Heroin Seized Gurdaspur: ਗੁਰਦਾਸਪੁਰ ਪੁਲਿਸ ਨੇ ਨੌਜਵਾਨ ਨੂੰ ਹੈਰੋਇਨ, ਪਿਸਤੌਲ ਤੇ 4 ਜ਼ਿੰਦਾ ਕਾਰਤੂਸ ਸਮੇਤ ਕੀਤਾ ਗ੍ਰਿਫਤਾਰ

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੋੜਾਂ ਰੁਪਏ ਦੀ ਕੀਮਤ ਵਾਲੀ 2 ਕਿਲੋ 184 ਗ੍ਰਾਮ ਹੈਰੋਇਨ ਬਰਾਮਦ

Satinder Mathur  Picture
Published On

Heroin Seized Gurdaspur: ਗੁਰਦਾਸਪੁਰ, (ਸੱਚ ਕਹੂੰ ਨਿਊਜ਼/ਹਿੰ.ਸ.)| ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਗੁਰਦਾਸਪੁਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਗੁਰਦਾਸਪੁਰ ਦੀ ਸਪੈਸ਼ਲ ਬ੍ਰਾਂਚ ਅਤੇ ਥਾਣਾ ਬਹਿਰਾਮਪੁਰ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਦੀਨਾਨਗਰ ਦੇ ਸਰਹੱਦੀ ਇਲਾਕੇ ਵਿੱਚੋਂ ਭਾਰੀ ਮਾਤਰਾ ਵਿੱਚ ਹੈਰੋਇਨ, ਇੱਕ ਨਾਜਾਇਜ਼ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕਰਕੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ 20 ਸਾਲਾ ਨਿਸ਼ਾਨ ਸਿੰਘ ਉਰਫ਼ ਸੋਨੂੰ ਵਾਸੀ ਪਿੰਡ ਮਲੂਕਚੱਕ ਵਜੋਂ ਹੋਈ ਹੈ। ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੋੜਾਂ ਰੁਪਏ ਦੀ ਕੀਮਤ ਵਾਲੀ 2 ਕਿਲੋ 184 ਗ੍ਰਾਮ ਹੈਰੋਇਨ, ਜੋ ਚਾਰ ਪੈਕੇਟਾਂ ਵਿੱਚ ਸੀ, ਤੋਂ ਇਲਾਵਾ ਬਰੇਟਾ ਮਾਰਕਾ .30 ਬੋਰ ਪਿਸਤੌਲ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ: NEET PG Exam: ਜੈਪੁਰ ’ਚ NEET-PG ਪ੍ਰੀਖਿਆ ਦੌਰਾਨ ਬਿਜਲੀ ਗੁੱਲ ਹੋਣ ਕਾਰਨ ਹੰਗਾਮਾ

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਆਦਿਤਿਆ ਨੇ ਦੱਸਿਆ ਕਿ ਪੁਲਿਸ ਟੀਮ ਵੱਲੋਂ ਦੀਨਾਨਗਰ ਦੇ ਸਰਹੱਦੀ ਇਲਾਕੇ ਵਿੱਚ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਸਾਹਮਣੇ ਤੋਂ ਦੋ ਸ਼ੱਕੀ ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ। ਪੁਲਿਸ ਟੀਮ ਨੂੰ ਦੇਖਦਿਆਂ ਹੀ ਦੋਵਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਇੱਕ ਨੌਜਵਾਨ ਖੇਤਾਂ ਦੇ ਰਸਤੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ, ਜਦਕਿ ਡੀਐਸਪੀ ਦੀਨਾਨਗਰ ਰਾਜਿੰਦਰ ਸਿੰਘ ਮਾਨਹਾਸ ਦੀ ਮੌਜੂਦਗੀ ਵਿੱਚ ਪੁਲਿਸ ਟੀਮ ਨੇ ਘੇਰਾਬੰਦੀ ਕਰਕੇ ਨਿਸ਼ਾਨ ਸਿੰਘ ਉਰਫ਼ ਸੋਨੂੰ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ।

ਪੁਲਿਸ ਦੀ ਮੁੱਢਲੀ ਪੁੱਛਗਿੱਛ ਦੌਰਾਨ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਹੈਰੋਇਨ ਅਤੇ ਨਾਜਾਇਜ਼ ਹਥਿਆਰਾਂ ਦੀ ਇਹ ਵੱਡੀ ਖੇਪ ਡਰੋਨ ਰਾਹੀਂ ਪਾਕਿਸਤਾਨੀ ਤਸਕਰਾਂ ਤੋਂ ਸਰਹੱਦ ਪਾਰੋਂ ਮੰਗਵਾਈ ਗਈ ਸੀ। ਇਸ ਖੁਲਾਸੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ ਅਤੇ ਪੁਲਿਸ ਵੱਲੋਂ ਇਸ ਪੂਰੇ ਤਸਕਰੀ ਨੈੱਟਵਰਕ ਦੀਆਂ ਕੜੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਥਾਣਾ ਬਹਿਰਾਮਪੁਰ ਵਿੱਚ ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਫਰਾਰ ਹੋਏ ਦੂਜੇ ਮੁਲਜ਼ਮ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਗ੍ਰਿਫ਼ਤਾਰ ਕੀਤੇ ਗਏ ਨਿਸ਼ਾਨ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਨਸ਼ੇ ਦੀ ਇਹ ਖੇਪ ਅੱਗੇ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ ਅਤੇ ਇਸ ਨੈੱਟਵਰਕ ਵਿੱਚ ਹੋਰ ਕੌਣ-ਕੌਣ ਸ਼ਾਮਲ ਹਨ।

About The Author

Related Posts