Patran News: ਗਊਸ਼ਾਲਾ ਦੇ ਸ਼ੈੱਡ ’ਚ ਲੱਗੀ ਭਿਆਨਕ ਅੱਗ, ਹਜ਼ਾਰਾਂ ਟਨ ਤੂੜੀ ਸੜ ਕੇ ਸੁਆਹ
ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਵੱਡੀ ਪੱਧਰ ’ਤੇ ਪਹੁੰਚ ਕੇ ਅੱਗ ’ਤੇ ਪਾਇਆ ਕਾਬੂ
Patran News: ਪਾਤੜਾਂ (ਦੁਰਗਾ ਸਿੰਗਲਾ/ਭੂਸ਼ਨ ਸਿੰਗਲਾ)। ਸਬ ਡਿਵੀਜ਼ਨ ਪਾਤੜਾਂ ਅਧੀਨ ਆਉਂਦੇ ਪਿੰਡ ਦੁਗਾਲ ਵਿਖੇ ਬਣੀ ਗਊਸ਼ਾਲਾ ’ਚ ਗਾਵਾਂ ਦੇ ਚਾਰੇ ਲਈ ਰੱਖੀ ਗਈ ਤੂੜੀ ਦੇ ਗੁਦਾਮ ’ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਵੱਡੀ ਪੱਧਰ ’ਤੇ ਰੱਖੀ ਗਈ ਤੂੜੀ ਸੜਕੇ ਸੁਆਹ ਹੋ ਗਈ। ਸਵੇਰੇ ਤੜਕਸਾਰ ਵਾਪਰੀ ਅਗਜਨੀ ਦੀ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਦੁਗਾਲ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੇ ਨਾਲ-ਨਾਲ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਵੱਡੀ ਪੱਧਰ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਦਾ ਯਤਨ ਕੀਤਾ। ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤੇ ਜਾਣ ’ਤੇ ਸਮਾਣਾ, ਸੁਨਾਮ ਤੇ ਮੂਨਕ ਤੋਂ ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
Read Also : Women's T20 World Cup: ਮਹਿਲਾ ਵਿਸ਼ਵ ਕੱਪ ਲਈ ਇੰਗਲੈਂਡ ਟੀਮ ਦਾ ਐਲਾਨ
ਜਾਣਕਾਰੀ ਅਨੁਸਾਰ ਸਵੇਰੇ ਤੜਕੇ 4 ਵਜੇ ਦੇ ਕਰੀਬ ਤੂੜੀ ਦੇ ਗੁਦਾਮ ’ਚ ਅੱਗ ਲੱਗਣ ਸਬੰਧੀ ਪਤਾ ਲੱਗਿਆ ਜਿਸ ਮਗਰੋਂ ਘਟਨਾ ਸਬੰਧੀ ਪਿੰਡ ਤੇ ਆਸ-ਪਾਸ ਰੌਲਾ ਪੈ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਤੂੜੀ ਲੈ ਕੇ ਆਏ ਇੱਕ ਟਰੱਕ ਦੇ ਟਾਇਰਾਂ ਤੋਂ ਹੋਈ ਰਗੜ ਨਾਲ ਅੱਗ ਲੱਗਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਕਈ ਘੰਟਿਆਂ ਦੀ ਲਗਾਤਾਰ ਮਿਹਨਤ ਮਗਰੋਂ ਦੁਪਹਿਰ ਸਮੇਂ ਅੱਗ ’ਤੇ ਕਾਬੂ ਪਾਇਆ ਜਾ ਸਕਿਆ, ਪਰ ਤੂੜੀ ਨੂੰ ਲੱਗੀ ਹੋਈ ਅੱਗ ਹਾਲੇ ਵੀ ਸੁਲਘ ਰਹੀ ਹੈ। ਇਸ ਦੌਰਾਨ ਗਊਸ਼ਾਲਾ ਵਿਖੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਭਗਤ ਨਰਾਇਣਪੁਰੀ ਨੇ ਦੱਸਿਆ ਕਿ ਇਸ ਗਊਸ਼ਾਲਾ ’ਚ ਹਜ਼ਾਰਾਂ ਦੀ ਗਿਣਤੀ ਵਿੱਚ ਗਾਵਾਂ ਦੀ ਸਾਂਭ-ਸੰਭਾਲ ਕੀਤੀ ਜਾਂਦੀ ਹੈ ਤੇ ਗਊਆਂ ਲਈ ਸਾਰੇ ਸਾਲ ਦੀ ਵਰਤੋਂ ਵਾਸਤੇ ਬਣਾਈ ਗਈ ਹਜ਼ਾਰਾਂ ਟਨ ਤੂੜੀ ਸੜ ਕੇ ਸੁਆਹ ਹੋ ਗਈ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਗਾਵਾਂ ਦੇ ਚਾਰੇ ਲਈ ਤੂੜੀ ਦਾ ਪ੍ਰਬੰਧ ਕਰਨ ਲਈ ਅੱਗੇ ਆਉਣ। Patran News