Punjab Electricity: ਬਿਜਲੀ ਦੀ ਮੰਗ ਨੇ ਪਿਛਲੇ ਰਿਕਾਰਡ ਤੋੜੇ, 17328 ਮੈਗਾਵਾਟ ’ਤੇ ਪੁੱਜੀ ਮੰਗ
ਪਾਵਰਕੌਮ ਵੱਲੋਂ ਬਿਨਾਂ ਕਿਸੇ ਕੱਟਾਂ ਤੋਂ ਰਿਕਾਰਡ ਮੰਗ ਪੂਰਾ ਕਰਨ ਦਾ ਦਾਅਵਾ, ਪਾਵਰਕੌਮ ਦੇ ਥਰਮਲਾਂ ਦੇ ਸਾਰੇ ਯੂਨਿਟ ਚਾਲੂ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੂਬੇ ਅੰਦਰ ਅੱਜ ਬਿਜਲੀ ਦੀ ਮੰਗ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਬਿਜਲੀ ਦੀ ਮੰਗ ਅੱਜ 17328 ਮੈਗਾਵਾਟ ’ਤੇ ਪੁੱਜ ਗਈ। ਬਿਜਲੀ ਮੰਤਰੀ ਤੇ ਪਾਵਰਕੌਮ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਬਿਜਲੀ ਦੀ ਇਸ ਰਿਕਾਰਡ ਮੰਗ ਨੂੰ ਬਿਨਾਂ ਕਿਸੇ ਬਿਜਲੀ ਕੱਟਾਂ ਤੋਂ ਪੂਰਾ ਕੀਤਾ ਗਿਆ ਹੈ। ਇਸ ਮੌਕੇ ਪਾਵਰਕੌਮ ਦੇ ਥਰਮਲਾਂ ਦੇ ਸਾਰੇ ਯੂਨਿਟ ਭਖੇ ਹੋਏ ਹਨ।
ਇਕੱਤਰ ਹੋਏ ਵੇਰਵਿਆਂ ਮੁਤਾਬਕ ਪਿਛਲੇ ਦਿਨਾਂ ਦੌਰਾਨ ਮੀਂਹ ਪੈਣ ਕਰਕੇ ਬਿਜਲੀ ਦੀ ਮੰਗ 16 ਹਜਾਰ ਮੈਗਾਵਾਟ ਤੋਂ ਹੇਠਾਂ ਚੱਲ ਰਹੀ ਸੀ। ਮੁੜ ਹੁੰਮਸ ਭਰੀ ਗਰਮੀ ਵਿੱਚ ਵਾਧਾ ਹੋਣ ਕਾਰਨ ਕੱਲ੍ਹ ਬਿਜਲੀ ਦੀ ਮੰਗ 17 ਮੈਗਾਵਾਟ ਨੇੜੇ ਪੁੱਜ ਗਈ ਸੀ। ਅੱਜ ਬਿਜਲੀ ਦੀ ਮੰਗ ਪਿਛਲੇ ਸਾਰੇ ਰਿਕਾਰਡ ਤੋੜਦਿਆਂ 17328 ਮੈਗਾਵਾਟ ’ਤੇ ਪੁੱਜ ਗਈ। ਪਾਵਰਕੌਮ ਵੱਲੋਂ ਇਸ ਵਧੀ ਹੋਈ ਰਿਕਾਰਡ ਮੰਗ ਨੂੰ ਸੂਬੇ ਭਰ ਅੰਦਰ ਬਿਨਾਂ ਕਿਸੇ ਕੱਟਾਂ ਤੋਂ ਪੂਰਾ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਜੇਕਰ ਸੂਬੇ ਦੇ ਸਰਕਾਰੀ ਅਤੇ ਪ੍ਰਾਈਵੇਟ ਥਰਮਲਾਂ ਦੀ ਗੱਲ ਕੀਤੀ ਜਾਵੇ ਤਾਂ ਸਾਰੇ 15 ਯੂਨਿਟ ਮੌਜੂਦਾ ਸਮੇਂ ਬਿਜਲੀ ਪੈਦਾ ਕਰ ਰਹੇ ਹਨ। ਸਰਕਾਰੀ ਰੋਪੜ ਥਰਮਲ ਪਲਾਂਟ ਦੇ ਚਾਰੋ ਯੂਨਿਟਾਂ ਵੱਲੋਂ 535 ਮੈਗਾਵਾਟ ਜਦਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚਾਰੇ ਹੀ ਯੂਨਿਟਾਂ ਵੱਲੋਂ 787 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਸਰਕਾਰੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਵੱਲੋਂ 360 