Punjab
Punjab News: ਓਬੀਸੀ ਵਿਦਿਆਰਥੀਆਂ ਲਈ ਵੱਡਾ ਉਪਰਾਲਾ, 39,320 ਵਿਦਿਆਰਥੀਆਂ ਨੂੰ ਮਿਲੇਗਾ 15.72 ਕਰੋੜ ਰੁਪਏ ਦਾ ਲਾਭ: ਡਾ. ਬਲਜੀਤ ਕੌਰ
14,320 ਵਿਦਿਆਰਥੀਆਂ ਨੂੰ ਕੁੱਲ 5.72 ਕਰੋੜ ਰੁਪਏ ਦੀ ਵਜ਼ੀਫ਼ਾ ਸਹਾਇਤਾ ਦਿੱਤੀ
Punjab News: ਚੰਡੀਗੜ੍ਹ, (ਹਿੰ.ਸ.)| ਪੰਜਾਬ ਸਰਕਾਰ ਵੱਲੋਂ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਦੇ ਵਿਦਿਆਰਥੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਭਲਾਈ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਹੋਣਹਾਰ ਬੱਚਾ ਆਰਥਿਕ ਤੰਗੀ ਕਾਰਨ ਪੜ੍ਹਾਈ ਤੋਂ ਵਾਂਝਾ ਨਾ ਰਹੇ।
ਡਾ. ਬਲਜੀਤ ਕੌਰ ਨੇ ਦੱਸਿਆ ਕਿ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ ਫਾਰ ਓ.ਬੀ.ਸੀ. ਤਹਿਤ ਵਿੱਤੀ ਸਾਲ 2025-26 ਦੌਰਾਨ 14,320 ਵਿਦਿਆਰਥੀਆਂ ਨੂੰ ਕੁੱਲ 5.72 ਕਰੋੜ ਰੁਪਏ ਦੀ ਵਜ਼ੀਫ਼ਾ ਸਹਾਇਤਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵਿੱਤੀ ਮਦਦ ਨਾਲ ਹਜ਼ਾਰਾਂ ਵਿਦਿਆਰਥੀਆਂ ਨੂੰ ਪੜ੍ਹਾਈ ਜਾਰੀ ਰੱਖਣ ਵਿੱਚ ਸਹੂਲਤ ਮਿਲੀ ਹੈ ਅਤੇ ਪਰਿਵਾਰਾਂ ’ਤੇ ਪੈਣ ਵਾਲਾ ਆਰਥਿਕ ਬੋਝ ਘਟਿਆ ਹੈ। ਮੰਤਰੀ ਨੇ ਦੱਸਿਆ ਕਿ ਵਿੱਤੀ ਸਾਲ 2026-27 ਲਈ ਇਸ ਸਕੀਮ ਅਧੀਨ 25,000 ਓ.ਬੀ.ਸੀ. ਵਿਦਿਆਰਥੀਆਂ ਨੂੰ ਲਾਭ ਦੇਣ ਲਈ 10 ਕਰੋੜ ਰੁਪਏ ਦੀ ਰਾਸ਼ੀ ਦਾ ਪ੍ਰਸਤਾਵ ਰੱਖਿਆ ਗਿਆ ਹੈ। ਇਸ ਰਾਹੀਂ ਵੱਧ ਤੋਂ ਵੱਧ ਲੋੜਵੰਦ ਵਿਦਿਆਰਥੀਆਂ ਨੂੰ ਸਕੂਲੀ ਸਿੱਖਿਆ ਜਾਰੀ ਰੱਖਣ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਦਾ ਟੀਚਾ ਹੈ।
ਇਹ ਵੀ ਪੜ੍ਹੋ: Road Accident: ਤੇਜ਼ ਰਫ਼ਤਾਰ ਡੀਸੀਐਮ ਨੇ ਸੈਰ ਤੋਂ ਪਰਤ ਰਹੀਆਂ 3 ਮਹਿਲਾਵਾਂ ਨੂੰ ਮਾਰੀ ਟੱਕਰ, ਇੱਕ ਦੀ ਮੌਤ
ਸਰਕਾਰ ਵੱਲੋਂ ਦੋਵਾਂ ਵਿੱਤੀ ਸਾਲਾਂ ਲਈ ਕੁੱਲ 39,320 ਓ.ਬੀ.ਸੀ. ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣ ਵਾਸਤੇ 15.72 ਕਰੋੜ ਰੁਪਏ ਦੀ ਰਕਮ ਰੱਖੀ ਗਈ ਹੈ। ਡਾ. ਬਲਜੀਤ ਕੌਰ ਨੇ ਕਿਹਾ ਕਿ ਸਿੱਖਿਆ ਸਮਾਜਿਕ ਬਦਲਾਅ ਅਤੇ ਸਸ਼ਕਤੀਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ। ਬੱਚਿਆਂ ਨੂੰ ਬਰਾਬਰ ਸਿੱਖਿਆ ਦੇ ਮੌਕੇ ਮਿਲਣ ਨਾਲ ਨਾ ਸਿਰਫ਼ ਉਨ੍ਹਾਂ ਦਾ ਭਵਿੱਖ ਬਿਹਤਰ ਹੁੰਦਾ ਹੈ, ਸਗੋਂ ਪਰਿਵਾਰ ਅਤੇ ਸਮਾਜ ਦੀ ਤਰੱਕੀ ਨੂੰ ਵੀ ਮਜ਼ਬੂਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਲੋਕ-ਪੱਖੀ ਅਤੇ ਪਾਰਦਰਸ਼ੀ ਨੀਤੀਆਂ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸਿੱਖਿਆ ਵਿੱਚ ਕੀਤਾ ਜਾ ਰਿਹਾ ਇਹ ਨਿਵੇਸ਼ ਇੱਕ ਸਮਾਨਤਾ ਵਾਲੇ ਅਤੇ ਖੁਸ਼ਹਾਲ ਪੰਜਾਬ ਦੀ ਮਜ਼ਬੂਤ ਨੀਂਹ ਸਾਬਤ ਹੋਵੇਗਾ।