Panjab University: ਪੰਜਾਬ ਯੂਨੀਵਰਸਿਟੀ ’ਚ ਕਰੰਟ ਲੱਗਣ ਨਾਲ PHD ਸਕਾਲਰ ਦੀ ਮੌਤ

ਮੰਗਲਵਾਰ ਸਵੇਰੇ ਕਰੰਟ ਲੱਗਣ ਕਾਰਨ ਵਾਪਰਿਆ ਹਾਦਸਾ

Khushdeep Singh Picture
Published On

Education News: ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ (ਪੀਯੂ) ’ਚ ਮੰਗਲਵਾਰ ਸਵੇਰੇ ਕਰੰਟ ਲੱਗਣ ਕਾਰਨ ਇੱਕ ਪੀਐਚਡੀ ਸਕਾਲਰ ਵਿਦਿਆਰਥਣ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਕੈਂਪਸ ’ਚ ਗੁੱਸੇ ਦਾ ਮਾਹੌਲ ਬਣ ਗਿਆ ਤੇ ਵਿਦਿਆਰਥੀਆਂ ਨੇ ਵਾਈਸ ਚਾਂਸਲਰ (ਵੀਸੀ) ਦੀ ਰਿਹਾਇਸ਼ ਦਾ ਘਿਰਾਓ ਕਰਕੇ ਪ੍ਰਦਰਸ਼ਨ ਕੀਤਾ। ਮ੍ਰਿਤਕਾ ਦੀ ਪਛਾਣ ਹਰਿਆਣਾ ਦੇ ਰੇਵਾੜੀ ਦੀ ਰਹਿਣ ਵਾਲੀ 28 ਸਾਲਾ ਜੋਤੀ ਵਜੋਂ ਹੋਈ ਹੈ, ਜੋ ਪੰਜਾਬ ਯੂਨੀਵਰਸਿਟੀ ਦੇ ਮਾਈਕ੍ਰੋਬਾਇਓਲੋਜੀ ਵਿਭਾਗ ’ਚ ਪੀਐਚਡੀ ਕਰ ਰਹੀ ਸੀ। ਉਹ ਗਰਲਜ਼ ਹੋਸਟਲ ਨੰਬਰ-10 ’ਚ ਰਹਿੰਦੀ ਸੀ। ਯੂਨੀਵਰਸਿਟੀ ਪ੍ਰਸ਼ਾਸਨ ਮੁਤਾਬਕ ਗਰਲਜ਼ ਹੋਸਟਲ-8 ਤੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਯੂਆਈਈਟੀ) ਨੂੰ ਜੋੜਨ ਵਾਲੀ ਸੜਕ ਦੇ ਨਾਲ ਬਣੇ ਕੱਚੇ ਰਸਤੇ ਤੋਂ ਲੰਘਦਿਆਂ ਜੋਤੀ ਅਚਾਨਕ ਜ਼ਮੀਨ ’ਤੇ ਡਿੱਗ ਪਈ।

ਮੌਕੇ ’ਤੇ ਮੌਜੂਦ ਹੋਰ ਵਿਦਿਆਰਥੀ ਉਸ ਦੀ ਮਦਦ ਲਈ ਪਹੁੰਚੇ ਤਾਂ ਉਨ੍ਹਾਂ ਨੂੰ ਕਰੰਟ ਲੱਗਣ ਦਾ ਸ਼ੱਕ ਹੋਇਆ। ਵਿਦਿਆਰਥੀਆਂ ਤੇ ਯੂਨੀਵਰਸਿਟੀ ਦੇ ਕਰਮਚਾਰੀਆਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ੁਰੂਆਤੀ ਜਾਂਚ ’ਚ ਮੌਤ ਦਾ ਕਾਰਨ ਕਰੰਟ ਲੱਗਣਾ ਮੰਨਿਆ ਜਾ ਰਿਹਾ ਹੈ। ਹਾਲਾਂਕਿ ਕਰੰਟ ਦਾ ਸਰੋਤ ਕੀ ਸੀ, ਇਸ ਦੀ ਜਾਂਚ ਚੰਡੀਗੜ੍ਹ ਪੁਲਿਸ ਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ। ਇਹ ਪਤਾ ਲਾਇਆ ਜਾ ਰਿਹਾ ਹੈ ਕਿ ਕਰੰਟ ਬਿਜਲੀ ਦੇ ਖੰਭੇ, ਸਟਰੀਟ ਲਾਈਟ, ਖੁੱਲ੍ਹੀਆਂ ਤਾਰਾਂ ਜਾਂ ਕਿਸੇ ਹੋਰ ਕਾਰਨ ਨਾਲ ਫੈਲਿਆ ਸੀ। ਬਿਜਲੀ ਸਪਲਾਈ ’ਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾ ਦੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਪਰਿਵਾਰ ਦੇ ਪਹੁੰਚਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਜੋਤੀ ਦਾ ਅਗਲੇ ਮਹੀਨੇ ਵਿਆਹ ਹੋਣਾ ਸੀ।

Read Also : Kultar Singh Sandhwan: ਲੈਂਡ ਮੋਰਗੇਜ ਬੈਂਕ ਮਾਮਲਾ, ਸਪੀਕਰ ਕੁਲਤਾਰ ਸੰਧਵਾਂ ਦੇ ਘਰ ਘਿਰਾਓ ਕਰੇਗੀ ਬੀਕੇਯੂ ਏਕਤਾ ਸਿੱਧੂਪੁਰ

ਘਟਨਾ ਤੋਂ ਬਾਅਦ ਵਿਦਿਆਰਥੀਆਂ ’ਚ ਭਾਰੀ ਰੋਸ ਵੇਖਣ ਨੂੰ ਮਿਲਿਆ। ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਸਮੇਤ ਹੋਰ ਵਿਦਿਆਰਥੀਆਂ ਨੇ ਕੈਂਪਸ ’ਚ ਧਰਨਾ ਦਿੱਤਾ ਤੇ ਵੀਸੀ ਦੀ ਰਿਹਾਇਸ਼ ਦਾ ਘਿਰਾਓ ਕੀਤਾ। ਸਥਿਤੀ ਨੂੰ ਵੇਖਦੇ ਹੋਏ ਚੰਡੀਗੜ੍ਹ ਪੁਲਿਸ ਦੇ ਜਵਾਨ ਮੌਕੇ ’ਤੇ ਤਾਇਨਾਤ ਕੀਤੇ ਗਏ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਬਰਸਾਤ ਦੇ ਦਿਨਾਂ ’ਚ ਕੈਂਪਸ ਦੇ ਕਈ ਹਿੱਸਿਆਂ ਵਿੱਚ ਪਾਣੀ ਖੜ੍ਹਾ ਰਹਿੰਦਾ ਹੈ ਤੇ ਬਿਜਲੀ ਦੇ ਖੰਭਿਆਂ ਜਾਂ ਸਟਰੀਟ ਲਾਈਟਾਂ ਵਿੱਚ ਸ਼ਾਰਟ ਸਰਕਟ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਪੂਰੇ ਕੈਂਪਸ ਦਾ ਸੁਰੱਖਿਆ ਆਡਿਟ ਕਰਵਾਉਣ, ਬਿਜਲੀ ਪ੍ਰਬੰਧਾ ਦੀ ਜਾਂਚ ਕਰਨ ਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਰਿਪੋਰਟ ਤੇ ਜਾਂਚ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋ ਸਕੇਗਾ। Education News

About The Author

Related Posts