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਜੇਕਰ ਪ੍ਰਾਈਵੇਟ ਥਰਮਲ ਰਾਜਪੁਰਾ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ 1338 ਜਦਕਿ ਪ੍ਰਾਈਵੇਟ ਤਲਵੰਡੀ ਸਾਬੋ ਥਰਮਲ ਪਲਾਂਟ ਤੋਂ ਸਭ ਤੋਂ ਵੱਧ 1855 ਮੈਗਾਵਾਟ ਬਿਜਲੀ ਉਤਪਾਦਨ ਪੈਦਾ ਕੀਤਾ ਜਾ ਰਿਹਾ ਹੈ। ਪਾਵਰਕੌਮ ਦੇ ਹਾਈਡਰਲ ਪ੍ਰੋਜੈਕਟਾਂ ਵੱਲੋਂ ਵੀ 1007 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਜੋ ਕਿ ਹੁਣ ਤੱਕ ਦਾ ਕਾਫੀ ਵੱਧ ਹੈ।
ਬਿਜਲੀ ਮੰਤਰੀ ਨੇ ਪਾਵਰਕੌਮ ਦੀ ਪਿੱਠ ਥਾਪੜੀ
ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸੂਬੇ ਦੇ ਬਿਜਲੀ ਖਪਤਕਾਰਾਂ ਨੂੰ ਬਿਨਾਂ ਬਿਜਲੀ ਕੱਟਾਂ ਦੇ 17328 ਮੈਗਾਵਾਟ ਦੀ ਰਿਕਾਰਡ ਤੋੜ ਮੰਗ ਨੂੰ ਪੂਰਾ ਕਰਕੇ ਅੱਜ ਵੱਡਾ ਮਾਰਕਾ ਮਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨਾਂ ਨੂੰ ਮਾਨ ਸਰਕਾਰ ਵੱਲੋਂ ਨਿਰਵਿਘਨ ਅੱਠ ਘੰਟੇ ਖੇਤੀਬਾੜੀ ਬਿਜਲੀ ਸਪਲਾਈ ਦੇਣ ਦੀ ਗੱਲ ਆਖੀ ਗਈ ਸੀ ਪਰੰਤੂ ਕਿਸਾਨਾਂ ਨੂੰ ਅੱਠ ਘੰਟੇ ਤੋਂ ਜਿਆਦਾ ਦੀ ਬਿਜਲੀ ਸਪਲਾਈ ਮਿਲ ਰਹੀ ਹੈ ਇਹ ਪਹਿਲੀ ਵਾਰੀ ਹੋਇਆ ਹੈ ਕਿ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਸਰਪਲੱਸ ਮਿਲਦੀ ਬਿਜਲੀ ਕਾਰਨ ਆਪਣੇ ਟਿਊਬਵੈੱਲ ਬੰਦ ਕਰਨੇ ਪਏ ਹੋਣ।
ਕਿਸਾਨਾਂ ਨੂੰ 12 ਘੰਟੇ ਮਿਲ ਰਹੀ ਐ ਬਿਜਲੀ : ਡਾ. ਬਸੰਤ ਗਰਗ
ਪੀਐੱਸਪੀਸੀਐੱਲ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਡਾ. ਬਸੰਤ ਗਰਗ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਤੇ ਹੋਰਨਾਂ ਬਿਜਲੀ ਖਪਤਕਾਰਾਂ ਨੂੰ ਬਿਜਲੀ ਸਬੰਧੀ ਕੋਈ ਸਮੱਸਿਆ ਨਹੀਂ ਆ ਰਹੀ ਉਹਨਾਂ ਕਿਹਾ ਕਿ ਇਸ ਸਮੇਂ ਸੂਬੇ ਦੇ ਕਿਸਾਨਾਂ ਨੂੰ ਸਰਕਾਰ ਵੱਲੋਂ ਨਿਰਵਿਘਨ ਅੱਠ ਘੰਟੇ ਖੇਤੀਬਾੜੀ ਸਪਲਾਈ ਦੇਣ ਦੇ ਵਾਅਦੇ ਕੀਤੇ ਗਏ ਸਨ, ਪਰ ਸੂਬਾ ਸਰਕਾਰ ਦੀ ਪਹਿਲਕਦਮੀ ਤੇ ਸਰਪਲੱਸ ਬਿਜਲੀ ਹੋਣ ਕਾਰਨ ਸੂਬੇ ਦੇ ਕਿਸਾਨ ਬਾਰਾਂ ਘੰਟੇ ਨਿਰਵਿਘਨ ਖੇਤੀਬਾੜੀ ਸਪਲਾਈ ਪ੍ਰਾਪਤ ਕਰ ਰਹੇ ਹਨ।