Punjab Power Cut: ਤਪਦੀ ਗਰਮੀ ’ਚ ਵਧੀਆਂ ਮੁਸ਼ਕਲਾਂ, ਪੰਜਾਬ ’ਚ ਤਿੰਨ ਦਿਨ ਹੋਰ ਬਿਜਲੀ ਕੱਟ, ਜਾਣੋ ਕਦੋਂ ਮਿਲੇਗੀ ਰਾਹਤ
ਬਿਜਲੀ ਕੱਟ ਲਾਉਣ ਦੇ ਸਮੇਂ ’ਚ ਕੀਤੀ ਕਟੌਤੀ, ਪਹਿਲਾਂ ਨਾਲੋਂ ਘੱਟ ਲੱਗਣਗੇ ਕੱਟ
Punjab Power Cut: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ’ਚ ਲੱਗ ਰਹੇ ਬਿਜਲੀ ਕੱਟ ਅਗਲੇ ਤਿੰਨ-ਚਾਰ ਦਿਨ ਹੋਰ ਜਾਰੀ ਰਹਿਣਗੇ, ਇੱਕ ਮਈ ਤੋਂ ਹੀ ਲੋਕਾਂ ਨੂੰ ਬਿਜਲੀ ਦੇ ਕੱਟਾਂ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਵੀ ਇਨ੍ਹਾਂ ਬਿਜਲੀ ਕੱਟ ਸਬੰਧੀ ਬੇਬਸ ਹੈ, ਕਿਉਂਕਿ ਸਪਲਾਈ ਤੇ ਡਿਮਾਂਡ ’ਚ 12 ਫੀਸਦੀ ਤੱਕ ਦਾ ਫਰਕ ਆ ਰਿਹਾ ਹੈ ਤੇ ਇਸ ਫਰਕ ਨੂੰ ਖ਼ਤਮ ਕਰਨ ਲਈ ਸਰਕਾਰ ਨੂੰ 4 ਦਿਨ ਤੱਕ ਦਾ ਸਮਾਂ ਚਾਹੀਦਾ ਹੈ। ਇਸ ਨਾਲ ਹੀ ਜਿਹੜੇ ਬਿਜਲੀ ਕੱਟ 8 ਘੰਟੇ ਦੇ ਲੱਗ ਰਹੇ ਸਨ, ਉਨ੍ਹਾਂ ਨੂੰ 4 ਘੰਟੇ ਕਰ ਦਿੱਤਾ ਹੈ, ਤੇ ਕਈ ਸ਼ਹਿਰਾਂ ’ਚ ਇਹ ਬਿਜਲੀ ਕੱਟ ਬਿਲਕੁਲ ਹੀ ਖ਼ਤਮ ਕਰ ਦਿੱਤੇ ਗਏ ਹਨ।
ਪੰਜਾਬ ਦੇ ਰਿਹਾਇਸੀ ਇਲਾਕੇ ’ਚ ਬਿਜਲੀ ਦੇ ਕੱਟ ਨਾ ਲੱਗਣ, ਇਸ ਲਈ ਪੰਜਾਬ ਦੀ ਇੰਡਸਟਰੀਜ਼ ਨੂੰ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਓਪਨ ਮਾਰਕਿਟ ’ਚੋਂ ਸਿੱਧੀ ਬਿਜਲੀ ਖਰੀਦ ਕਰਨ ਦੀ ਇਜ਼ਾਜਤ ਦੇ ਦਿੱਤੀ ਗਈ ਹੈ, ਇਸ ਖਰੀਦ ਸਬੰਧੀ ਲੱਗਣ ਵਾਲੇ ਹਰ ਤਰ੍ਹਾਂ ਦੇ ਟੈਕਸ ਸਰਕਾਰ ਮੁਆਫ਼ ਕਰੇਗੀ ਤੇ ਕੋਈ ਵੀ ਟੈਕਸ ਨਹੀਂ ਲਿਆ ਜਾਏਗਾ। ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਚੰਡੀਗੜ੍ਹ ਵਿਖੇ ਬਿਜਲੀ ਕੱਟਾਂ ਸਬੰਧੀ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਸਰਕਾਰ ਤੇ ਵਿਭਾਗ ਦੀ ਮੈਨੇਜਮੈਂਟ ਬਿਲਕੁਲ ਠੀਕ ਰਹੀ ਹੈ ਤੇ ਇਸ ’ਚ ਕੋਈ ਵੀ ਗਲਤੀ ਨਹੀਂ ਰਹੀ ਹੈ। ਪੰਜਾਬ ’ਚ ਨਹੀਂ ਸਗੋਂ ਦੇਸ਼ ’ਚ ਅਚਾਨਕ ਵਧੀ ਗਰਮੀ ਕਰਕੇ ਕਈ ਸੂਬੇ ਬੇਹਾਲ ਹੋ ਗਏ ਹਨ ਤੇ ਬਿਜਲੀ ਦੀ ਡਿਮਾਂਡ ’ਚ ਵੱਡਾ ਫਰਕ ਨਜ਼ਰ ਆ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 25 ਅਪਰੈਲ 2025 ਨੂੰ 10 ਹਜ਼ਾਰ 715 ਮੈਗਾਵਾਟ ਬਿਜਲੀ ਦੀ ਡਿਮਾਂਡ ਸੀ ਤਾਂ ਇਸ ਸਾਲ 25 ਅਪਰੈਲ 2026 ਨੂੰ 12 ਹਜ਼ਾਰ 25 ਮੈਗਾਵਾਟ ਬਿਜਲੀ ਦੀ ਡਿਮਾਂਡ ਰਹੀ ਹੈ, ਜਿਹੜੀ ਕਿ ਪਿਛਲੇ ਸਾਲ ਨਾਲੋਂ 12 