National Dengue Day: ਸਿਹਤ ਵਿਭਾਗ ਵੱਲੋਂ ਰਾਸ਼ਟਰੀ ਡੇਂਗੂ ਦਿਵਸ ਮਨਾਇਆ
ਲੋਕਾਂ ਨੂੰ ਅਪੀਲ ਕੀਤੀ ਕਿ ਕੂਲਰਾਂ, ਫਰਿਜ਼ਾਂ, ਗਮਲਿਆਂ ਅਤੇ ਹੋਰ ਪਾਣੀ ਵਾਲੀਆਂ ਥਾਵਾਂ ਦੀ ਹਰ ਹਫਤੇ ਸਫਾਈ ਕੀਤੀ ਜਾਵੇ
National Dengue Day: (ਗੁਰਪ੍ਰੀਤ ਪੱਕਾ) ਫਰੀਦਕੋਟ। ਸਿਵਲ ਸਰਜਨ ਫਰੀਦਕੋਟ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ “ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ” ਮੁਹਿੰਮ ਅਤੇ ਰਾਸ਼ਟਰੀ ਡੇਂਗੂ ਦਿਵਸ ਨੂੰ ਸਮਰਪਿਤ ਜ਼ਿਲ੍ਹੇ ਭਰ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਡੇਂਗੂ ਵਿਰੋਧੀ ਗਤੀਵਿਧੀਆਂ ਕਰਵਾਈਆਂ ਗਈਆਂ। ਸਥਾਨਕ ਟ੍ਰੇਨਿੰਗ ਅਨੈਕਸੀ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਵਿੱਚ ਫੀਲਡ ਸਟਾਫ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਭਾਗ ਲਿਆ। ਇਸ ਮੌਕੇ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਡਾ. ਪ੍ਰਭਦੀਪ ਸਿੰਘ ਚਾਵਲਾ, ਸੁਧੀਰ ਧੀਰ ਅਤੇ ਲਖਵਿੰਦਰ ਕੈਂਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਡੇਂਗੂ ਦੇ ਪ੍ਰਕੋਪ ਤੋਂ ਬਚਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆਂ ਟੀਮਾਂ ਦਾ ਘਰ-ਘਰ ਜਾ ਕੇ ਸਹਿਯੋਗ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਹਿਮਾਸ਼ੂ ਗੁਪਤਾ ਦੀ ਅਗਵਾਈ ਅਤੇ ਸਿਹਤ ਸੁਪਰਵਾਈਜ਼ਰ ਧਰਮਿੰਦਰ ਸਿੰਘ, ਮਨਦੀਪ ਸਿੰਘ, ਹਰਭਜਨ ਸਿੰਘ ਅਤੇ ਸੁਰੇਸ਼ ਕੁਮਾਰ ਦੀ ਨਿਗਰਾਨੀ ਹੇਠ ਬਣਾਈਆਂ ਟੀਮਾਂ ਵੱਲੋਂ ਘਰਾਂ, ਦੁਕਾਨਾਂ ਅਤੇ ਸਰਕਾਰੀ-ਪ੍ਰਾਈਵੇਟ ਸਕੂਲਾਂ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਮੱਛਰ ਪੈਦਾ ਹੋਣ ਵਾਲੀਆਂ ਥਾਵਾਂ ਦੀ ਜਾਂਚ ਕੀਤੀ ਗਈ ਅਤੇ ਜਿੱਥੇ ਵੀ ਲਾਰਵਾ ਮਿਲਿਆ ਉਸ ਨੂੰ ਨਸ਼ਟ ਕਰਵਾਇਆ ਗਿਆ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਡੇਂਗੂ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਸਾਫ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਦਿਨ ਵੇਲੇ ਕੱਟਦਾ ਹੈ। ਤੇਜ਼ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਚਮੜੀ ’ਤੇ ਦਾਣੇ, ਅੱਖਾਂ ਦੇ ਪਿੱਛੇ ਦਰਦ ਅਤੇ ਨੱਕ ਜਾਂ ਮਸੂੜਿਆਂ ਵਿੱਚੋਂ ਖੂਨ ਆਉਣਾ ਇਸ ਦੇ ਮੁੱਖ ਲੱਛਣ ਹਨ।
ਇਹ ਵੀ ਪੜ੍ਹੋ: PM Modi Norway News: ਆਫਸ਼ੋਰ ਵਿੰਡ ਤੋਂ ਗ੍ਰੀਨ ਤਕਨਾਲੋਜੀ ਤੱਕ, ਭਾਰਤ ਅਤੇ ਨਾਰਵੇ ਨੇ ਪੰਜ ਵੱਡੇ ਰਣਨੀਤਕ ਸਮਝੌਤਿਆਂ 'ਤੇ ਕੀਤੇ ਦਸਤਖਤ
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੂਲਰਾਂ, ਫਰਿਜ਼ਾਂ, ਗਮਲਿਆਂ ਅਤੇ ਹੋਰ ਪਾਣੀ ਵਾਲੀਆਂ ਥਾਵਾਂ ਦੀ ਹਰ ਹਫਤੇ ਸਫਾਈ ਕੀਤੀ ਜਾਵੇ। ਛੱਤਾਂ ਉੱਤੇ ਪਾਣੀ ਦੀਆਂ ਟੈਂਕੀਆਂ, ਟੁੱਟੇ ਬਰਤਨ, ਡਰੰਮ ਅਤੇ ਪੁਰਾਣੇ ਟਾਇਰ ਖੁੱਲ੍ਹੇ ਵਿੱਚ ਨਾ ਰੱਖੇ ਜਾਣ ਤਾਂ ਜੋ ਪਾਣੀ ਇਕੱਠਾ ਨਾ ਹੋ ਸਕੇ। ਸਰੀਰ ਨੂੰ ਢੱਕਣ ਵਾਲੇ ਕੱਪੜੇ ਪਹਿਨਣ, ਮੱਛਰਦਾਨੀ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਜਾਂ ਤੇਲ ਦੀ ਵਰਤੋਂ ਕਰਨ ਦੀ ਵੀ ਸਲਾਹ ਦਿੱਤੀ ਗਈ।
ਡੇਂਗੂ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਇਸ ਮੌਕੇ ਤਰਲੋਕ ਸਿੰਘ, ਜਗਵਿੰਦਰ ਸਿੰਘ, ਕੁਲਦੀਪ ਕੌਰ, ਬਲਵਿੰਦਰ ਸਿੰਘ ਅਤੇ ਵਿਕਰਮ ਵੀ ਹਾਜ਼ਰ ਸਨ।