Faridkot News: ਸਰਕਾਰੀ ਗਊਸ਼ਾਲਾ ਗੋਲੇਵਾਲਾ ਦਾ ਦੌਰਾ ਕਰਕੇ ਅਰਸ਼ ਸੱਚਰ ਨੇ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ
ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕਰਨ ਦੀ ਕੀਤੀ ਅਪੀਲ
Faridkot News: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਮਾਜ ਸੇਵੀ ਅਰਸ਼ ਸੱਚਰ ਨੇ ਸ਼ੁੱਕਰਵਾਰ ਨੂੰ ਸਰਕਾਰੀ ਗਊਸ਼ਾਲਾ, ਪਿੰਡ ਗੋਲੇਵਾਲਾ ਦਾ ਦੌਰਾ ਕਰਕੇ ਉੱਥੇ ਚੱਲ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਗਊਸ਼ਾਲਾ ਦੇ ਸੇਵਾਦਾਰਾਂ ਤੇ ਸੰਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮੌਜੂਦਾ ਹਾਲਾਤ ਅਤੇ ਲੋੜੀਂਦੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਦੌਰੇ ਤੋਂ ਬਾਅਦ ਅਰਸ਼ ਸੱਚਰ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਕਦਮਾਂ ਨਾਲ ਗਊਸ਼ਾਲਾ ਦੀ ਸਥਿਤੀ ’ਚ ਪਹਿਲਾਂ ਦੇ ਮੁਕਾਬਲੇ ਕਾਫ਼ੀ ਸੁਧਾਰ ਆਇਆ ਹੈ ਤੇ ਗਊ ਮਾਤਾ ਦੀ ਸੇਵਾ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਇਸ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਨਿਰੀਖਣ ਦੌਰਾਨ ਕੁਝ ਮਹੱਤਵਪੂਰਨ ਕਮੀਆਂ ਵੀ ਸਾਹਮਣੇ ਆਈਆਂ ਹਨ। ਇਨ੍ਹਾਂ ਦੇ ਹੱਲ ਲਈ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਫ਼ਰੀਦਕੋਟ ਤੇ ਡਿਪਟੀ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਨੂੰ ਵਿਸਥਾਰਪੂਰਵਕ ਮੰਗ ਪੱਤਰ ਭੇਜਿਆ ਹੈ। ਮੰਗ ਪੱਤਰ ’ਚ ਗਊਸ਼ਾਲਾ ਦੀ ਟੁੱਟੀ ਹੋਈ ਚਾਰਦੀਵਾਰੀ ਤੇ ਫੈਂਸਿੰਗ ਦੀ ਤੁਰੰਤ ਮੁਰੰਮਤ, ਗਊਸ਼ਾਲਾ ਤੱਕ ਜਾਂਦੇ ਖਰਾਬ ਕੱਚੇ ਰਸਤੇ ਨੂੰ ਪੱਕਾ ਕਰਨ, ਗਊ ਸੈੱਸ ਤੋਂ ਇਕੱਠੇ ਹੋਏ ਫੰਡਾਂ ਰਾਹੀਂ ਲੰਬਿਤ ਵਿਕਾਸ ਕਾਰਜਾਂ ਨੂੰ ਜਲਦ ਮੁਕੰਮਲ ਕਰਨ ਤੇ 2240 ਫੁੱਟ ਚਾਰਦੀਵਾਰੀ, 200 ਫੁੱਟ ਪਾਰਟੀਸ਼ਨ ਵਾਲ ਤੇ ਨਵੀਂ ਮੋਟਰ ਲਾਉਣ ਦੇ ਕੰਮ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਦੀ ਮੰਗ ਕੀਤੀ ਗਈ ਹੈ। Faridkot News
ਇਸ ਤੋਂ ਇਲਾਵਾ ਉਨ੍ਹਾਂ ਨੇ ਗਊਸ਼ਾਲਾ ’ਚ ਮੌਜ਼ੂਦਾ ਚਾਰ ਕਰਮਚਾਰੀਆਂ ਦੇ ਨਾਲ ਘੱਟੋ-ਘੱਟ ਦੋ ਹੋਰ ਕਰਮਚਾਰੀ ਨਿਯੁਕਤ ਕਰਨ, ਸੀਸੀਟੀਵੀ ਕੈਮਰੇ, ਰਾਤ ਸਮੇਂ ਲਾਈਟਾਂ, ਪੀਣ ਵਾਲੇ ਪਾਣੀ ਦੀ ਢੁੱਕਵੀਂ ਵਿਵਸਥਾ, ਚਾਰੇ ਦੀ ਸੁਰੱਖਿਅਤ ਸਟੋਰੇਜ, ਸ਼ੈੱਡਾਂ ਦੀ ਮੁਰੰਮਤ ਤੇ ਪਸ਼ੂਆਂ ਦੀ ਨਿਯਮਿਤ ਵੈਟਰਨਰੀ ਜਾਂਚ ਨੂੰ ਯਕੀਨੀ ਬਣਾਉਣ ਦੀ ਵੀ ਅਪੀਲ ਕੀਤੀ ਹੈ। ਅਰਸ਼ ਸੱਚਰ ਨੇ ਕਿਹਾ ਕਿ ਗਊ ਮਾਤਾ ਦੀ ਸੇਵਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਜੇਕਰ ਬਾਕੀ ਰਹਿੰਦੇ ਵਿਕਾਸ ਕਾਰਜ ਵੀ ਜਲਦ ਪੂਰੇ ਕਰ ਦਿੱਤੇ ਜਾਣ ਤਾਂ ਸਰਕਾਰੀ ਗਊਸ਼ਾਲਾ ਗੋਲੇਵਾਲਾ ਪੰਜਾਬ ਦੀਆਂ ਆਦਰਸ਼ ਗਊਸ਼ਾਲਾਵਾਂ ’ਚ ਆਪਣੀ ਵਿਲੱਖਣ ਪਛਾਣ ਬਣਾਉਣ ’ਚ ਸਫ਼ਲ ਹੋ ਸਕਦੀ ਹੈ। ਉਨ੍ਹਾਂ ਉਮੀਦ ਜਤਾਈ ਕਿ ਸਰਕਾਰ ਤੇ ਪ੍ਰਸ਼ਾਸਨ ਲੋਕ ਹਿੱਤ ਤੇ ਗਊ ਸੇਵਾ ਨੂੰ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਵੱਲੋਂ ਦਿੱਤੇ ਸੁਝਾਵਾਂ ’ਤੇ ਜਲਦ ਸਕਾਰਾਤਮਕ ਕਾਰਵਾਈ ਕਰੇਗਾ।