Peace in Simplicity: ਖਾਸ ਹੋਣ ਨਾਲੋਂ ਆਮ ਹੋਣ ’ਚ ਵਧੇਰੇ ਸਕੂਨ

ਖਾਸ ਹੋਣ ਨਾਲੋਂ ਆਮ ਹੋਣ ’ਚ ਵਧੇਰੇ ਸਕੂਨ

Khushdeep Singh Picture
Published On

ਅਜੋਕੇ ਦੌਰ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਅਸੀਂ ਸਹਿਜਤਾ ਨਾਲ ਜਿਊਣਾ ਭੁੱਲ ਚੁੱਕੇ ਹਾਂ ਅਤੇ ਹਰ ਘੜੀ ਇੱਕ ਅਣਦੱਸੀ, ਬੇਮੁਹਾਰੀ ਦੌੜ ਦਾ ਸ਼ਿਕਾਰ ਹਾਂ। ਹਰ ਸ਼ਖ਼ਸ ਦੀ ਇਹ ਜ਼ਿਦ ਬਣ ਗਈ ਹੈ ਕਿ ਉਹ ਭੀੜ ਵਿੱਚੋਂ ਵੱਖਰਾ ਦਿਸੇ, ਲੋਕ ਉਸ ਵੱਲ ਖਾਸ ਨਜ਼ਰਾਂ ਨਾਲ ਵੇਖਣ ਅਤੇ ਉਸ ਨੂੰ ਕੋਈ ਗ਼ੈਰ-ਮਾਮੂਲੀ ਹਸਤੀ ਸਮਝਿਆ ਜਾਵੇ। ਸਵੇਰੇ ਅੱਖ ਖੁੱਲ੍ਹਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਅਸੀਂ ਇਸੇ ਕੋਸ਼ਿਸ਼ ਵਿੱਚ ਖ਼ੁਦ ਨੂੰ ਥਕਾਉਂਦੇ ਰਹਿੰਦੇ ਹਾਂ ਕਿ ਆਪਣੀ ਹੋਂਦ ਨੂੰ ਦੂਜਿਆਂ ਅੱਗੇ ਕਿਵੇਂ ਵੱਡਾ, ਕਾਮਯਾਬ ਤੇ ਅਹਿਮ ਸਾਬਤ ਕਰੀਏ। ਪਰ ਜ਼ਿੰਦਗੀ ਦੇ ਤਜ਼ਰਬੇ ਅਤੇ ਅਸਲੀਅਤ ਨੂੰ ਜਦੋਂ ਗਹੁ ਨਾਲ ਵਾਚੀਏ ਤਾਂ ਇਹ ਸੱਚ ਸਾਫ਼ ਨਜ਼ਰ ਆਉਂਦਾ ਹੈ ਕਿ ਸਾਡੇ ਅੱਧੇ ਤੋਂ ਵੱਧ ਦੁੱਖ, ਚਿੰਤਾਵਾਂ ਅਤੇ ਅੰਦਰੂਨੀ ਬੇਚੈਨੀ ਸਿਰਫ਼ ਇਸੇ ਭੁਲੇਖੇ ਦੀ ਦੇਣ ਹਨ। ਜਿਸ ਪਲ ਅਸੀਂ ਇਹ ਮੰਨ ਲੈਂਦੇ ਹਾਂ ਕਿ ਅਸੀਂ ਇਸ ਵਿਸ਼ਾਲ ਕਾਇਨਾਤ ਦੇ ਇੱਕ ਬਹੁਤ ਹੀ ਸਧਾਰਨ ਅਤੇ ਆਮ ਜੀਵ ਹਾਂ, ਉਸੇ ਪਲ ਸਾਡੇ ਮਨ ਦੀਆਂ ਅਣਸੁਲਝੀਆਂ ਗੰਢਾਂ ਆਪਣੇ-ਆਪ ਖੁੱਲ੍ਹਣ ਲੱਗ ਪੈਂਦੀਆਂ ਹਨ।

