Road Accident: ਟਰੈਕਟਰ ਤੇ ਕੈਂਟਰ ਦੀ ਭਿਆਨਕ ਟੱਕਰ ’ਚ ਟਰੈਕਟਰ ਚਾਲਕ ਦੀ ਮੌਤ
ਕੈਂਟਰ ਚਾਲਕ ਮੌਕੇ ਤੇ ਕੀਤਾ ਗ੍ਰਿਫ਼ਤਾਰ
Road Accident: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਪਿੰਡ ਚੰਦਬਾਜਾ ਨਜ਼ਦੀਕ ਨੈਸ਼ਨਲ ਹਾਈਵੇਅ ’ਤੇ ਟਰਕੈਟਰ ਅਤੇ ਕੈਂਟਰ ਵਿਚਕਾਰ ਹੋਈ ਟੱਕਰ ਦੌਰਾਨ ਟਰੈਕਟਰ ਚਾਲਕ ਦੀ ਮੌਤ ਹੋਣ ਦੀ ਸੂਚਨਾ ਹੈ। ਪੁਲਿਸ ਵੱਲੋਂ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਾਪਤ ਸੂਚਨਾ ਅਨੁਸਾਰ ਸੰਜੇ ਲੋਧੀ ਵੱਲੋਂ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਗਿਆ ਹੈ ਕਿ ਉਸ ਦਾ ਵੱਡਾ ਭਰਾ ਜੈ ਹਿੰਦ ਅਤੇ ਉਹ ਕੰਪਨੀ ਦੀ ਇਕ ਮਸ਼ੀਨ ਟਰੈਕਟਰ ਨਾਲ ਲੈ ਕੇ ਜੀਰੇ ਨੂੰ ਜਾ ਰਿਹਾ ਸੀ ਅਤੇ ਉਹ ਟਰੈਕਟਰ ’ਤੇ ਆਪਣੇ ਭਰਾ ਦੇ ਨਾਲ ਹੀ ਜਾ ਰਿਹਾ ਸੀ। ਪਿੰਡ ਚੰਦਬਾਜਾ ਨਜ਼ਦੀਕ ਇਕ ਕੈਂਟਰ ਚਾਲਕ ਨੇ ਉਨ੍ਹਾਂ ਨੂੰ ਪਿੱਛੋਂ ਦੀ ਜ਼ੋਰ ਨਾਲ ਟੱਕਰ ਮਾਰ ਦਿੱਤੀ ਅਤੇ ਉਹ ਟਰੈਕਟਰ ਸਮੇਤ ਸੜਕ ਦੇ ਕਿਨਾਰੇ ਡਿੱਗ ਗਏ। ਇਸ ਘਟਨਾ ਦੌਰਾਨ ਉਸ ਦਾ ਭਰਾ ਜੈ ਹਿੰਦ ਗੰਭੀਰ ਜਖ਼ਮੀ ਹੋ ਗਿਆ ਅਤੇ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫ਼ਰੀਦਕੋਟ ਦਾਖਲਾ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਦੇ ਭਰਾ ਨੂੰ ਮ੍ਰਿਤਕ ਐਲਾਨ ਦਿੱਤਾ।
ਸੂਚਨਾ ਮਿਲਦੇ ਹੀ ਹਰਦੇਵ ਸਿੰਘ, ਇੰਚਾਰਜ, ਪੁਲਿਸ ਚੌਂਕੀ ਪਿੰਡ ਕਲੇਰ, ਹਾਦਸੇ ਵਾਲੀ ਜਗ੍ਹਾ ’ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਕਾਰਵਾਈ ਕਰਦੇ ਹੋਏ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਦਾ ਕੰਮ ਕੀਤਾ ਅਤੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ’ਚ ਲਿਆ। ਪੁਲਿਸ ਅਧਿਕਾਰੀ ਨੇਦੱਸਿਆ ਕਿ ਇਸ ਮਾਮਲੇ ਵਿਚ ਕੈਂਟਰ ਚਾਲਕ ਮੁਕੇਸ਼ ਕੁਮਾਰ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਖ਼ਿਲਾਫ਼ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਦਰ, ਫ਼ਰੀਦਕੋਟ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਮਾਰੇ ਗਏ ਟਰੈਕਟਰ ਚਾਲਕ ਜੈ ਹਿੰਦ ਦੀ ਲਾਸ਼ ਕਬਜੇ ’ਚ ਲੈ ਲਈ ਗਈ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ। Road Accident
