ED Raid: ਈਡੀ ਵੱਲੋਂ ਪਟਿਆਲਾ, ਨਾਭਾ ਸਮੇਤ 11 ਥਾਵਾਂ ’ਤੇ ਰੇਡ
ਸਾਬਕਾ ਡੀਆਈਜੀ ਹਰਚਰਨ ਭੁੱਲਰ ਮਾਮਲਾ....
ED Raid: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਜ਼ੇਲ੍ਹ ’ਚ ਬੰਦ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਤੇ ਹੋਰਾਂ ਨਾਲ ਸੰਬਧਿਤ ਮਾਮਲਿਆਂ ਸਬੰਧੀ ਇੰਨਰਫੋਰਸਮੈਂਟ ਡਾਇਰੈਕੋਰੇਟ ਵੱਲੋਂ ਅੱਜ ਚੰਡੀਗੜ੍ਹ, ਲੁਧਿਆਣਾ, ਪਟਿਆਲਾ, ਨਾਭਾ ਤੇ ਜਲੰਧਰ ਸਮੇਤ 11 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਪਟਿਆਲਾ ਵਿਖੇ ਈਡੀ ਵੱਲੋਂ ਪ੍ਰਾਪਰਟੀ ਦੇ ਕਾਰੋਬਾਰ ਵਾਲੀ ਬੀਐਚ ਪ੍ਰਾਪਰਟੀਜ ਨਾਂਅ ਦੀ ਇੱਕ ਵੱਡੀ ਤੇ ਪ੍ਰਸਿੱਧ ਫਰਮ ਤੇ ਇੱਥੇ ਰਾਘੋਮਾਜਰਾ ਚੌਂਕ ਦੇ ਨਜ਼ਦੀਕ ਦਫ਼ਤਰ ਤੇ ਇਸ ਦੇ ਮਾਲਕਾਂ ਦੇ ਘਰ ’ਚ ਛਾਪੇਮਾਰੀ ਕੀਤੀ। ਈਡੀ ਦੇ ਅਧਿਕਾਰੀ ਕਈ ਗੱਡੀਆਂ ’ਚ ਇੱਥੇ ਆਏ ਸਨ, ਜ਼ਿਨ੍ਹਾਂ ਵੱਲੋਂ ਕਾਫ਼ੀ ਸਮਾਂ ਇੱਥੇ ਫਰੋਲਾ ਫਰੋਲੀ ਕੀਤੀ ਗਈ।
ਇਸ ਤੋਂ ਇਲਾਵਾ ਨਾਭਾ ਵਿਖੇ ਸਾਬਕਾ ਡੀਜੀਆਈ ਹਰਚਰਨ ਭੁੱਲਰ ਦੇ ਕਥਿਤ ਰਿਸ਼ਵਤ ਮਾਮਲੇ ’ਚ ਦਲਾਲ ਕ੍ਰਿਸ਼ਨੂ ਦੇ ਘਰ ਛਾਪਾ ਮਾਰਿਆ। ਈਡੀ ਵੱਲੋਂ ਪਿਛਲੇ ਸਾਲ ਵੀ ਇੱਥੇ ਛਾਪੇਮਾਰੀ ਕੀਤੀ ਗਈ। ਹਰਚਰਨ ਸਿੰਘ ਭੁੱਲਰ ਪਟਿਆਲਾ ਵਿਖੇ ਕਾਫ਼ੀ ਸਮਾਂ ਐਸਐਸਪੀ ਤੇ ਡੀਆਈਜੀ ਵੱਲੋਂ ਸੇਵਾਵਾਂ ਨਿਭਾ ਚੁੱਕੇ ਹਨ ਤੇ ਉਨ੍ਹਾਂ ਦੀ ਬੀਐਚ ਪ੍ਰਾਪਰਟੀ ਨਾਲ ਕਥਿਤ ਤੌਰ ’ਤੇ ਨੇੜਤਾ ਦੀ ਚਰਚਾ ਹੈ। ਕੇਂਦਰੀ ਏਜੰਸੀਆਂ ਨੂੰ ਵੀ ਖਦਸਾ ਹੈ ਕਿ ਉਕਤ ਫਰਮ ਰਾਹੀਂ ਡੀਆਈਜੀ ਵੱਲੋਂ ਪ੍ਰਾਪਰਟੀ ’ਚ ਪੈਸਾ ਇਨਵੈਸਟ ਕੀਤਾ ਹੋ ਸਕਦਾ ਹੈ। ਇਸੇ ਕਾਰਨ ਹੀ ਈਡੀ ਵੱਲੋਂ ਪਟਿਆਲਾ ਵਿਖੇ ਬੀਐਚ ਪ੍ਰਾਪਰਟੀ ’ਤੇ ਰੇਡ ਕੀਤੀ ਜਾ ਰਹੀ ਹੈ।