ਦੁਨੀਆਦਾਰੀ ਦੀ ਸਭ ਤੋਂ ਕੌੜੀ ਪਰ ਅਸਲ ਹਕੀਕਤ ਇਹ ਹੈ ਕਿ ਇੱਥੇ ਬਹੁਤੇ ਸਬੰਧਾਂ ਦੀ ਬੁਨਿਆਦ ਲੋੜਾਂ, ਮਤਲਬਾਂ ਤੇ ਗ਼ਰਜ਼ਾਂ ’ਤੇ ਟਿਕੀ ਹੋਈ ਹੈ। ਉਦਾਹਰਨ ਵਜੋਂ, ਜਦੋਂ ਜੇਠ-ਹਾੜ੍ਹ ਦੇ ਮਹੀਨੇ ਅਸਮਾਨ ਵਿੱਚੋਂ ਅੱਗ ਵਰ੍ਹਦੀ ਹੈ, ਤਾਂ ਹਰ ਰਾਹੀ ਸੁੱਕੇ ਅਤੇ ਕੰਡਿਆਲੇ ਰੁੱਖਾਂ ਨੂੰ ਛੱਡ ਕੇ ਕਿਸੇ ਸੰਘਣੀ ਛਾਂ ਵਾਲੇ ਰੁੱਖ ਵੱਲ ਭੱਜਦਾ ਹੈ ਅਤੇ ਉਸ ਦੀ ਛਾਂ ਦੀ ਸ਼ਲਾਘਾ ਕਰਦਾ ਨਹੀਂ ਥੱਕਦਾ। ਪਰ ਜਿਉਂ ਹੀ ਮੌਸਮ ਬਦਲਦਾ ਹੈ ਅਤੇ ਸਿਆਲ ਦੀ ਠੰਢ ਵਿੱਚ ਨਿੱਘੀ ਧੁੱਪ ਚੰਗੀ ਲੱਗਣ ਲੱਗਦੀ ਹੈ, ਤਾਂ ਉਹੀ ਲੋਕ ਉਸ ਰੁੱਖ ਦੀ ਛਾਂ ਨੂੰ ਭੁੱਲ ਜਾਂਦੇ ਹਨ ਅਤੇ ਉਸ ਦੇ ਪੱਤਿਆਂ ਨੂੰ ਵੀ ਧੁੱਪ ਵਿੱਚ ਰੁਕਾਵਟ ਸਮਝਣ ਲੱਗ ਪੈਂਦੇ ਹਨ। ਬਿਲਕੁਲ ਇਹੀ ਕੁਝ ਸਾਡੇ ਸਮਾਜਿਕ ਰਿਸ਼ਤਿਆਂ ਵਿੱਚ ਹੁੰਦਾ ਹੈ। ਜਦੋਂ ਤੱਕ ਤੁਹਾਡੇ ਕੋਲ ਕੋਈ ਅਹੁਦਾ ਹੈ, ਸਾਧਨ ਹਨ ਜਾਂ ਤੁਹਾਡੇ ਤੋਂ ਕਿਸੇ ਦਾ ਕੰਮ ਨਿੱਕਲਦਾ ਹੈ, ਲੋਕ ਤੁਹਾਨੂੰ ਸਿਰ-ਮੱਥੇ ਬਿਠਾਉਂਦੇ ਹਨ। ਪਰ ਜਿਉਂ ਹੀ ਉਹ ਲੋੜ ਮੁੱਕ ਜਾਂਦੀ ਹੈ, ਤਿਉਂ ਹੀ ਸਦੀਵੀ ਪਿਆਰ ਦੇ ਦਾਅਵੇ ਪਲਾਂ ਵਿੱਚ ਹਵਾ ਹੋ ਜਾਂਦੇ ਹਨ। Peace in Simplicity

