ਕੁਲਬੀਰ ਜ਼ੀਰਾ ਕਾਂਗਰਸ ‘ਚੋਂ ਮੁਅੱਤਲ

Suspended Kulbir Zira Congress

ਪਾਰਟੀ ਦਾ ਅਨੁਸ਼ਾਸਨ ਤੋੜਨ ਕਰਕੇ ਜ਼ੀਰਾ ਖਿਲਾਫ਼ ਕੀਤੀ ਗਈ ਕਾਰਵਾਈ

ਚੰਡੀਗੜ੍ਹ । ਜ਼ੀਰਾ ਹਲਕੇ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਕੁਲਬੀਰ ਸਿੰਘ ਜ਼ੀਰਾ ‘ਤੇ ਇਹ ਕਾਰਵਾਈ ਨਸ਼ੇ ਦੇ ਖ਼ਿਲਾਫ਼ ਖੁੱਲ੍ਹ ਕੇ ਬੋਲਣ ਅਤੇ ਸੀਨੀਅਰ ਪੁਲਿਸ ਅਧਿਕਾਰੀ ਆਈ.ਜੀ. ਛੀਨਾ ਖ਼ਿਲਾਫ਼ ਝੰਡਾ ਬੁਲੰਦ ਕਰਨ ਕਰਕੇ ਕੀਤੀ ਗਈ ਹੈ ਹਾਲਾਂਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਮੁਅੱਤਲੀ ਪਿੱਛੇ ਪਾਰਟੀ ਅਨੁਸ਼ਾਸਨ ਨੂੰ ਤੋੜਨ ਦਾ ਕਾਰਨ ਦੱਸਿਆ ਗਿਆ ਹੈ। ਕੁਲਬੀਰ ਸਿੰਘ ਜ਼ੀਰਾ ਨੂੰ 3 ਦਿਨ ਪਹਿਲਾਂ ਕਾਰਨ ਦੱਸੋ ਨੋਟਿਸ ਦਿੱਤਾ ਗਿਆ ਸੀ, ਜਿਸ ਦਾ ਜੁਆਬ ਬੀਤੀ ਰਾਤ ਮੰਗਲਵਾਰ ਨੂੰ ਜ਼ੀਰਾ ਨੇ ਸੁਨੀਲ ਜਾਖੜ ਨੂੰ ਭੇਜ ਦਿੱਤਾ ਸੀ। ਜਿਸ ਤੋਂ ਬਾਅਦ ਬੁੱਧਵਾਰ ਸਵੇਰੇ ਹੀ ਕੁਲਬੀਰ ਸਿੰਘ ਜ਼ੀਰਾ ਖ਼ਿਲਾਫ਼ ਦੋਸ਼ ਤੈਅ ਕਰਦੇ ਹੋਏ ਉਨ੍ਹਾਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।

