Kotkapura Road Accident News: ਕੋਟਕਪੂਰਾ 'ਚ ਕੈਂਟਰ ਤੇ ਕਾਰ ਦੀ ਭਿਆਨਕ ਟੱਕਰ, ਇੱਕ ਦੀ ਮੌਤ ਤੇ ਤਿੰਨ ਗੰਭੀਰ ਜ਼ਖ਼ਮੀ
ਕੈਂਟਰ ਅਤੇ ਕਾਰ ਵਿਚਾਲੇ ਹੋਈ ਆਹਮੋਂ-ਸਾਹਮਣੇ ਦੀ ਭਿਆਨਕ ਟੱਕਰ
Kotkapura Road Accident News: (ਗੁਰਪ੍ਰੀਤ ਪੱਕਾ) ਕੋਟਕਪੂਰਾ। ਜ਼ਿਲ੍ਹਾ ਫ਼ਰੀਦਕੋਟ ਦੇ ਕੋਟਕਪੂਰਾ ਤੋਂ ਮੋਗਾ ਰੋਡ 'ਤੇ ਬੀਤੀ ਰਾਤ ਕੈਂਟਰ ਅਤੇ ਕਾਰ ਵਿਚਾਲੇ ਹੋਈ ਆਹਮੋਂ-ਸਾਹਮਣੇ ਦੀ ਭਿਆਨਕ ਟੱਕਰ ਵਿੱਚ ਕਾਰ ਸਵਾਰ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਪਹਿਲਾਂ ਸਿਵਲ ਹਸਪਤਾਲ ਕੋਟਕਪੂਰਾ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਬਾਅਦ ਵਿੱਚ ਬਠਿੰਡਾ ਸਥਿਤ ਐਮਜ਼ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਗਿੱਦੜਬਾਹਾ ਨਿਵਾਸੀ ਤੇਜਪਾਲ ਛਾਬੜਾ (47) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਤੇਜਪਾਲ ਛਾਬੜਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਕੋਟਕਪੂਰਾ ਆਏ ਹੋਏ ਸਨ। ਦੇਰ ਰਾਤ ਉਹ ਆਪਣੇ ਤਿੰਨ ਰਿਸ਼ਤੇਦਾਰਾਂ ਸੁਖਦਰਸ਼ਨ ਕੁਮਾਰ, ਅਸ਼ੋਕ ਕੁਮਾਰ ਅਤੇ ਜਸਵਿੰਦਰ ਪਾਲ ਨਾਲ ਮੋਗਾ ਰੋਡ ਸਥਿਤ ਇੱਕ ਢਾਬੇ 'ਤੇ ਖਾਣਾ ਖਾਣ ਤੋਂ ਬਾਅਦ ਵਾਪਸ ਘਰ ਪਰਤ ਰਹੇ ਸਨ।
ਇਹ ਵੀ ਪੜ੍ਹੋ: Road Accident: ਸੜਕ ’ਤੇ ਖੜ੍ਹੇ ਟਰੱਕ ਨਾਲ ਟਕਰਾਈ ਮੋਟਰਸਾਈਕਲ, ਤਿੰਨ ਨੌਜਵਾਨ ਦੋਸਤਾਂ ਦੀ ਮੌਤ
ਰਾਤ ਕਰੀਬ 1 ਵਜੇ ਸਾਹਮਣੇ ਤੋਂ ਆ ਰਹੇ ਇੱਕ ਕੈਂਟਰ ਨਾਲ ਉਨ੍ਹਾਂ ਦੀ ਕਾਰ ਦੀ ਸਿੱਧੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਤੇਜਪਾਲ ਛਾਬੜਾ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਤਿੰਨ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸੇ ਤੋਂ ਤੁਰੰਤ ਬਾਅਦ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚੇ ਅਤੇ ਕਾਰ ਵਿੱਚ ਫਸੇ ਜ਼ਖ਼ਮੀਆਂ ਨੂੰ ਬਾਹਰ ਕੱਢ ਕੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ। ਥਾਣਾ ਸਿਟੀ ਕੋਟਕਪੂਰਾ ਦੇ ਐੱਸ.ਐੱਚ.ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਸੀ। ਪੁਲਿਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।