Farmer Protest: ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਐਲਾਨ, 22 ਜੁਲਾਈ ਨੂੰ ਇਹ ਟੋਲ ਪਲਾਜ਼ਾ ਕੀਤਾ ਜਾਵੇਗਾ ਪਰਚੀ ਮੁਕਤ

ਟੋਲ ਪਲਾਜ਼ਾ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਪਰਚੀ ਮੁਕਤ ਕਰਕੇ ਵਿਸ਼ਾਲ ਧਰਨਾ-ਪ੍ਰਦਰਸ਼ਨ ਕੀਤਾ ਜਾਵੇਗਾ

Ravinder Sharma Picture
Published On

ਫ਼ਰੀਦਕੋਟ (ਗੁਰਪ੍ਰੀਤ ਪੱਕਾ): ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫ਼ਰੀਦਕੋਟ ਦੀ ਅਹਿਮ ਮੀਟਿੰਗ ਰੈਸਟ ਹਾਊਸ ਫ਼ਰੀਦਕੋਟ ਵਿਖੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰਜੀਤ ਸਿੰਘ ਪੁਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜ਼ਿਲ੍ਹੇ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਭਾਰਤ-ਅਮਰੀਕਾ ਕਰ-ਮੁਕਤ ਵਪਾਰਕ ਸਮਝੌਤਾ (ਫਰੀ ਟਰੇਡ ਡੀਲ) ਕਰਨ ਵੱਲ ਵੱਧ ਰਹੀ ਹੈ, ਜਿਸ ਦੇ ਲਾਗੂ ਹੋਣ ਨਾਲ ਖੇਤੀ ਸੈਕਟਰ ਨੂੰ ਗੰਭੀਰ ਨੁਕਸਾਨ ਪਹੁੰਚੇਗਾ। ਉਨ੍ਹਾਂ ਕਿਹਾ ਕਿ ਇਸ ਡੀਲ ਨਾਲ ਨਾ ਸਿਰਫ਼ ਕਿਸਾਨਾਂ, ਸਗੋਂ ਡੇਅਰੀ, ਬਾਗਬਾਨੀ, ਦੁਕਾਨਦਾਰਾਂ ਅਤੇ ਮਜ਼ਦੂਰ ਵਰਗ ਨੂੰ ਵੀ ਭਾਰੀ ਆਰਥਿਕ ਮਾਰ ਸਹਿਣੀ ਪਵੇਗੀ ਅਤੇ ਮਹਿੰਗਾਈ ਵਿੱਚ ਹੋਰ ਵਾਧਾ ਹੋਵੇਗਾ।

ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਨੂੰ ਨਵੇਂ ਰੂਪ ਵਿੱਚ ਮੁੜ ਲਾਗੂ ਕਰਨ ਦੇ ਫ਼ੈਸਲੇ ਦੀ ਵੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਰਾਹੀਂ ਉਪਜਾਊ ਖੇਤੀਬਾੜੀ ਜ਼ਮੀਨ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨਾਲ ਕਿਸਾਨ ਆਪਣੀਆਂ ਜ਼ਮੀਨਾਂ ਤੋਂ ਵਾਂਝੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਅਜਿਹੀਆਂ ਕਿਸਾਨ ਮਾਰੂ ਨੀਤੀਆਂ ਦਾ ਡਟ ਕੇ ਵਿਰੋਧ ਕਰੇਗਾ।

Read Also : ਬੁਰੀ ਖਬਰ, ਸੁੱਤੇ ਪਏ ਪਰਿਵਾਰ ’ਤੇ ਡਿੱਗੀ ਛੱਤ, ਦੋ ਜਣਿਆਂ ਦੀ ਮੌਤ, ਦੋ ਗੰਭੀਰ ਜ਼ਖਮੀ

ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਉਕਤ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫ਼ਰੀਦਕੋਟ ਵੱਲੋਂ 22 ਜੁਲਾਈ ਨੂੰ ਕੋਟਕਰੋੜ ਟੋਲ ਪਲਾਜ਼ਾ ਅਤੇ ਜੀਦਾ ਟੋਲ ਪਲਾਜ਼ਾ ’ਤੇ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਪਰਚੀ ਮੁਕਤ ਕਰਕੇ ਵਿਸ਼ਾਲ ਧਰਨਾ-ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਸਮੂਹ ਕਿਸਾਨਾਂ ਅਤੇ ਆਮ ਲੋਕਾਂ ਨੂੰ ਇਸ ਸੰਘਰਸ਼ ਵਿੱਚ ਵਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਬਖਤੌਰ ਸਿੰਘ ਸਾਦਿਕ (ਸੀਨੀਅਰ ਮੀਤ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ), ਸਮਸ਼ੇਰ ਸਿੰਘ ਕਿੰਗਰਾ (ਕਨਵੀਨਰ, ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫ਼ਰੀਦਕੋਟ), ਰਾਜਵੀਰ ਸਿੰਘ ਸੰਧਵਾ (ਜ਼ਿਲ੍ਹਾ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਪੰਜਾਬ), ਬਲਵਿੰਦਰ ਸਿੰਘ ਜੇਈ (ਜ਼ਿਲ੍ਹਾ ਪ੍ਰਧਾਨ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ), ਜੋਰਾ ਸਿੰਘ ਭਾਣਾ (ਜ਼ਿਲ੍ਹਾ ਜਨਰਲ ਸਕੱਤਰ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ), ਸੁਖਜਿੰਦਰ ਸਿੰਘ ਤੂਬੜਭੰਨ (ਜ਼ਿਲ੍ਹਾ ਪ੍ਰਧਾਨ, ਕੁਲ ਹਿੰਦ ਕਿਸਾਨ ਸਭਾ), ਸਮਸ਼ੇਰ ਸਿੰਘ ਜਲਾਲੇਆਣਾ, ਹਰਨੇਕ ਸਿੰਘ ਢਿੱਲੋਂ, ਰਜਿੰਦਰ ਸਿੰਘ ਕਿੰਗਰਾ, ਮਾਸਟਰ ਮੱਖਣ ਸਿੰਘ, ਸੁਖਦੀਪ ਸਿੰਘ ਘੁਗਿਆਣਾ, ਸੁਰਜੀਤ ਸਿੰਘ ਹਰੀਏਵਾਲਾ, ਗਮਦੂਰ ਸਿੰਘ ਸੰਗਰਾਹੂਰ ਅਤੇ ਸਿਮਰਜੀਤ ਸਿੰਘ ਬਰਾੜ ਸਮੇਤ ਵੱਖ-ਵੱਖ ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।

About The Author

Related Posts