Punjab
Barnala News: ਪਦਮਸ਼੍ਰੀ ਰਾਜਿੰਦਰ ਗੁਪਤਾ ਦੇ ਭਾਜਪਾ ’ਚ ਜਾਣ ਪਿੱਛੋਂ ਟ੍ਰਾਈਡੈਂਟ ਗਰੁੱਪ ’ਚ ਰਹੱਸਮਈ ਡਰੋਨ ਡਿੱਗਿਆ
ਵਿਸ਼ੇਸ਼ ਸਾਈਬਰ ਅਪਰਾਧ ਟੀਮ ਤੇ ਵੱਡੀ ਗਿਣਤੀ ਪੁੱਜੀ ਪੁਲਿਸ ਫੋਰਸ
ਬਰਨਾਲਾ (ਜਸਵੀਰ ਗਹਿਲ)। ਸੂਬੇ ਦੇ ਮੁੱਖ ਉਦਯੋਗਿਕ ਅਦਾਰੇ ਟ੍ਰਾਈਡੈਂਟ ਗਰੁੱਪ ਦੇ ਧੌਲਾ ਪਲਾਂਟ ’ਚ ਮੰਗਲਵਾਰ ਦੀ ਸਵੇਰ ਇੱਕ ਰਹੱਸਮਈ ਡਰੋਨ ਮਿਲਣ ਨਾਲ ਪੂਰੇ ਇਲਾਕੇ ’ਚ ਭਾਜੜ ਪੈ ਗਈ। ਸਵੇਰੇ ਕਰੀਬ ਸਾਢੇ ਪੰਜ ਵਜੇ ਹੋਈ ਇਸ ਘਟਨਾ ਨੇ ਨਾ ਸਿਰਫ਼ ਪਲਾਂਟ ਪ੍ਰਬੰਧਕਾਂ ਨੂੰ ਚੌਕਸ ਕਰ ਦਿੱਤਾ। ਸਗੋਂ ਜ਼ਿਲ੍ਹਾ ਪੁਲਿਸ ਵੀ ਤੁਰੰਤ ਹਰਕਤ ’ਚ ਆ ਗਈ। ਇਸ ਘਟਨਾ ਨੂੰ ਇਸ ਲਈ ਵੀ ਬੇਹੱਦ ਸੰਵੇਦਨਸ਼ੀਲ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਤੋਂ ਸਿਰਫ਼ 2 ਦਿਨ ਪਹਿਲਾਂ ਹੀ ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮਸ਼੍ਰੀ ਰਾਜਿੰਦਰ ਗੁਪਤਾ ਨੇ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ ਸੀ।
ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਲਗਭਗ 5:30 ਵਜੇ ਟ੍ਰਾਈਡੈਂਟ ਗਰੁੱਪ ਦੇ ਧੌਲਾ ਪਲਾਂਟ ਦੀ ਪੇਪਰ ਡਿਵੀਜ਼ਨ ਦੇ ਵੁੱਡ ਫਾਈਬਰ ਲਾਈਨ ਖੇਤਰ ’ਚ ਕਰਮਚਾਰੀ ਆਪਣੀ ਨਿਯਮਤ ਡਿਊਟੀ ਕਰ ਰਹੇ ਸਨ। ਇਸੇ ਦੌਰਾਨ ਅਚਾਨਕ ਉਨ੍ਹਾਂ ਦੀ ਨਜ਼ਰ ਅਸਮਾਨ ਤੋਂ ਹੇਠਾਂ ਡਿੱਗਦੀ ਇੱਕ ਅਣਪਛਾਤੀ ਵਸਤੂ ’ਤੇ ਪਈ। ਕਰਮਚਾਰੀ ਪਹਿਲਾਂ ਤਾਂ ਘਬਰਾ ਗਏ ਪਰ ਹਿੰਮਤ ਕਰਕੇ ਜਦੋਂ ਉਹ ਉਸ ਵਸਤੂ ਦੇ ਨੇੜੇ ਗਏ ਤਾਂ ਉਨ੍ਹਾਂ ਨੂੰ ਉਹ ਇੱਕ ਡਰੋਨ ਵਰਗੀ ਦਿਖਾਈ ਦਿੱਤੀ। ਮਾਮਲੇ ਦੀ ਗੰਭੀਰਤਾ ਨੂੰ ਭਾਂਪਦਿਆਂ ਕਰਮਚਾਰੀਆਂ ਨੇ ਤੁਰੰਤ ਆਪਣੇ ਸ਼ਿਫਟ ਇੰਚਾਰਜ ਨੂੰ ਇਸ ਦੀ ਸੂਚਨਾ ਦਿੱਤੀ।
Read Also : Patran News: ਗਊਸ਼ਾਲਾ ਦੇ ਸ਼ੈੱਡ ’ਚ ਲੱਗੀ ਭਿਆਨਕ ਅੱਗ, ਹਜ਼ਾਰਾਂ ਟਨ ਤੂੜੀ ਸੜ ਕੇ ਸੁਆਹ
