Safai Karamchari Protest: ਭਾਵਾਧਸ ਵੱਲੋਂ ਨਗਰ ਕੌਂਸਲ ਫਰੀਦਕੋਟ ਦੇ ਹੜਤਾਲੀ ਸਫਾਈ ਕਰਮਚਾਰੀਆਂ ਦੀ ਹਿਮਾਇਤ

ਸਫਾਈ ਕਰਮਚਾਰੀਆਂ ਦੀਆਂ ਹੱਕੀੋ ਮੰਗਾਂ ਜਲਦ ਮੰਨੇ ਸਰਕਾਰ : ਓਮ ਪ੍ਰਕਾਸ਼ ਬੋਹਤ

Satinder Mathur  Picture
Published On

Safai Karamchari Protest: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਜ਼ਿਲ੍ਹਾ ਸੰਗਠਨ ਫਰੀਦਕੋਟ ਦੀ ਟੀਮ ਵੱਲੋਂ ਨਗਰ ਕੌਂਸਲ ਫਰੀਦਕੋਟ ’ਚ ਚੱਲ ਰਹੀ ਸਫਾਈ ਕਰਮਚਾਰੀਆਂ ਦੀ ਹੜਤਾਲ ਵਿੱਚ ਸ਼ਿਰਕਤ ਕਰਦਿਆਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦਾ ਸਮਰਥਨ ਕੀਤਾ ਗਿਆ। ਇਸ ਮੌਕੇ ਭਾਵਾਧਸ ਦੇ ਆਲ ਇੰਡੀਆ ਜਨਰਲ ਸਕੱਤਰ ਵੀਰ ਸ੍ਰੇਸ਼ਟ ਓਮ ਪ੍ਰਕਾਸ਼ ਬੋਹਤ ਦੇ ਦਿਸ਼ਾ-ਨਿਰਦੇਸ਼ ਹੇਠ ਜ਼ਿਲ੍ਹਾ ਪ੍ਰਧਾਨ ਕਿਸ਼ੋਰ ਨਾਗਵੰਸ਼ ਅਤੇ ਜ਼ਿਲ੍ਹਾ ਜਨਰਲ ਸਕੱਤਰ ਜੀਤੇਂਦਰ ਕੁਮਾਰ ਹੰਸ ਦੀ ਅਗਵਾਈ ਵਿੱਚ ਟੀਮ ਹੜਤਾਲ ਸਥਾਨ ’ਤੇ ਪਹੁੰਚੀ। 

ਇਸ ਦੌਰਾਨ ਸੰਬੋਧਨ ਕਰਦਿਆਂ ਓਮ ਪ੍ਰਕਾਸ਼ ਬੋਹਤ ਨੇ ਕਿਹਾ ਕਿ ਨਗਰ ਕੌਂਸਲਾਂ ਵਿੱਚ ਆਊਟਸੋਰਸ ਅਤੇ ਠੇਕੇਦਾਰੀ ਪ੍ਰਣਾਲੀ ਹੇਠ ਕੰਮ ਕਰ ਰਹੇ ਸਫਾਈ ਅਤੇ ਸੀਵਰੇਜ਼ ਕਰਮਚਾਰੀ ਸ਼ਹਿਰ ਦੀ ਸਫਾਈ ਅਤੇ ਲੋਕ ਸਿਹਤ ਲਈ ਦਿਨ-ਰਾਤ ਸੇਵਾਵਾਂ ਨਿਭਾ ਰਹੇ ਹਨ, ਪਰ ਉਹ ਖੁਦ ਬੁਨਿਆਦੀ ਹੱਕਾਂ ਅਤੇ ਸਹੂਲਤਾਂ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਘੱਟ ਤਨਖਾਹਾਂ ਕਾਰਨ ਕਰਮਚਾਰੀਆਂ ਲਈ ਪਰਿਵਾਰ ਦਾ ਗੁਜ਼ਾਰਾ ਕਰਨਾ ਅਤੇ ਬੱਚਿਆਂ ਨੂੰ ਉੱਚ ਸਿੱਖਿਆ ਦਿਵਾਉਣਾ ਮੁਸ਼ਕਿਲ ਬਣਿਆ ਹੋਇਆ ਹੈ।

Safai Karamchari Protest
Safai Karamchari Protest: ਭਾਵਾਧਸ ਵੱਲੋਂ ਨਗਰ ਕੌਂਸਲ ਫਰੀਦਕੋਟ ਦੇ ਹੜਤਾਲੀ ਸਫਾਈ ਕਰਮਚਾਰੀਆਂ ਦੀ ਹਿਮਾਇਤ

ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਫਾਈ ਕਰਮਚਾਰੀਆਂ ਦੇ ਸੰਘਰਸ਼ ਅਤੇ ਸਮੱਸਿਆਵਾਂ ਨੂੰ ਸਮਝਦੇ ਹੋਏ ਉਨ੍ਹਾਂ ਦਾ ਸਾਥ ਦੇਣ। 

ਜੀਤੇਂਦਰ ਕੁਮਾਰ ਹੰਸ ਨੇ ਕਿਹਾ ਕਿ ਸਾਰੇ ਸਫਾਈ ਕਰਮਚਾਰੀਆਂ ਦੀਆਂ ਨੌਕਰੀਆਂ ਬਿਨਾਂ ਸ਼ਰਤ ਪੱਕੀਆਂ ਕੀਤੀਆਂ ਜਾਣ ਅਤੇ ਉਨ੍ਹਾਂ ਦੇ ਬੱਚਿਆਂ ਲਈ ਮੁਫ਼ਤ ਤੇ ਚੰਗੀ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਸਫਾਈ ਕਰਮਚਾਰੀਆਂ ਨਾਲ ਵਿਤਕਰਾ ਹੁੰਦਾ ਆ ਰਿਹਾ ਹੈ, ਜਿਸਨੂੰ ਖਤਮ ਕਰਨਾ ਸਮੇਂ ਦੀ ਲੋੜ ਹੈ। ਜ਼ਿਲ੍ਹਾ ਪ੍ਰਧਾਨ ਕਿਸ਼ੋਰ ਨਾਗਵੰਸ਼ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਲਈ ਸਿਹਤ ਬੀਮਾ ਵੀ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਬਿਮਾਰੀ ਦੀ ਸਥਿਤੀ ਵਿੱਚ ਉਨ੍ਹਾਂ ਦਾ ਢੰਗ ਨਾਲ ਇਲਾਜ ਹੋ ਸਕੇ। ਇਸੇ ਤਰ੍ਹਾਂ ਨਗਰ ਕੌਂਸਲ ਦੇ ਪ੍ਰਧਾਨ ਪ੍ਰਦੀਪ ਕੁਮਾਰ ਕਾਉ ਅਤੇ ਸੰਤ ਰਾਮ ਨੇ ਵੀ ਸਰਕਾਰ ਤੋਂ ਸਾਰੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ: Uttarakhand Rainfall: ਟੀਹਰੀ ’ਚ ਭਾਰੀ ਮੀਂਹ ਕਾਰਨ ਤਬਾਹੀ, ਭਾਰੀ ਨੁਕਸਾਨ

ਇਸ ਮੌਕੇ ਭਾਵਾਧਸ ਦੇ ਆਗੂਆਂ ਨੇ ਸਫਾਈ ਕਰਮਚਾਰੀਆਂ ਲਈ ਸਰਕਾਰੀ ਕੁਆਰਟਰ, ਸਸਤੇ ਵਿਆਜ਼ ’ਤੇ ਘਰ ਬਣਾਉਣ ਲਈ ਕਰਜ਼ਾ ਅਤੇ ਹੋਰ ਭਲਾਈ ਸਕੀਮਾਂ ਲਾਗੂ ਕਰਨ ਦੀ ਵੀ ਮੰਗ ਕੀਤੀ। ਇਸ ਮੌਕੇ ਓਮ ਪ੍ਰਕਾਸ਼ ਬੋਹਤ, ਕਿਸ਼ੋਰ ਨਾਗਵੰਸ਼, ਜੀਤੇਂਦਰ ਕੁਮਾਰ ਹੰਸ, ਰਵੀ ਕੁਮਾਰ, ਸਤਪਾਲ, ਵਿਨੋਦ ਕੁਮਾਰ, ਡਾ. ਜਗਰੂਪ ਸਿੰਘ, ਬਿੰਦਰ ਕੁਮਾਰ, ਦਾਸ, ਮਿੰਟੂ ਗਾਂਧੀ, ਹਰੀਰਾਮ ਅਤੇ ਟਿੰਕੂ ਸਮੇਤ ਹੋਰ ਆਗੂ ਅਤੇ ਕਰਮਚਾਰੀ ਹਾਜ਼ਰ ਸਨ।

About The Author

Related Posts