ਉਂਜ ਭਾਵੇਂ ਕਿ ਈਡੀ ਅਧਿਕਾਰੀਆਂ ਵੱਲੋਂ ਇੱਥੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਜਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ ਵਿੱਚ, ਸੀਬੀਆਈ ਨੇ ਗ੍ਰਿਫ਼ਤਾਰ ਤੇ ਮੁਅੱਤਲ ਪੰਜਾਬ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਹਰਚਰਨ ਸਿੰਘ ਭੁੱਲਰ ਖਿਲਾਫ ਆਮਦਨ ਤੋਂ ਵੱਧ ਜਾਇਦਾਦਾਂ ਦਾ ਇੱਕ ਨਵਾਂ ਮਾਮਲਾ ਦਰਜ ਕੀਤਾ, ਜਿਸ ’ਚ ਆਮਦਨ ਦੇ ਜਾਣੇ-ਪਛਾਣੇ ਸਰੋਤ ਤੋਂ ਜ਼ਿਆਦਾ ਜਾਇਦਾਦਾਂ ਹਾਸਲ ਕਰਨਾ ਸ਼ਾਮਲ ਹੈ। ਸੀਬੀਆਈ ਨੇ ਭੁੱਲਰ ਨੂੰ ਪੰਜ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਸੀ। ED Raid
ਹਾਲਾਂਕਿ, ਬਾਅਦ ਦੀਆਂ ਤਲਾਸ਼ੀਆਂ ਦੌਰਾਨ, ਸੀਬੀਆਈ ਨੇ 7.5 ਕਰੋੜ ਰੁਪਏ ਦੀ ਨਕਦੀ, 2.5 ਕਿਲੋਗ੍ਰਾਮ ਸੋਨੇ ਦੇ ਗਹਿਣੇ, 26 ਲਗਜ਼ਰੀ ਘੜੀਆਂ, ਮਹਿੰਗੀਆਂ ਕਾਰਾਂ ਅਤੇ ਅਚੱਲ ਜਾਇਦਾਦ ਦੇ ਦਸਤਾਵੇਜ਼ ਬਰਾਮਦ ਕੀਤੇ। ਜਾਂਚ ਏਜੰਸੀ ਨੇ ਆਮਦਨ ਤੋਂ ਵੱਧ ਜਾਇਦਾਦ ਦਾ ਇੱਕ ਨਵਾਂ ਮਾਮਲਾ ਦਰਜ ਕੀਤਾ, ਜਿਸ ਵਿੱਚ ਆਮਦਨ ਦੇ ਜਾਣੇ-ਪਛਾਣੇ ਸਰੋਤ ਤੋਂ ਵੱਧ ਜਾਇਦਾਦ ਹਾਸਲ ਕਰਨਾ ਸ਼ਾਮਲ ਹੈ। 2009 ਬੈਚ ਦੇ ਇੱਕ ਆਈਪੀਐਸ ਅਧਿਕਾਰੀ, ਭੁੱਲਰ ਨੂੰ 11 ਅਕਤੂਬਰ ਨੂੰ ਇੱਕ ਸ਼ਿਕਾਇਤ ਤੋਂ ਬਾਅਦ ਚੰਡੀਗੜ੍ਹ ਸਥਿਤ ਉਸਦੇ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਕਿ ਅਧਿਕਾਰੀ ਨੇ ਸ਼ਿਕਾਇਤਕਰਤਾ ਵਿਰੁੱਧ ਦਰਜ ਐਫਆਈਆਰ ਦਾ ਨਿਪਟਾਰਾ ਕਰਨ ਲਈ ਇੱਕ ਵਿਚੋਲੇ ਰਾਹੀਂ ਕਥਿਤ ਤੌਰ ’ਤੇ ਰਿਸ਼ਵਤ ਮੰਗੀ ਸੀ।