ਸ਼ਿਫਟ ਇੰਚਾਰਜ ਨੇ ਬਿਨਾਂ ਦੇਰੀ ਕੀਤੇ ਪਲਾਂਟ ਦੇ ਐਡਮਿਨ ਹੈੱਡ ਰੁਪਿੰਦਰ ਗੁਪਤਾ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਰੁਪਿੰਦਰ ਗੁਪਤਾ ਤੁਰੰਤ ਮੌਕੇ ’ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਸਾਰੀ ਸੂਚਨਾ ਜ਼ਿਲ੍ਹਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ਼ ਆਲਮ ਨੂੰ ਦਿੱਤੀ। ਪੁਲਿਸ ਮੁਖੀ ਨੇ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਡੀਐੱਸਪੀ ਤਪਾ ਜਸਕਰਨ ਸਿੰਘ ਤੇ ਥਾਣਾ ਰੂੜੇਕੇ ਦੇ ਮੁੱਖ ਅਫ਼ਸਰ ਬਲਵਿੰਦਰ ਸਿੰਘ ਨੂੰ ਮੌਕੇ ’ਤੇ ਰਵਾਨਾ ਕੀਤਾ। ਇਸ ਦੇ ਨਾਲ ਹੀ ਸਾਈਬਰ ਕ੍ਰਾਈਮ ਦੀ ਵਿਸ਼ੇਸ਼ ਟੀਮ ਨੂੰ ਵੀ ਘਟਨਾ ਸਥਾਨ ’ਤੇ ਭੇਜਿਆ ਗਿਆ ਤਾਂ ਜੋ ਡਰੋਨ ਦੀ ਤਕਨੀਕੀ ਜਾਂਚ ਕੀਤੀ ਜਾ ਸਕੇ। ਸਾਈਬਰ ਸੈੱਲ ਦੇ ਮਾਹਿਰ ਨਵਜੋਤ ਚਾਹਲ ਤੇ ਜਸਵੰਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਡਰੋਨ ਦੀ ਬਾਰੀਕੀ ਨਾਲ ਤਕਨੀਕੀ ਜਾਂਚ ਕੀਤੀ।
ਜਾਂਚ ਟੀਮ ਨੇ ਆਲੇ-ਦੁਆਲੇ ਦੇ ਖੇਤਰ ਦਾ ਵੀ ਮੁਆਇਨਾ ਕੀਤਾ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਇਹ ਡਰੋਨ ਕਿੱਥੋਂ ਆਇਆ, ਕਿਸ ਨੇ ਉਡਾਇਆ ਤੇ ਇਸ ਦਾ ਮਕਸਦ ਕੀ ਸੀ। ਪਲਾਂਟ ਦੀ ਸੁਰੱਖਿਆ ਵਿਵਸਥਾ ਦੀ ਵੀ ਡੂੰਘਾਈ ਨਾਲ ਸਮੀਖਿਆ ਕੀਤੀ ਗਈ। ਟ੍ਰਾਈਡੈਂਟ ਗਰੁੱਪ ਇੱਕ ਮੁੱਖ ਤੇ ਵੱਡਾ ਉਦਯੋਗਿਕ ਸਮੂਹ ਹੈ। ਇਸ ਦੇ ਕੰਪਲੈਕਸ ’ਚ ਕਿਸੇ ਅਣਪਛਾਤੇ ਡਰੋਨ ਦਾ ਇਸ ਤਰ੍ਹਾਂ ਡਿੱਗਣਾ ਕੁਦਰਤੀ ਤੌਰ ਤੇ ਡੂੰਘੀ ਚਿੰਤਾ ਦਾ ਵਿਸ਼ਾ ਹੈ। ਇਸ ਘਟਨਾ ਤੋਂ ਬਾਅਦ ਪਲਾਂਟ ਪ੍ਰਬੰਧਕਾਂ ਨੇ ਵੀ ਆਪਣੀ ਅੰਦਰੂਨੀ ਸੁਰੱਖਿਆ ਵਿਵਸਥਾ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ ਤੇ ਆਉਣ ਵਾਲੇ ਦਿਨਾਂ ’ਚ ਸੁਰੱਖਿਆ ਹੋਰ ਸਖ਼ਤ ਕੀਤੇ ਜਾਣ ਦੀ ਸੰਭਾਵਨਾ ਹੈ। Barnala News
About The Author