jhakhar

ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਵਿਖੇ ਐਲਾਨ ਕੀਤਾ ਕਿ ਕੁਲਬੀਰ ਸਿੰਘ ਜ਼ੀਰਾ ਨੂੰ ਜੇਕਰ ਕੋਈ ਸ਼ਿਕਾਇਤ ਸੀ ਤਾਂ ਉਨ੍ਹਾਂ ਨੂੰ ਪਾਰਟੀ ਦੇ ਪਲੇਟਫ਼ਾਰਮ ‘ਤੇ ਆ ਕੇ ਗੱਲਬਾਤ ਕਰਕੇ ਹੋਏ ਸਾਰਾ ਕੁਝ ਦੱਸਣਾ ਚਾਹੀਦਾ ਸੀ ਪਰ ਸਰਕਾਰੀ ਸਮਾਗਮ ਦੌਰਾਨ ਸਰੇਆਮ ਸਟੇਜ ‘ਤੇ ਇਸ ਤਰ੍ਹਾਂ ਕੀਤਾ ਗਿਆ ਵਿਹਾਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਪਾਰਟੀ ਦਾ ਅਨੁਸ਼ਾਸਨ ਤੋੜਿਆਂ ਹੈ। ਜਿਸ ਕਾਰਨ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਜਾਖੜ ਨੇ ਕਿਹਾ ਕਿ ਉਹ ਵਿਧਾਇਕ ਬਣੇ ਰਹਿਣਗੇ ਅਤੇ ਵਿਧਾਇਕ ਮਾਮਲੇ ਵਿੱਚ ਉਨਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ। ਜਾਖੜ ਨੇ ਇੱਥੇ ਇਹ ਵੀ ਕਿਹਾ ਕਿ ਕੁਲਬੀਰ ਜ਼ੀਰਾ ਵੱਲੋਂ ਲਾਏ ਗਏ ਦੋਸ਼ਾਂ ਬਾਰੇ ਡੀ.ਜੀ.ਪੀ. ਸੁਰੇਸ ਅਰੋੜਾ ਵੱਲੋਂ ਜਾਂਚ ਕਰਨ ਦੇ ਆਦੇਸ਼ ਦੇ ਦਿੱਤੇ ਗਏ ਹਨ ਅਤੇ ਇਸ ਵਿੱਚ ਹਰ ਪਹਿਲੂ ‘ਤੇ ਜਾਂਚ ਹੋਏਗੀ।ਨਸ਼ੇ ਖ਼ਿਲਾਫ਼ ਬੋਲਣਾ ਇੰਨਾ ਜਿਆਦਾ ਮਹਿੰਗਾ ਪਏਗਾ ਤਾਂ ਹੋਰ ਵਿਧਾਇਕ ਕਿਵੇਂ ਬੋਲਣਗੇ, ਇਸ ਸੁਆਲ ‘ਤੇ ਜਾਖੜ ਨੇ ਕਿਹਾ ਕਿ ਹਰ ਵਿਧਾਇਕ ਨੂੰ ਆਪਣੀ ਗਲ ਰੱਖਣ ਜਾਂ ਫਿਰ ਸ਼ਿਕਾਇਤ ਕਰਨ ਦਾ ਅਧਿਕਾਰ ਹੈ ਪਰ ਇਸ ਲਈ ਪਾਰਟੀ ਦਾ ਪਲੇਟਫਾਰਮ ਹੈ। ਜਿਥੇ ਗੱਲਬਾਤ ਕੀਤੀ ਜਾ ਸਕਦੀ ਸੀ ਪਰ ਕੁਲਬੀਰ ਜ਼ੀਰਾ ਨੇ ਇੰਜ ਨਹੀਂ ਕੀਤਾ ਹੈ। ਜਿਸ ਕਾਰਨ ਉਨਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ, ਇੱਥੇ ਹੀ ਸੁਨੀਲ ਜਾਖੜ ਨੇ ਦੱਸਿਆ ਕਿ ਆਪਣੇ ਕਾਰਨ ਦੱਸੋ ਨੋਟਿਸ ਵਿੱਚ ਕੁਲਬੀਰ ਜ਼ੀਰਾ ਸਟੇਜ ‘ਤੇ ਅਨੁਸ਼ਾਸਨ ਤੋੜਨ ਬਾਰੇ ਸਪਸ਼ਟੀਕਰਨ ਦੇਣ ਵਿੱਚ ਅਸਫ਼ਲ ਸਾਬਤ ਹੋਏ ਹਨ।

ਦਬਾਅ ‘ਚ ਜਾਖੜ ਨੇ ਕੀਤਾ ਮੁਅੱਤਲ, ਰਾਹੁਲ ਤੇ ਸੋਨੀਆ ਗਾਂਧੀ ਨੂੰ ਕਰਾਂਗਾ ਸ਼ਿਕਾਇਤ : ਜ਼ੀਰਾ

ਚੰਡੀਗੜ੍ਹ  ਕਾਂਗਰਸ ਪਾਰਟੀ ਤੋਂ ਮੁਅੱਤਲ ਹੋਏ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਹੁਣ ਬਗਾਵਤ ‘ਤੇ ਉੱਤਰ ਆਏ ਹਨ। ਕੁਲਬੀਰ ਜ਼ੀਰਾ ਨੇ ਸਾਫ਼ ਤੌਰ ‘ਤੇ ਕਿਹਾ ਕਿ ਪਾਰਟੀ ਤੋਂ ਮੁਅੱਤਲ ਕਰਨ ਲਈ ਸੁਨੀਲ ਜਾਖੜ ‘ਤੇ ਦਬਾਅ ਸੀ, ਜਿਸ ਕਾਰਨ ਹੀ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ।
ਜਿਹੜੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਉਨ੍ਹਾਂ ਨੇ ਮੋਰਚਾ ਖੋਲ੍ਹਿਆ ਸੀ, ਉਹ ਸੁਨੀਲ ਜਾਖੜ ਦੇ ਕਰੀਬੀ ਹਨ, ਇਸ ਬਾਰੇ ਸਾਰੀ ਜਾਣਕਾਰੀ ਉਹ ਖ਼ੁਦ ਪਾਰਟੀ ਹਾਈ ਕਮਾਨ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਖ਼ੁਦ ਦਿੱਲੀ ਜਾ ਕੇ ਦੇਣਗੇ।
ਕੁਲਬੀਰ ਜ਼ੀਰਾ ਮੁਅੱਤਲ ਕਰਨ ਦੀ ਖ਼ਬਰ ਮਿਲਣ ਤੋਂ ਬਾਅਦ ਕਾਫ਼ੀ ਜ਼ਿਆਦਾ ਹੈਰਾਨ ਸਨ। ਉਨ੍ਹਾਂ ਕਿਹਾ ਕਿ ਪਾਰਟੀ ਅਤੇ ਸਰਕਾਰ ਨੂੰ ਜਿਹੜੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਸੀ, ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ‘ਤੇ ਉਨ੍ਹਾਂ (ਜ਼ੀਰਾ) ਨੂੰ ਹੀ ਮੁਅੱਤਲ ਕਰ ਦਿੱਤਾ ਹੈ।

