Faridkot Murder Case: ਫ਼ਰੀਦਕੋਟ ਪੁਲਿਸ ਨੇ ਕਤਲ ਦਾ ਮਾਮਲਾ 2 ਘੰਟਿਆਂ ’ਚ ਸੁਲਝਾਇਆ, ਮੁਲਜ਼ਮ ਗ੍ਰਿਫ਼ਤਾਰ

ਦਿਨ ਦਿਹਾੜੇ ਹੋਏ ਕਤਲ ਦਾ ਮਾਮਲਾ ਸੁਲਝਿਆ

Khushdeep Singh Picture
Published On

ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਫ਼ਰੀਦਕੋਟ ਪੁਲਿਸ ਨੇ ਦਿਨ-ਦਿਹਾੜੇ ਹੋਏ ਇੱਕ ਕਤਲ ਦੇ ਮਾਮਲੇ ਨੂੰ ਸੁਲਝਾਉਂਦਿਆਂ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਗਿਰਫ਼ਤਾਰ ਵਿਅਕਤੀ ਕੋਲੋਂ ਵਾਰਦਾਤ ’ਚ ਵਰਤੇ ਗਏ ਹਥਿਆਰ ਤੇ ਚੋਰੀ ਕੀਤੀ ਨਕਦੀ ਵੀ ਬਰਾਮਦ ਕਰ ਲਈ ਹੈ। ਐਸਐਸਪੀ ਫ਼ਰੀਦਕੋਟ ਦੀ ਅਗਵਾਈ ਹੇਠ, ਐਸਪੀ (ਇਨਵੈਸਟੀਗੇਸ਼ਨ) ਜੋਗੇਸ਼ਵਰ ਸਿੰਘ ਗੋਰਾਇਆ ਦੀ ਰਹਿਨੁਮਾਈ ਤੇ ਡੀਐਸਪੀ (ਸਬ-ਡਵੀਜ਼ਨ) ਤਰਲੋਚਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣਾ ਸਿਟੀ ਫ਼ਰੀਦਕੋਟ ਦੀ ਪੁਲਿਸ ਟੀਮ ਨੇ ਮੁਹੱਲਾ ਜਾਨੀਆ ’ਚ ਵਾਪਰੀ ਕਤਲ ਦੀ ਵਾਰਦਾਤ ਨੂੰ ਤੇਜ਼ੀ ਨਾਲ ਟਰੇਸ ਕਰਦਿਆਂ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਿਸ ਅਨੁਸਾਰ ਸ਼ਿਕਾਇਤਕਰਤਾ ਪ੍ਰਦੀਪ ਕਾਲੜਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਡਿਊਟੀ ’ਤੇ ਚਲਾ ਗਿਆ ਸੀ, ਜਦਕਿ ਉਸ ਦੀਆਂ ਦੋਵੇਂ ਧੀਆਂ ਸਕੂਲ ਚਲੀਆਂ ਗਈਆਂ ਸਨ ਤੇ ਪਤਨੀ ਨੀਤੂ ਘਰ ’ਚ ਇਕੱਲੀ ਸੀ। ਦੁਪਹਿਰ ਕਰੀਬ 2:10 ਵਜੇ ਜਦੋਂ ਉਹ ਘਰ ਪਰਤਿਆ ਤਾਂ ਕਈ ਵਾਰ ਆਵਾਜ਼ ਮਾਰਨ ਦੇ ਬਾਵਜੂਦ ਪਤਨੀ ਬਾਹਰ ਨਾ ਆਈ। ਇਸ ਤੋਂ ਬਾਅਦ ਉਹ ਆਪਣੀ ਭਰਜਾਈ ਨਾਲ ਘਰ ਅੰਦਰ ਗਿਆ, ਜਿੱਥੇ ਨੀਤੂ ਖੂਨ ਨਾਲ ਲੱਥਪੱਥ ਹਾਲਤ ’ਚ ਬੈੱਡ ਦੇ ਕੋਲ ਡਿੱਗੀ ਹੋਈ ਮਿਲੀ। ਉਸ ਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਘਰ ਦੀ ਅਲਮਾਰੀ ’ਚ ਰੱਖੀ 44 ਹਜ਼ਾਰ ਰੁਪਏ ਦੀ ਨਕਦੀ ਵੀ ਗਾਇਬ ਸੀ। ਉਸ ਨੇ ਸ਼ੱਕ ਜਤਾਇਆ ਕਿ ਪ੍ਰੇਮ ਚੰਦ, ਜੋ ਪਹਿਲਾਂ ਵੀ ਘਰ ਆਉਂਦਾ-ਜਾਂਦਾ ਸੀ ਤੇ ਛੋਟੀਆਂ-ਮੋਟੀਆਂ ਚੋਰੀਆਂ ਕਰ ਚੁੱਕਾ ਸੀ, ਇਸ ਵਾਰਦਾਤ ’ਚ ਸ਼ਾਮਲ ਹੋ ਸਕਦਾ ਹੈ। ਗੁਆਂਢੀ ਵੱਲੋਂ ਵੀ ਦੱਸਿਆ ਗਿਆ ਕਿ ਦੁਪਹਿਰ ਸਮੇਂ ਪ੍ਰੇਮ ਚੰਦ ਨੂੰ ਘਰ ਵਿੱਚੋਂ ਜਲਦੀ-ਜਲਦੀ ਨਿਕਲਦੇ ਦੇਖਿਆ ਗਿਆ ਸੀ।

