ਮੱਧ ਪ੍ਰਦੇਸ਼ ’ਚ ਵਾਪਰਿਆ ਭਿਆਨਕ ਹਾਦਸਾ, ਮੋਕੇ ’ਤੇ ਹੀ 11 ਲੋਕਾਂ ਦੀ ਮੌਤ

ਬੱਸ ਤੇ ਕਾਰ ਹੋਈ ਭਿਆਨਕ ਟੱਕਰ

ਬੈਤੂਲ (ਏਜੰਸੀ)। ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲੇ ਦੇ ਝੱਲਰ ਥਾਣਾ ਖੇਤਰ ’ਚ ਅੱਜ ਸਵੇਰੇ ਬੱਸ ਅਤੇ ਕਾਰ ਵਿਚਾਲੇ ਹੋਈ ਜ਼ਬਰਦਸਤ ਟੱਕਰ ’ਚ 11 ਲੋਕਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਮੁੱਢਲੀ ਜਾਣਕਾਰੀ ’ਚ ਦੱਸਿਆ ਕਿ ਕਾਰ ਮਹਾਰਾਸ਼ਟਰ ਤੋਂ ਮੱਧ ਪ੍ਰਦੇਸ਼ ਦੇ ਬੈਤੂਲ ਵੱਲ ਆ ਰਹੀ ਸੀ, ਜਦੋਂ ਤੜਕੇ ਝੱਲਰ ਥਾਣਾ ਖੇਤਰ ’ਚ ਕਾਰ ਇਕ ਖਾਲੀ ਬੱਸ ਨਾਲ ਟਕਰਾ ਗਈ। ਹਾਦਸੇ ਵਿੱਚ ਕਾਰ ਵਿੱਚ ਸਵਾਰ 11 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਕੁਝ ਬੱਚੇ ਵੀ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕਾਰ ’ਚ ਮਜ਼ਦੂਰ ਸਵਾਰ ਸਨ, ਜੋ ਮਹਾਰਾਸ਼ਟਰ ਤੋਂ ਮਜ਼ਦੂਰੀ ਕਰਕੇ ਘਰ ਪਰਤ ਰਹੇ ਸਨ।

ਸ਼ਿਵਰਾਜ ਨੇ ਬੈਤੂਲ ਜ਼ਿਲੇ ’ਚ ਸੜਕ ਹਾਦਸੇ ’ਚ 11 ਲੋਕਾਂ ਦੀ ਬੇਵਕਤੀ ਮੌਤ ’ਤੇ ਸੋਗ ਪ੍ਰਗਟ ਕੀਤਾ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬੈਤੂਲ ਜ਼ਿਲੇ ਦੇ ਝੱਲਰ ਥਾਣਾ ਖੇਤਰ ’ਚ ਸੜਕ ਹਾਦਸੇ ’ਚ 11 ਲੋਕਾਂ ਦੀ ਬੇਵਕਤੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ। ਅਧਿਕਾਰਤ ਜਾਣਕਾਰੀ ਮੁਤਾਬਕ ਚੌਹਾਨ ਨੇ ਦੱਸਿਆ ਕਿ ਬੈਤੂਲ ਜ਼ਿਲੇ ਦੇ ਝੱਲਰ ਥਾਣਾ ਖੇਤਰ ’ਚ ਇਕ ਭਿਆਨਕ ਸੜਕ ਹਾਦਸੇ ਦੀ ਦੁਖਦ ਖਬਰ ਮਿਲੀ ਹੈ। ਉਨ੍ਹਾਂ ਵਿਛੜੀਆਂ ਰੂਹਾਂ ਦੀ ਸ਼ਾਂਤੀ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਉਹ ਇਸ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰ ਦੇ ਨਾਲ ਹਨ। ਮੁੱਖ ਮੰਤਰੀ ਨੇ ਕਿਹਾ ਕਿ ਮਿ੍ਰਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 10-10 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ।

ਪ੍ਰਧਾਨ ਮੰਤਰੀ ਨੇ ਦੁੱਖ ਪ੍ਰਗਟ ਕੀਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਦੇ ਬੈਤੁਲ ਜ਼ਿਲੇ ’ਚ ਹੋਏ ਭਿਆਨਕ ਹਾਦਸੇ ’ਚ ਮਾਰੇ ਗਏ ਲੋਕਾਂ ਪ੍ਰਤੀ ਡੂੰਘੀ ਸੰਵੇਦਨਾ ਜ਼ਾਹਰ ਕੀਤੀ ਅਤੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ’ਚੋਂ ਜ਼ਖਮੀਆਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਆਪਣੇ ਟਵੀਟ ’ਚ ਕਿਹਾ ਕਿ ਮੱਧ ਪ੍ਰਦੇਸ਼ ਦੇ ਬੈਤੂਲ ’ਚ ਸੜਕ ਹਾਦਸੇ ’ਚ ਲੋਕਾਂ ਦੀ ਮੌਤ ਬਹੁਤ ਦੁਖਦ ਹੈ, ਪਰਿਵਾਰਕ ਮੈਂਬਰਾਂ ਨਾਲ ਡੂੰਘੀ ਸੰਵੇਦਨਾ। ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ ਦੋ-ਦੋ ਲੱਖ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਸਹਾਇਤਾ ਵਜੋਂ ਦਿੱਤੇ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