Road Accident: ਸੜਕ ’ਤੇ ਖੜ੍ਹੇ ਟਰੱਕ ਨਾਲ ਟਕਰਾਈ ਮੋਟਰਸਾਈਕਲ, ਤਿੰਨ ਨੌਜਵਾਨ ਦੋਸਤਾਂ ਦੀ ਮੌਤ

ਟਰੱਕ ਖ਼ਰਾਬ ਹੋਣ ਕਾਰਨ ਸੜਕ ਦੇ ਵਿਚਕਾਰ ਖੜ੍ਹਾ ਸੀ ਜਿਸ ਕਾਰਨ ਵਾਪਰਿਆ ਹਾਦਸਾ

Satinder Mathur  Picture
Published On

Road Accident: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫ਼ਰੀਦਕੋਟ ਤੋਂ ਕੋਟਕਪੂਰਾ ਰੋਡ 'ਤੇ ਬੀਤੀ ਰਾਤ ਸੜਕ ਦੇ ਵਿਚਕਾਰ ਬਿਨਾਂ ਰਿਫਲੈਕਟਰ ਅਤੇ ਬਿਨਾਂ ਚੇਤਾਵਨੀ ਸੰਕੇਤਾਂ ਦੇ ਖੜ੍ਹੇ ਟਰੱਕ ਨਾਲ ਮੋਟਰਸਾਈਕਲ ਟਕਰਾਉਣ ਕਾਰਨ ਤਿੰਨ ਨੌਜਵਾਨ ਦੋਸਤਾਂ ਦੀ ਦਰਦਨਾਕ ਮੌਤ ਹੋ ਗਈ। ਇਸ ਦੁਖਦਾਈ ਹਾਦਸੇ ਤੋਂ ਬਾਅਦ ਡੋਗਰ ਬਸਤੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਤਿੰਨਾਂ ਪਰਿਵਾਰਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।


ਜਾਣਕਾਰੀ ਅਨੁਸਾਰ ਡੋਗਰ ਬਸਤੀ ਦੇ ਰਹਿਣ ਵਾਲੇ 30 ਸਾਲਾ ਨਵਜੋਤ ਸਿੰਘ, 28 ਸਾਲਾ ਰਵੀ ਅਤੇ 24 ਸਾਲਾ ਜਸਵਿੰਦਰ ਸਿੰਘ (ਜੱਸ) ਆਪਸ ਵਿੱਚ ਗੂੜ੍ਹੇ ਦੋਸਤ ਸਨ। ਬੀਤੀ ਰਾਤ ਉਹ ਕੋਟਕਪੂਰਾ ਰੋਡ ਸਥਿਤ ਇੱਕ ਢਾਬੇ 'ਤੇ ਖਾਣਾ ਖਾਣ ਤੋਂ ਬਾਅਦ ਕਰੀਬ 11 ਵਜੇ ਇੱਕ ਮੋਟਰਸਾਈਕਲ 'ਤੇ ਘਰ ਪਰਤ ਰਹੇ ਸਨ। ਜਦੋਂ ਉਹ ਨਹਿਰ ਦੇ ਪੁਲ ਤੋਂ ਕੁਝ ਦੂਰੀ ਪਹਿਲਾਂ ਪਹੁੰਚੇ ਤਾਂ ਸੜਕ ਦੇ ਵਿਚਕਾਰ ਖੜ੍ਹਾ ਟਰੱਕ ਉਨ੍ਹਾਂ ਨੂੰ ਸਮੇਂ ਸਿਰ ਨਜ਼ਰ ਨਾ ਆਇਆ ਅਤੇ ਉਨ੍ਹਾਂ ਦਾ ਮੋਟਰਸਾਈਕਲ ਟਰੱਕ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਇਆ।

ਹਾਦਸਾ ਇੰਨਾ ਭਿਆਨਕ ਸੀ ਕਿ ਨਵਜੋਤ ਸਿੰਘ ਅਤੇ ਜਸਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਜ਼ਖ਼ਮੀ ਹੋਏ ਰਵੀ ਨੂੰ ਪੁਲਿਸ ਵੱਲੋਂ ਹਸਪਤਾਲ ਪਹੁੰਚਾਇਆ ਗਿਆ, ਪਰ ਉਸ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਮੌਕੇ 'ਤੇ ਮੌਜ਼ੂਦ ਲੋਕਾਂ ਮੁਤਾਬਕ ਟਰੱਕ ਖ਼ਰਾਬ ਹੋਣ ਕਾਰਨ ਸੜਕ ਦੇ ਵਿਚਕਾਰ ਖੜ੍ਹਾ ਕੀਤਾ ਗਿਆ ਸੀ। ਟਰੱਕ ਚਾਲਕ ਵੱਲੋਂ ਨਾ ਤਾਂ ਇੰਡੀਕੇਟਰ ਚਾਲੂ ਕੀਤੇ ਗਏ ਸਨ ਅਤੇ ਨਾ ਹੀ ਕੋਈ ਰਿਫਲੈਕਟਰ ਜਾਂ ਚੇਤਾਵਨੀ ਸੰਕੇਤ ਲਗਾਏ ਗਏ ਸਨ। ਇਸ ਤੋਂ ਇਲਾਵਾ ਟਰੱਕ 'ਤੇ ਲੱਦਿਆ ਸਮਾਨ ਕਾਲੀ ਤਿਰਪਾਲ ਨਾਲ ਢੱਕਿਆ ਹੋਇਆ ਸੀ, ਜਿਸ ਕਾਰਨ ਹਨੇਰੇ ਵਿੱਚ ਟਰੱਕ ਸਪੱਸ਼ਟ ਤੌਰ 'ਤੇ ਦਿਖਾਈ ਨਹੀਂ ਦਿੱਤਾ ਅਤੇ ਇਹ ਦਰਦਨਾਕ ਹਾਦਸਾ ਵਾਪਰ ਗਿਆ।

ਇਹ ਵੀ ਪੜ੍ਹੋ: Maharashtra Road Accident News: ਅਮਰਾਵਤੀ ’ਚ ਕਾਰ ਟਰੱਕ ਨਾਲ ਟਕਰਾਈ, ਇੱਕ ਪਰਿਵਾਰ ਦੇ 5 ਮੈਂਬਰਾਂ ਦੀ ਮੌਤ 

ਦੱਸਿਆ ਜਾ ਰਿਹਾ ਹੈ ਕਿ ਤਿੰਨੇ ਨੌਜਵਾਨ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ। ਉਨ੍ਹਾਂ ਦੀ ਅਚਾਨਕ ਮੌਤ ਨਾਲ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਪੁਲਿਸ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

About The Author

Related Posts