ਫੀਸਦੀ ਜਿਆਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗ 2-3 ਫੀਸਦੀ ਫਰਕ ਨੂੰ ਲੈ ਕੇ ਚਲਦੇ ਹਨ, ਜਦੋਂ ਕਿ ਇੱਥੇ ਅਚਾਨਕ 12 ਫੀਸਦੀ ਦਾ ਫਰਕ ਆਇਆ ਹੈ। ਉਨ੍ਹਾਂ ਕਿਹਾ ਕਿ ਕਾਫ਼ੀ ਥਾਂਵਾ ’ਤੇ ਬਿਜਲੀ ਦੀ ਰਿਪੇਅਰ ਦਾ ਕੰਮ ਚਲ ਰਿਹਾ ਸੀ ਤਾਂ ਉਥੇ ਰਿਪੇਅਰ ਕਰਕੇ ਬਿਜਲੀ ਨੂੰ ਬੰਦ ਕੀਤਾ ਗਿਆ ਸੀ। ਉਨਾਂ ਕਿਹਾ ਕਿ ਸਰਕਾਰ ਵੱਲੋਂ ਬਿਜਲੀ ਸਬੰਧੀ ਪੂਰੀ ਤਿਆਰੀ ਕੀਤੀ ਹੋਈ ਸੀ ਪਰ ਗਰਮੀ ਕਰਕੇ ਇਸ ਤਿਆਰੀ ’ਚ ਕੁਝ ਪਰੇਸ਼ਾਨੀ ਆਈ ਹੈ।
Read Also : ਅਪਰੈਲ ਦੇ ਆਖਰੀ ਦਿਨਾਂ ’ਚ ਪਵੇਗਾ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਉਨਾਂ ਕਿਹਾ ਕਿ ਜਿਹੜੀ ਡਿਮਾਂਡ ਮਈ ’ਚ ਆਉਣ ਦੀ ਸੰਭਾਵਨਾ ਸੀ, ਉਹ ਅਪਰੈਲ ’ਚ ਆ ਗਈ ਹੈ ਤਾਂ ਕਰਕੇ ਹੀ ਬਿਜਲੀ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਵੀ ਜਲਦ ਹੀ ਦੂਰ ਕਰ ਦਿੱਤਾ ਜਾਏਗਾ। ਸੰਜੀਵ ਅਰੋੜਾ ਨੇ ਦੱਸਿਆ ਕਿ ਇੰਡਸਟਰੀਜ਼ ਤੋਂ ਬਿਜਲੀ ਦੀ ਖਪਤ ਨੂੰ ਬਚਾਉਣ ਲਈ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਬਿਜਲੀ ਦੀ ਸਪਲਾਈ ਸਿੱਧੀ ਪ੍ਰਾਈਵੇਟ ਗ੍ਰਿਡ ਜਾਂ ਓਪਨ ਮਾਰਕਿਟ ਤੋਂ ਲੈਣ ਦੀ ਇਜ਼ਾਜਤ ਦੇ ਦਿੱਤੀ ਗਈ ਹੈ। ਇਸ ਸਿੱਧੀ ਸਪਲਾਈ ਦੌਰਾਨ ਸਰਕਾਰ ਕਿਸੇ ਵੀ ਤਰ੍ਹਾਂ ਦੀ ਟੈਕਸ ਨਹੀਂ ਲਏਗੀ। ਜਿਸ ਨਾਲ ਉਦਯੋਗਤੀ ਟੈਕਸ ਦੇ ਡਰ ਤੋਂ ਬਿਨਾਂ ਬਿਜਲੀ ਦੀ ਸਪਲਾਈ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਹੀ ਪੰਜਾਬ ’ਚ ਕਾਫ਼ੀ ਜਿਆਦਾ ਬਿਜਲੀ ਦੀ ਡਿਮਾਂਡ ’ਚ ਗਿਰਾਵਟ ਦਰਜ਼ ਕੀਤੀ ਜਾਏਗੀ।
‘10 ਰੁਪਏ ’ਚ ਵੀ ਖਰੀਦਣ ਨੂੰ ਤਿਆਰ ਹਾਂ ਬਿਜਲੀ’
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਆਮ ਲੋਕਾਂ ਨੂੰ ਮੁਫ਼ਤ ਬਿਜਲੀ ਦੀ ਸਪਲਾਈ ਚਾਲੂ ਰੱਖਣ ਲਈ ਸਰਕਾਰ 10 ਰੁਪਏ ਪ੍ਰਤੀ ਯੂਨਿਟ ਵੀ ਬਿਜਲੀ ਖਰੀਦਣ ਨੂੰ ਤਿਆਰ ਹੈ। ਉਨਾਂ ਕਿਹਾ ਕਿ ਮਾਰਕਿਟ ’ਚ 10 ਰੁਪਏ ਤੋਂ ਜਿਆਦਾ ਬਿਜਲੀ ਨਹੀਂ ਵੇਚੀ ਜਾ ਸਕਦੀ ਹੈ ਅਤੇ ਹਮੇਸ਼ਾ ਹੀ ਇਸ ਤੋਂ ਘੱਟ ਰੇਟ ਰਹਿੰਦਾ ਹੈ ਪਰ ਫਿਰ ਵੀ ਪੰਜਾਬ ਦੇ ਲੋਕਾਂ ਲਈ ਸਰਕਾਰ 10 ਰੁਪਏ ’ਚ ਵੀ ਬਿਜਲੀ ਖ਼ਰੀਦਣ ਤੋਂ ਪਿੱਛੇ ਨਹੀਂ ਹਟੇਗੀ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਮਿਲਦੀ ਰਹੇਗੀ।