ਇਹ ਸੰਸਾਰ ਦਾ ਕੁਦਰਤੀ ਨਿਯਮ ਹੈ। ਅਸਲ ਦੁੱਖ ਉਦੋਂ ਜਨਮ ਲੈਂਦਾ ਹੈ ਜਦੋਂ ਅਸੀਂ ਇਹ ਭਰਮ ਪਾਲ ਕੇ ਬੈਠ ਜਾਂਦੇ ਹਾਂ ਕਿ ਅਸੀਂ ਕਿਸੇ ਦੀ ਜ਼ਿੰਦਗੀ ਦਾ ਧੁਰਾ ਹਾਂ। ਜਦੋਂ ਸਮੇਂ ਦੀ ਠ੍ਹੋਕਰ ਨਾਲ ਇਹ ਭੁਲੇਖਾ ਟੁੱਟਦਾ ਹੈ, ਤਾਂ ਦਿਲ ਅੰਦਰੋਂ ਤਿੜਕ ਜਾਂਦਾ ਹੈ। ਜੇ ਅਸੀਂ ਪਹਿਲਾਂ ਹੀ ਆਪਣੇ ਮਨ ਨੂੰ ਇਹ ਸਮਝਾ ਲਈਏ ਕਿ ਅਸੀਂ ਵੀ ਬਾਕੀਆਂ ਵਾਂਗ ਹੀ ਹਾਂ, ਤਾਂ ਦੂਜਿਆਂ ਦੇ ਬਦਲਦੇ ਰੰਗ ਕਦੇ ਵੀ ਸਾਡੀ ਮਾਨਸਿਕ ਸ਼ਾਂਤੀ ਨੂੰ ਭੰਗ ਨਹੀਂ ਕਰ ਸਕਦੇ।‘ਖ਼ਾਸ’ ਬਣ ਕੇ ਜਿਉਣਾ ਦਰਅਸਲ ਇੱਕ ਭਾਰੀ ਮਾਨਸਿਕ ਗੁਲਾਮੀ ਹੈ, ਜਿਸ ਦੀ ਕੀਮਤ ਅਸੀਂ ਆਪਣਾ ਅਸਲ ਸਕੂਨ ਗੁਆ ਕੇ ਚੁਕਾਉਂਦੇ ਹਾਂ। ਅੱਜ ਦੇ ਡਿਜ਼ੀਟਲ ਦੌਰ ਦੀ ਉਦਾਹਰਨ ਲਓ, ਸੋਸ਼ਲ ਮੀਡੀਆ ’ਤੇ ਲੋਕ ਖ਼ੁਦ ਨੂੰ ਸੁਖੀ ਅਤੇ ਖ਼ਾਸ ਦਿਖਾਉਣ ਲਈ ਕਿਸ ਹੱਦ ਤੱਕ ਜਾਂਦੇ ਹਨ। ਮਹਿੰਗੇ ਹੋਟਲਾਂ ਦੀਆਂ ਤਸਵੀਰਾਂ, ਬਣਾਉਟੀ ਹਾਸੇ, ਕਰਜ਼ੇ ਚੁੱਕ ਕੇ ਖ਼ਰੀਦੇ ਬ੍ਰਾਂਡੇਡ ਕੱਪੜੇ ਅਤੇ ਲਗਜ਼ਰੀ ਚੀਜ਼ਾਂ। ਇਹ ਸਭ ਸਿਰਫ਼ ਦੂਜਿਆਂ ਤੋਂ ਕੁਝ ਕੁ ‘ਲਾਈਕਸ’ ਤੇ ਵਾਹ-ਵਾਹ ਖੱਟਣ ਲਈ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : Paradip Maritime Accident: ਪਾਰਾਦੀਪ ’ਚ ਵੱਡਾ ਸਮੁੰਦਰੀ ਹਾਦਸਾ ਟਲਿਆ, ਕੈਮੀਕਲ ਟੈਂਕਰ ਨੂੰ ਡੁੱਬਣ ਤੋਂ ਬਚਾਇਆ

ਕੈਮਰੇ ਅੱਗੇ ਮੁਸਕਰਾਉਣ ਵਾਲਾ ਚਿਹਰਾ ਫੋਨ ਬੰਦ ਹੁੰਦਿਆਂ ਹੀ ਚਿੰਤਾਵਾਂ ਦੇ ਸਮੁੰਦਰ ਵਿੱਚ ਡੁੱਬ ਜਾਂਦਾ ਹੈ ਕਿ ਅਗਲੀ ਵਾਰ ਆਪਣੇ-ਆਪ ਨੂੰ ਹੋਰ ਵੱਡਾ ਕਿਵੇਂ ਦਿਖਾਇਆ ਜਾਵੇ। ਇਹ ਦੌੜ ਸਾਨੂੰ ਅੰਦਰੋਂ ਬਿਲਕੁਲ ਖੋਖਲਾ ਕਰ ਦਿੰਦੀ ਹੈ। ਇਸ ਦੇ ਉਲਟ, ‘ਆਮ’ ਹੋ ਜਾਣ ਵਿੱਚ ਇੱਕ ਅਸੀਮ ਅਜ਼ਾਦੀ ਹੈ। ਇੱਕ ਆਮ ਇਨਸਾਨ ਨੂੰ ਕਿਸੇ ਨੂੰ ਪ੍ਰਭਾਵਿਤ ਕਰਨ ਦੀ ਕੋਈ ਫ਼ਿਕਰ ਨਹੀਂ ਹੁੰਦੀ। ਉਹ ਪੁਰਾਣੇ ਕੁੜਤੇ-ਪਜਾਮੇ ਵਿੱਚ ਵੀ ਓਨਾ ਹੀ ਮਾਣ ਮਹਿਸੂਸ ਕਰਦਾ ਹੈ ਜਿੰਨਾ ਕੋਈ ਸੂਟ-ਬੂਟ ਵਿੱਚ। ਉਹ ਕਿਸੇ ਢਾਬੇ ’ਤੇ ਬੈਠ ਕੇ ਕੁੱਲ੍ਹੜ ਵਾਲੀ ਚਾਹ ਦਾ ਅਨੰਦ ਵੀ ਪੂਰੀ ਮੌਜ ਨਾਲ ਲੈਂਦਾ ਹੈ, ਜਦਕਿ ‘ਖ਼ਾਸ’ ਬਣਨ ਦਾ ਭਾਰ ਚੁੱਕੀ ਫਿਰਦਾ ਬੰਦਾ ਪੰਜ ਤਾਰਾ ਹੋਟਲ ਵਿੱਚ ਬੈਠ ਕੇ ਵੀ ਸਿਰਫ਼ ਆਪਣੇ ਅਕਸ ਅਤੇ ਲੋਕਾਂ ਦੇ ਨਜ਼ਰੀਏ ਬਾਰੇ ਸੋਚ ਕੇ ਉਲਝਿਆ ਰਹਿੰਦਾ ਹੈ। Peace in Simplicity