Read Also : India Wholesale Inflation: ਜੂਨ ’ਚ ਥੋਕ ਮਹਿੰਗਾਈ ਦਰ ਵਧ ਕੇ 9.87 ਫੀਸਦੀ ਹੋਈ

ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪ੍ਰੇਮ ਚੰਦ ਪੁੱਤਰ ਬਦਰੀ ਨਾਥ ਵਾਸੀ ਸੋਢੀਆ ਵਾਲੀ ਗਲੀ, ਮੁਹੱਲਾ ਜਾਨੀਆ, ਫ਼ਰੀਦਕੋਟ ਨੂੰ ਗ੍ਰਿਫ਼ਤਾਰ ਕਰ ਲਿਆ। ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਪਹਿਲਾਂ ਤੋਂ ਬਣਾਈ ਯੋਜਨਾ ਤਹਿਤ ਘਰ ’ਚ ਦਾਖ਼ਲ ਹੋਇਆ ਤੇ ਕਤਲ ਕਰਨ ਤੋਂ ਬਾਅਦ ਨਕਦੀ ਲੈ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਮੁਲਜ਼ਮ ਕੋਲੋਂ ਇੱਕ ਕਟਰ, ਇੱਕ ਕਰਦ ਤੇ 44 ਹਜ਼ਾਰ ਰੁਪਏ ਨਗਦ ਬਰਾਮਦ ਕੀਤੇ ਹਨ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਉਸ ਦੇ ਪਿੱਛੇ ਤੇ ਅੱਗੇ ਦੇ ਸਾਰੇ ਲਿੰਕਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ। ਇਸ ਸਬੰਧੀ ਥਾਣਾ ਸਿਟੀ ਫ਼ਰੀਦਕੋਟ ’ਚ ਮੁਕੱਦਮਾ ਨੰਬਰ 334 ਮਿਤੀ 13 ਜੁਲਾਈ 2026 ਅਧੀਨ ਧਾਰਾਵਾਂ 103, 305 ਤੇ 333 ਬੀਐਨਐਸ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਸ.ਐਸ.ਪੀ. ਫ਼ਰੀਦਕੋਟ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਣ ਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕਿਸੇ ਵੀ ਅਪਰਾਧ ’ਚ ਸ਼ਾਮਲ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਉਸ ਖਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

About The Author

Related Posts