 Kulbir Zira

ਜ਼ੀਰਾ ਨੇ ਕਿਹਾ ਕਿ ਹੁਣ ਉਹ ਪਿੱਛੇ ਨਹੀਂ ਹਟਣ ਵਾਲੇ ਅਤੇ ਉਨ੍ਹਾਂ ਦੀ ਨਸ਼ੇ ਖ਼ਿਲਾਫ਼ ਜੰਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਸੱਤਾ ਵਿੱਚ ਹੀ ਨਸ਼ੇ ਦੇ ਮੁੱਦੇ ‘ਤੇ ਆਈ ਸੀ ਅਤੇ ਹੁਣ ਨਸ਼ੇ ਖ਼ਿਲਾਫ਼ ਬੋਲਣ ‘ਤੇ ਉਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀਂ ਹੈ। ਉਨਾਂ ਕਿਹਾ ਕਿ ਪੰਜਾਬ ਵਿੱਚ ਅੱਜ ਵੀ ਨਸ਼ੇ ਦੀ ਵੱਡੀ ਮੱਛੀਆਂ ਬਾਹਰ ਘੁੰਮ ਰਹੀਆਂ ਹਨ। ਉਨਾਂ ਕਾਂਗਰਸ ਪਾਰਟੀ ਪ੍ਰਧਾਨ ਅਤੇ ਸਰਕਾਰ ਤੋਂ ਪੁੱਛਿਆ ਕਿ ਕੀ ਬਿਕਰਮ ਮਜੀਠੀਆ ਫੜੇ ਜਾ ਚੁੱਕੇ ਹਨ ?  ਕੁਲਬੀਰ ਜ਼ੀਰਾ ਨੇ ਕਿਹਾ ਕਿ ਉਹ ਨਸ਼ੇ ਦੇ ਵਪਾਰੀਆ ਖ਼ਿਲਾਫ਼ ਜੰਗ ਜਾਰੀ ਰੱਖਦੇ ਹੋਏ ਉਨ੍ਹਾਂ ਨੂੰ ਸਜ਼ਾ ਦਿਵਾ ਕੇ ਰਹਿਣਗੇ ਪਰ ਪਤਾ ਨਹੀਂ ਕਿਉਂ ਉਨ੍ਹਾਂ ਦੀ ਹੀ ਪਾਰਟੀ ਨੂੰ ਨਸ਼ੇ ਖ਼ਿਲਾਫ਼ ਇਹ ਲੜਾਈ ਪਸੰਦ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਹੇਠਲੇ ਪੱਧਰ ‘ਤੇ ਕੋਈ ਬਦਲਾਓ ਨਹੀਂ ਹੈ ਅਤੇ ਨਸ਼ਾ ਸਰੇਆਮ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣਾ ਪੱਖ ਰੱਖਣ ਲਈ ਸੁਨੀਲ ਜਾਖੜ ਨੂੰ ਫੋਨ ਕੀਤਾ ਸੀ ਅਤੇ ਖ਼ੁਦ ਮਿਲਣ ਲਈ ਵੀ ਗਏ ਸਨ ਪਰ ਸੁਨੀਲ ਜਾਖੜ ਨੇ ਉਨਾਂ ਦਾ ਫੋਨ ਵੀ ਨਹੀਂ ਚੁੱਕਿਆ ਅਤੇ ਉਨਾਂ ਨਾਲ ਮੁਲਾਕਾਤ ਵੀ ਨਹੀਂ ਕੀਤੀ। ਇਸ ਲਈ ਹੁਣ ਉਹ ਕਾਂਗਰਸ ਹਾਈ ਕਮਾਨ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਮਿਲਣ ਲਈ ਦਿੱਲੀ ਜਾਣਗੇ, ਜਿੱਥੇ ਸਾਰੀ ਸਥਿਤੀ ਬਾਰੇ ਜਾਣੂੰ ਕਰਵਾਉਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