ਕੁਦਰਤ ਸਾਨੂੰ ਸਾਦਗੀ ਦਾ ਸਭ ਤੋਂ ਵੱਡਾ ਸਬਕ ਸਿਖਾਉਂਦੀ ਹੈ। ਜੰਗਲ ਵਿੱਚ ਇੱਕ ਨਿੱਕਾ ਜਿਹਾ ਜੰਗਲੀ ਫੁੱਲ ਖਿੜਦਾ ਹੈ, ਉਸ ਨੂੰ ਇਸ ਗੱਲ ਦੀ ਰੱਤੀ ਭਰ ਵੀ ਪਰਵਾਹ ਨਹੀਂ ਹੁੰਦੀ ਕਿ ਕੋਈ ਉਸ ਦੀ ਤਾਰੀਫ਼ ਕਰ ਰਿਹਾ ਹੈ ਜਾਂ ਨਹੀਂ, ਕੋਈ ਉਸ ਦੀ ਫੋਟੋ ਖਿੱਚ ਰਿਹਾ ਹੈ ਜਾਂ ਉਸ ਕੋਲੋਂ ਲੰਘ ਰਿਹਾ ਹੈ। ਉਹ ਆਪਣੀ ਪੂਰੀ ਮਸਤੀ ਵਿੱਚ ਮਹਿਕ ਵੰਡਦਾ ਹੈ ਅਤੇ ਸ਼ਾਮ ਨੂੰ ਚੁੱਪ-ਚਾਪ ਝੜ ਜਾਂਦਾ ਹੈ। ਦਰਿਆ ਕਦੇ ਇਹ ਦਾਅਵਾ ਨਹੀਂ ਕਰਦਾ ਕਿ ਉਸ ਦਾ ਪਾਣੀ ਕਿੰਨਾ ਮਿੱਠਾ ਹੈ, ਉਹ ਬੱਸ ਆਪਣੀ ਮੌਜ ਵਿੱਚ ਵਹਿੰਦਾ ਰਹਿੰਦਾ ਹੈ ਅਤੇ ਤਿਹਾਇਆਂ ਦੀ ਪਿਆਸ ਬੁਝਾਉਂਦਾ ਹੈ। ਪਰ ਇਨਸਾਨ ਥੋੜ੍ਹਾ ਜਿਹਾ ਕੁਝ ਹਾਸਲ ਕਰਕੇ ਹੀ ਆਪਣੇ-ਆਪ ਨੂੰ ਅਜਿੱਤ ਅਤੇ ਖ਼ਾਸ ਸਮਝਣ ਲੱਗ ਪੈਂਦਾ ਹੈ। ਜਦੋਂ ਸਾਡੀ ਸੋਚ ਸਾਫ਼ ਅਤੇ ਸਰਲ ਹੁੰਦੀ ਹੈ। Peace in Simplicity

