Punjab
Punjab Electricity Bill: ਗਲਤ ਬਿੱਲਾਂ ਕਰਕੇ ਨਹੀਂ ਕੱਟੇ ਜਾਣਗੇ ਬਿਜਲੀ ਕੁਨੈਕਸ਼ਨ
ਲੱਖਾਂ ਰੁਪਏ ਦੇ ਬਿਜਲੀ ਬਿੱਲਾਂ ਤੋਂ ਪਰੇਸ਼ਾਨ ਲੋਕਾਂ ਨੂੰ ਵੱਡੀ ਰਾਹਤ, ਬਿੱਲਾਂ ਦੀ ਹੋਏਗੀ ਜਾਂਚ
ਚੰਡੀਗੜ੍ਹ (ਅਸ਼ਵਨੀ ਚਾਵਲਾ)। Punjab Electricity Bill: ਪੰਜਾਬ ਵਿੱਚ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਲੋਕਾਂ ਦੀਆਂ ਵਧ ਰਹੀਆਂ ਮੁਸ਼ਕਲਾਂ ਦੇ ਵਿਚਕਾਰ ਪਾਵਰਕੌਮ ਨੇ ਵੱਡਾ ਫੈਸਲਾ ਲਿਆ ਹੈ। ਮੀਟਰ ਦੀ ਅਸਲ ਰੀਡਿੰਗ ਤੋਂ ਬਿਨਾਂ ਔਸਤ ਦੇ ਆਧਾਰ ’ਤੇ ਬਣੇ ਬਿੱਲਾਂ ਵਿੱਚ ਕਈ ਖਪਤਕਾਰਾਂ ਨੂੰ ਹਜ਼ਾਰਾਂ ਹੀ ਨਹੀਂ, ਸਗੋਂ ਲੱਖਾਂ ਰੁਪਏ ਦੀ ਰਕਮ ਬਕਾਇਆ ਵਾਲੇ ਮਾਮਲੇ ਵਿੱਚ ਹੁਣ ਇੱਕ ਵਾਰ ਮੁੜ ਤੋਂ ਜਾਂਚ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਨਾਲ ਹੀ ਇਸ ਪਰੇਸ਼ਾਨੀ ਨਾਲ ਜੁਝ ਰਹੇ ਹਜ਼ਾਰਾਂ ਪਰਿਵਾਰਾਂ ਨੂੰ ਬਿਜਲੀ ਦੇ ਕੁਨੈਕਸ਼ਨ ਕੱਟੇ ਜਾਣ ਦੇ ਡਰ ਤੋਂ ਵੀ ਰਾਹਤ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਮੁੜ ਤੋਂ ਸ਼ੁਰੂ ਕੀਤੀ ਜਾ ਰਹੀ ਜਾਂਚ ਮੁਕੰਮਲ ਹੋਣ ਤੱਕ ਕਿਸੇ ਦਾ ਵੀ ਕੁਨੈਕਸ਼ਨ ਨਹੀਂ ਕੱਟਿਆ ਜਾਏਗਾ। Punjab Electricity Bill
ਜੇਕਰ ਕਿਸੇ ਦਾ ਕੁਨੈਕਸ਼ਨ ਇਸ ਕਾਰਨ ਕੱਟਿਆ ਜਾ ਚੁੱਕਿਆ ਹੈ ਤਾਂ ਉਸ ਨੂੰ ਤੁਰੰਤ ਬਹਾਲ ਕਰਨ ਦੇ ਵੀ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਪਾਵਰਕੌਮ ਦੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਵੱਲੋਂ 28 ਸਤੰਬਰ ਨੂੰ ਜਾਰੀ ਕੀਤੇ ਹੁਕਮਾਂ ਅਨੁਸਾਰ, ਜਿਨਾਂ ਖਪਤਕਾਰਾਂ ਦੇ ਬਿੱਲ ਗਲਤ ਜਾਂ ਵਧੀ ਹੋਈ ਰਕਮ ਨਾਲ ਬਣੇ ਹਨ, ਉਨਾਂ ਦੇ ਕੁਨੈਕਸ਼ਨ ਨੂੰ ਲੈ ਕੇ ਕਿਸੇ ਵੀ ਤਰਾਂ ਦਾ ਫੈਸਲਾ ਲੈਣ ’ਤੇ ਰੋਕ ਲਾ ਦਿੱਤੀ ਗਈ ਹੈ। ਪੰਜਾਬ ਭਰ ਵਿੱਚ ਇਹੋ ਜਿਹੇ ਬਿੱਲਾਂ ਨੂੰ ਲੈ ਕੇ ਫਿਲਹਾਲ ਕੋਈ ਫੈਸਲਾ ਨਹੀਂ ਕੀਤਾ ਜਾਏਗਾ ਅਤੇ ਹਰ ਤਰਾਂ ਦੀ ਕਾਰਵਾਈ ’ਤੇ ਵੀ ਰੋਕ ਰਹੇਗੀ। ਪਾਵਰਕਾਮ ਨੇ ਆਪਣੇ ਹੁਕਮਾਂ ਵਿੱਚ ਇਸ ਸਮੱਸਿਆ ਦਾ ਮੁੱਖ ਕਾਰਨ ਮੀਟਰ ਰੀਡਰਾਂ ਦੀ ਹੜਤਾਲ ਨੂੰ ਦੱਸਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਹੜਤਾਲ ਕਰਕੇ ਹੀ ਸਾਰੀ ਪਰੇਸ਼ਾਨੀ ਆਈ ਹੈ, ਕਿਉਂਕਿ ਹੜਤਾਲ ਕਰਕੇ ਹੀ ਹਜ਼ਾਰਾ ਖਪਤਕਾਰਾਂ ਦੇ ਮੀਟਰਾਂ ਦੀ ਰੀਡਿੰਗ ਨਹੀਂ ਹੋ ਸਕੀ। ਇਸ ਦੇ ਨਾਲ ਹੀ ਪੁਰਾਣੀ ਬਿਲਿੰਗ ਪ੍ਰਣਾਲੀ ਤੋਂ ਨਵੀਂ ਐੱਸ.ਬੀ.ਐੱਸ. ਪ੍ਰਣਾਲੀ ਵੱਲ ਤਬਦੀਲੀ ਚੱਲ ਰਹੀ ਹੈ। Punjab Electricity Bill
ਇਹ ਵੀ ਪੜ੍ਹੋ : Peace in Simplicity: ਖਾਸ ਹੋਣ ਨਾਲੋਂ ਆਮ ਹੋਣ ’ਚ ਵਧੇਰੇ ਸਕੂਨ