕਿਸਾਨਾਂ ਦੇ ਉਮੀਦਵਾਰਾਂ ਦਾ ਇੰਤਜ਼ਾਰ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