ਤਾਂ ਮਨ ਵਿੱਚੋਂ ਮੁਕਾਬਲੇਬਾਜ਼ੀ ਦੀ ਅੱਗ ਬੁਝ ਜਾਂਦੀ ਹੈ। ਫਿਰ ਗੁਆਂਢੀ ਦੀ ਨਵੀਂ ਕਾਰ ਵੇਖ ਕੇ ਛਾਤੀ ’ਤੇ ਸੱਪ ਨਹੀਂ ਲੇਟਦਾ, ਸਗੋਂ ਆਪਣੇ ਘਰ ਦੇ ਵਿਹੜੇ ਵਿੱਚ ਲੱਗੇ ਰੁੱਖਾਂ ਦੀਆਂ ਹਰੀਆਂ ਸ਼ਾਖ਼ਾਂ, ਸਵੇਰ ਵੇਲੇ ਪੰਛੀਆਂ ਦੀਆਂ ਚਹਿਕਾਂ ਅਤੇ ਬੱਚਿਆਂ ਦੇ ਹਾਸੇ ਹੀ ਜੱਗ ਜਿੱਤਣ ਵਰਗਾ ਸਕੂਨ ਦੇ ਦਿੰਦੇ ਹਨ। ਸਰਲ ਰਹਿਣਾ ਕੋਈ ਹਾਰ ਨਹੀਂ, ਸਗੋਂ ਇਹ ਆਪਣੇ-ਆਪ ਨੂੰ ਮਾਨਸਿਕ ਜੰਗਾਂ ਤੋਂ ਬਚਾਉਣ ਦੀ ਸਭ ਤੋਂ ਵੱਡੀ ਜਿੱਤ ਹੈ। ਅਸੀਂ ਇਸ ਦੁਨੀਆ ਵਿੱਚ ਕੋਈ ਸਰਟੀਫਿਕੇਟ ਲੈਣ ਨਹੀਂ ਆਏ ਕਿ ਅਸੀਂ ਦੂਜਿਆਂ ਨਾਲੋਂ ਕਿੰਨੇ ਵਧੀਆ ਹਾਂ। ਇਹ ਜੀਵਨ ਇੱਕ ਸੀਮਤ ਸਮੇਂ ਦਾ ਸਫ਼ਰ ਹੈ, ਜਿਸ ਵਿੱਚ ਅੰਤ ਸਭ ਦਾ ਇੱਕੋ-ਜਿਹਾ ਹੈ। ਚਾਹੇ ਕੋਈ ਮਹਿਲਾਂ ਦਾ ਮਾਲਕ ਹੋਵੇ ਜਾਂ ਕੱਚੀ ਢਾਰੀ ਦਾ ਬਾਸ਼ਿੰਦਾ, ਆਖ਼ਰਕਾਰ ਸਭ ਨੇ ਇਸੇ ਮਿੱਟੀ ਦੀ ਗੋਦ ਵਿੱਚ ਸਮਾ ਜਾਣਾ ਹੈ। ਇਸ ਲਈ ‘ਖ਼ਾਸ’ ਬਣਨ ਦਾ ਇਹ ਬੇਲੋੜਾ ਮੁਕਟ ਆਪਣੇ ਸਿਰ ਤੋਂ ਲਾਹ ਕੇ ਪਰ੍ਹਾਂ ਰੱਖ ਦਿਓ। ਖ਼ੁਦ ਨੂੰ ਆਮ ਮੰਨ ਲਓ, ਸਾਦਾ ਜੀਵਨ ਜੀਓ, ਸੱਚੇ ਮਨ ਨਾਲ ਲੋੜਵੰਦਾਂ ਦੇ ਕੰਮ ਆਓ ਅਤੇ ਹਰ ਪਲ ਦਾ ਦਿਲੋਂ ਆਨੰਦ ਮਾਣੋ। ਜਦੋਂ ਤੁਸੀਂ ਸਾਧਾਰਨ ਹੋ ਕੇ ਜਿਉਣਾ ਸਿੱਖ ਲੈਂਦੇ ਹੋ, ਤਾਂ ਜੋ ਸ਼ਾਂਤੀ ਅਤੇ ਸੰਤੁਸ਼ਟੀ ਤੁਸੀਂ ਸਾਰੀ ਦੁਨੀਆ ਵਿੱਚ ਭਾਲ ਰਹੇ ਸੀ, ਉਹ ਤੁਹਾਡੇ ਆਪਣੇ ਅੰਦਰੋਂ ਹੀ ਝਰਨੇ ਵਾਂਗ ਫੁੱਟ ਪੈਂਦੀ ਹੈ। ਆਮ ਬਣ ਕੇ ਜਿਉਣਾ ਹੀ ਇਸ ਦੁਨੀਆ ਵਿੱਚ ਸਭ ਤੋਂ ਵੱਡੀ ਬਾਦਸ਼ਾਹੀ ਹੈ।

ਦਿੜ੍ਹਬਾ।
ਮੋ. 94175-50795
ਇੰਜ. ਸੁਖਵੰਤ ਸਿੰਘ

About The Author

Related Posts