Faridkot News: ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸ਼ੇਰ ਸਿੰਘ ਵਾਲਾ ਵਿਖੇ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਵੱਡੇ ਪੱਧਰ ’ਤੇ ਬੂਟੇ ਲਾਏ
ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ, ਰੁੱਖਾਂ ਦੀ ਮਹੱਤਤਾ ਅਤੇ ਹਰਿਆਲੀ ਨੂੰ ਪ੍ਰਫੁੱਲਤ ਕਰਨ ਦਾ ਸੰਦੇਸ਼ ਵੀ ਦਿੱਤਾ
Faridkot News: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਚਲਾਈ ਜਾ ਰਹੀ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸ਼ੇਰ ਸਿੰਘ ਵਾਲਾ, ਜ਼ਿਲ੍ਹਾ ਫ਼ਰੀਦਕੋਟ ਵਿਖੇ ਇੰਚਾਰਜ ਪ੍ਰਿੰਸੀਪਲ ਨਵਪ੍ਰੀਤ ਸਿੰਘ ਦੀ ਅਗਵਾਈ ਹੇਠ ‘ਸੰਤ ਬਾਬਾ ਯੋਧਾ ਦਾਸ ਈਕੋ ਕਲੱਬ’ ਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ ਛਾਂਦਾਰ, ਫਲਦਾਰ ਤੇ ਸਜਾਵਟੀ ਬੂਟੇ ਲਾਏ ਗਏ। ਇਸ ਮੌਕੇ ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ, ਰੁੱਖਾਂ ਦੀ ਮਹੱਤਤਾ ਤੇ ਹਰਿਆਲੀ ਨੂੰ ਪ੍ਰਫੁੱਲਤ ਕਰਨ ਦਾ ਸੰਦੇਸ਼ ਵੀ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਇੰਚਾਰਜ ਪ੍ਰਿੰਸੀਪਲ ਨੇ ਕਿਹਾ ਕਿ ਰੁੱਖ ਸਿਰਫ਼ ਹਰਿਆਲੀ ਦਾ ਪ੍ਰਤੀਕ ਨਹੀਂ, ਸਗੋਂ ਮਨੁੱਖੀ ਜੀਵਨ ਦਾ ਆਧਾਰ ਹਨ। ਉਨ੍ਹਾਂ ਕਿਹਾ ਕਿ ਅੱਜ ਲਾਇਆ ਗਿਆ ਹਰ ਬੂਟਾ ਭਵਿੱਖ ਦੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਵਾਤਾਵਰਨ, ਠੰਢੀ ਛਾਂ ਤੇ ਸੁਰੱਖਿਅਤ ਭਵਿੱਖ ਦੀ ਨੀਂਹ ਹੈ।
Read Also : US Iran Conflict: ਅਮਰੀਕਾ-ਈਰਾਨ ਵਿਚਕਾਰ ਫੌਜੀ ਟਕਰਾਅ ਤੇਜ਼, ਵਾਸ਼ਿੰਗਟਨ ਦੇ ਸਹਿਯੋਗੀ ਦੇਸ਼ਾਂ ’ਤੇ ਹਮਲੇ
ਉਨ੍ਹਾਂ ਵਿਦਿਆਰਥੀਆਂ ਤੇ ਸਮਾਜ ਨੂੰ ਆਪਣੇ ਜੀਵਨ ’ਚ ਘੱਟੋ-ਘੱਟ ਇੱਕ ਰੁੱਖ ਲਾ ਕੇ ਉਸ ਦੀ ਸੰਭਾਲ ਕਰਨ ਦੀ ਅਪੀਲ ਕੀਤੀ। ਸੰਤ ਬਾਬਾ ਯੋਧਾ ਦਾਸ ਈਕੋ ਕਲੱਬ ਦੇ ਇੰਚਾਰਜ ਜੀਤੇਂਦਰ ਕੁਮਾਰ ਹੰਸ ਨੇ ਕਿਹਾ ਕਿ ਧਰਤੀ ਮਾਂ ਸਾਡੀ ਸਭ ਤੋਂ ਵੱਡੀ ਧਰੋਹਰ ਹੈ ਅਤੇ ਰੁੱਖ ਉਸ ਦੇ ਗਹਿਣੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਬੂਟੇ ਲਾਉਣੇ ਹੀ ਨਹੀਂ, ਸਗੋਂ ਉਨ੍ਹਾਂ ਨੂੰ ਰੁੱਖ ਬਣਨ ਤੱਕ ਸੰਭਾਲਣਾ ਵੀ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲ ’ਚ ਵਿਦਿਆਰਥੀਆਂ ਨੂੰ ਨਿਰੰਤਰ ਵਾਤਾਵਰਨ ਸੰਭਾਲ, ਜਲ ਸੰਭਾਲ ਤੇ ਜੈਵ-ਵਿਭਿੰਨਤਾ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਇਸ ਮੌਕੇ ਲੋੜਵੰਦ ਵਿਦਿਆਰਥੀਆਂ ਨੂੰ ਆਪਣੇ ਘਰਾਂ ਤੇ ਖੇਤਾਂ ’ਚ ਲਾਉਣ ਲਈ ਵੀ ਬੂਟੇ ਵੰਡੇ ਗਏ। ਇੰਗਲਿਸ਼ ਅਧਿਆਪਕ ਹਰਵਿੰਦਰ ਸਿੰਘ ਸੇਖੋ ਨੇ ਕਿਹਾ ਕਿ ਕੁਦਰਤ ਮਨੁੱਖ ਦੀ ਪਹਿਲੀ ਅਧਿਆਪਕਾ ਹੈ, ਜੋ ਸਾਨੂੰ ਸਬਰ, ਸੇਵਾ ਤੇ ਜੀਵਨ ਜਿਉਣ ਦੀ ਕਲਾ ਸਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਜੇ ਬੱਚਿਆਂ ਨੂੰ ਕਿਤਾਬਾਂ ਦੇ ਨਾਲ-ਨਾਲ ਕੁਦਰਤ ਨਾਲ ਵੀ ਜੋੜਿਆ ਜਾਵੇ ਤਾਂ ਉਹ ਜ਼ਿੰਮੇਵਾਰ ਤੇ ਸੰਵੇਦਨਸ਼ੀਲ ਨਾਗਰਿਕ ਬਣ ਸਕਦੇ ਹਨ। Faridkot News