Jhotiwala News: ਝੋਟੀਵਾਲਾ ’ਚ ਗਰੀਬ ਕਿਸਾਨ ਦੀ ਜ਼ਮੀਨ ਦਾ ਚੌਥੀ ਵਾਰ ਕਬਜ਼ਾ ਵਰੰਟ ਲਾਗੂ ਨਾ ਹੋਇਆ
ਕਿਰਤੀ ਕਿਸਾਨ ਯੂਨੀਅਨ ਨੇ ਕੀਤਾ ਐਲਾਨ, ਕਿਸੇ ਵੀ ਕੀਮਤ ’ਤੇ ਜ਼ਮੀਨ ਨਹੀਂ ਜਾਣ ਦੇਵਾਂਗੇ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਪਿੰਡ ਝੋਟੀਵਾਲਾ ਦੇ ਕਿਸਾਨ ਹਿੰਮਤ ਸਿੰਘ ਦੀ ਜ਼ਮੀਨ ’ਤੇ ਕਬਜ਼ਾ ਵਰੰਟ ਲਾਗੂ ਕਰਨ ਲਈ ਚੌਥੀ ਵਾਰ ਕੀਤੀ ਗਈ ਕਾਰਵਾਈ ਵੀ ਅਮਲ ’ਚ ਨਹੀਂ ਆ ਸਕੀ। ਕਿਰਤੀ ਕਿਸਾਨ ਯੂਨੀਅਨ ਵੱਲੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਦਾ ਇਕੱਠ ਕਰਕੇ ਵਿਰੋਧ ਪ੍ਰਗਟਾਇਆ ਗਿਆ, ਜਿਸ ਕਾਰਨ ਪ੍ਰਸ਼ਾਸਨ ਕਬਜ਼ਾ ਦਿਵਾਉਣ ਲਈ ਮੌਕੇ ’ਤੇ ਨਹੀਂ ਪਹੁੰਚਿਆ। ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਗੁਰਮੀਤ ਸਿੰਘ ਸੰਗਰਾਹੂਰ ਨੇ ਦੱਸਿਆ ਕਿ ਕਿਸਾਨ ਹਿੰਮਤ ਸਿੰਘ ਨੇ ਪਿੰਡ ਦੇ ਇੱਕ ਆੜ੍ਹਤੀ ਤੋਂ 11 ਲੱਖ ਰੁਪਏ ਕਰਜ਼ਾ ਲਿਆ ਸੀ, ਜਿਸ ਵਿੱਚੋਂ ਉਹ 5 ਲੱਖ ਰੁਪਏ ਪਹਿਲਾਂ ਹੀ ਵਾਪਸ ਕਰ ਚੁੱਕਾ ਹੈ ਤੇ ਬਾਕੀ ਰਕਮ ਵੀ ਅਦਾ ਕਰਨ ਲਈ ਤਿਆਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਰਜ਼ਾ ਦੇਣ ਸਮੇਂ ਆੜ੍ਹਤੀ ਨੇ ਜ਼ਮੀਨ ਦੇ ਦਸਤਾਵੇਜ਼ ਆਪਣੇ ਹੱਕ ’ਚ ਕਰਵਾ ਲਏ ਤੇ ਬਾਅਦ ’ਚ ਅਦਾਲਤ ਤੋਂ ਫ਼ੈਸਲਾ ਲੈ ਕੇ ਹੁਣ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ।
Read Also : Faridkot News: ਕੂੜੇ ਦੇ ਢੇਰਾਂ ਕਾਰਨ ਫ਼ਰੀਦਕੋਟ ’ਚ ਬਿਮਾਰੀਆਂ ਫੈਲਣ ਦਾ ਖ਼ਤਰਾ
ਯੂਨੀਅਨ ਨੇ ਇਸ ਕਾਰਵਾਈ ਨੂੰ ਧੋਖਾਧੜੀ ਕਰਾਰ ਦਿੰਦਿਆਂ ਕਿਹਾ ਕਿ ਕਿਸੇ ਵੀ ਕੀਮਤ ’ਤੇ ਜ਼ਮੀਨ ’ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਕਿੰਗਰਾ ਨੇ ਕਿਹਾ ਕਿ ਕਿਸਾਨ ਬਣਦੀ ਰਕਮ ਵਾਪਸ ਕਰਨ ਲਈ ਤਿਆਰ ਹੈ, ਪਰ ਇੱਕ ਧਨਾਢ ਆੜ੍ਹਤੀ ਉਸ ਦੀ ਜ਼ਮੀਨ ਹਥਿਆਉਣਾ ਚਾਹੁੰਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕਿਸਾਨ ਨੂੰ ਇਸੇ ਤਰ੍ਹਾਂ ਤੰਗ-ਪਰੇਸ਼ਾਨ ਕੀਤਾ ਗਿਆ ਤਾਂ ਯੂਨੀਅਨ ਵੱਲੋਂ ਆਉਣ ਵਾਲੇ ਦਿਨਾਂ ’ਚ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਜਥੇਬੰਦੀ ਹਮੇਸ਼ਾ ਛੋਟੇ ਤੇ ਗਰੀਬ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਕਰਦੀ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜ਼ੂਦਾ ਪ੍ਰਬੰਧ ਧਨਾਢ ਵਰਗ ਦੇ ਹੱਕ ’ਚ ਕੰਮ ਕਰ ਰਿਹਾ ਹੈ ਤੇ ਗਰੀਬ ਕਿਸਾਨ ਦੀ ਗੱਲ ਸੁਣਨ ਲਈ ਕੋਈ ਤਿਆਰ ਨਹੀਂ। ਉਨ੍ਹਾਂ ਦੱਸਿਆ ਕਿ ਹਿੰਮਤ ਸਿੰਘ ਕੋਲ ਸਿਰਫ਼ 10 ਕਨਾਲ ਜ਼ਮੀਨ ਹੈ, ਜਿਸ ’ਤੇ ਉਸ ਦਾ ਰਿਹਾਇਸ਼ੀ ਘਰ ਵੀ ਸਥਿਤ ਹੈ। ਅਜਿਹੀ ਸਥਿਤੀ ਵਿੱਚ ਜ਼ਮੀਨ ਦਾ ਕਬਜ਼ਾ ਖੋਹਣਾ ਉਸ ਨੂੰ ਬੇਜ਼ਮੀਨਾ ਅਤੇ ਬੇਘਰ ਕਰਨ ਦੇ ਬਰਾਬਰ ਹੈ।