Punjab Education News: ਸਾਢੇ ਚਾਰ ਸਾਲਾਂ ’ਚ ਖੁੱਲ੍ਹੇ ਦੋ ਨਵੇਂ ਸਰਕਾਰੀ ਸਕੂਲ, ਸੱਤ ਸਕੂਲ ਬੰਦ ਅਤੇ ਛੇ ਲੱਖ ਵਿਦਿਆਰਥੀ ਘਟੇ

ਸਿੱਖਿਆ ਵਿਭਾਗ ਨੇ ਵਿਧਾਨ ਸਭਾ ’ਚ ਦਿੱਤੀ ਜਾਣਕਾਰੀ

Ravinder Sharma Picture
Published On

Punjab Education News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਸਿੱਖਿਆ ਕ੍ਰਾਂਤੀ ਦੇ ਕੀਤੇ ਜਾ ਰਹੇ ਦਾਅਵਿਆਂ ’ਤੇ ਹੁਣ ਸਿੱਖਿਆ ਵਿਭਾਗ ਨੇ ਹੀ ਆਪਣੇ ਅੰਕੜਿਆਂ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਿਛਲੇ ਸਾਢੇ ਚਾਰ ਸਰਕਾਰੀ ਸਾਲਾਂ ਦੌਰਾਨ  ਸੱਤ ਸਕੂਲ ਬੰਦ ਹੋ ਗਏ ਹਨ, ਜਦੋਂ ਕਿ ਇਸ ਦੇ ਮੁਕਾਬਲੇ ਸਿਰਫ਼ 2 ਸਕੂਲ ਹੀ ਨਵੇਂ ਤਿਆਰ ਕੀਤੇ ਗਏ ਹਨ। ਇਨ੍ਹਾਂ ਅੰਕੜਿਆਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਹੈ। ਇੱਕ ਹੋਰ ਵੀ ਖ਼ੁਲਾਸਾ ਹੋਇਆ ਹੈ ਕਿ ਪਿਛਲੇ ਸਾਢੇ ਚਾਰ ਸਾਲ ਦੌਰਾਨ ਛੇ ਲੱਖ ਤੋਂ ਜ਼ਿਆਦਾ ਵਿਦਿਆਰਥੀ ਹੀ ਸਰਕਾਰੀ ਸਕੂਲਾਂ ਵਿੱਚ ਘੱਟ ਗਏ ਹਨ।

 ਪੰਜਾਬ ਵਿਧਾਨ ਸਭਾ ਵਿੱਚ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦਿੱਤੇ ਲਿਖਤੀ ਜਵਾਬ ਮੁਤਾਬਕ 16 ਮਾਰਚ 2022 ਤੋਂ 28 ਜੁਲਾਈ 2026 ਤੱਕ ਪੂਰੇ ਪੰਜਾਬ ਵਿੱਚ ਸਿਰਫ਼ ਇੱਕ ਪ੍ਰਾਇਮਰੀ ਅਤੇ ਇੱਕ ਮਿਡਲ ਸਕੂਲ, ਭਾਵ ਕੁੱਲ ਦੋ ਨਵੇਂ ਸਰਕਾਰੀ ਸਕੂਲ ਖੋਲ੍ਹੇ ਗਏ ਹਨ। ਇਸ ਦੇ ਉਲਟ ਇਸੇ ਸਮੇਂ ਦੌਰਾਨ 6 ਪ੍ਰਾਇਮਰੀ ਅਤੇ 1 ਮਿਡਲ ਸਕੂਲ ਸਮੇਤ ਕੁੱਲ 7 ਸਰਕਾਰੀ ਸਕੂਲ ਬੰਦ ਕਰ ਦਿੱਤੇ ਗਏ।

Read Also : ਸਾਢੇ 4 ਸਾਲਾਂ ‘ਚ 68 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ, 1.83 ਲੱਖ ਕਰੋੜ ਦੇ ਨਿਵੇਸ਼ ਨਾਲ 6.36 ਲੱਖ ਪ੍ਰਾਈਵੇਟ ਨੌਕਰੀਆਂ ਦੇ ਮੌਕੇ ਪੈਦਾ ਕੀਤੇ: ਨੌਜਵਾਨਾਂ ਲਈ ਸਾਜ਼ਗਾਰ ਮਾਹੌਲ ਸਿਰਜ ਰਹੀ ਹੈ ਮਾਨ ਸਰਕਾਰ: ਅਮਨ ਅਰੋੜਾ

ਪੰਜਾਬ ਸਰਕਾਰ ਦੇ ਰਿਕਾਰਡ ਮੁਤਾਬਕ ਇਸ ਅਰਸੇ ਦੌਰਾਨ ਸਿਰਫ਼ 5 ਹਾਈ ਸਕੂਲਾਂ ਨੂੰ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਅਪਗ੍ਰੇਡ ਕੀਤਾ ਗਿਆ, ਪਰ ਨਵੇਂ ਸਕੂਲ ਖੋਲ੍ਹਣ ਦੇ ਮਾਮਲੇ ਵਿੱਚ ਤਸਵੀਰ ਕਾਫ਼ੀ ਫਿੱਕੀ ਨਜ਼ਰ ਆਉਂਦੀ ਹੈ। ਵਿਰੋਧੀ ਧਿਰ ਹੁਣ ਇਸ ਨੂੰ ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਵਿਚਕਾਰ ਦਾ ਫਰਕ ਦੱਸ ਰਹੀ ਹੈ। ਵਿਧਾਨ ਸਭਾ ਵਿੱਚ ਕਾਂਗਰਸ ਦੇ ਵਿਧਾਇਕ ਅਵਤਾਰ ਹੈਨਰੀ ਜੂਨੀਅਰ ਇਸ ਮਾਮਲੇ ਵਿੱਚ ਸਰਕਾਰ ਨੂੰ ਘੇਰਦੇ ਹੋਏ ਸੁਆਲ ਵੀ ਕੀਤਾ ਕਿ ਹੁਣ ਤਾਂ ਖ਼ੁਦ ਸਰਕਾਰ ਦਾ ਰਿਕਾਰਡ ਹੀ ਵਿਧਾਨ ਸਭਾ ਵਿੱਚ ਪੇਸ਼ ਹੈ ਤਾਂ ਸਰਕਾਰ ਕਿਵੇਂ ਆਖ ਸਕਦੀ ਹੈ ਕਿ ਪੰਜਾਬ ਵਿੱਚ ਸਿੱਖਿਆ ਦੀ ਕ੍ਰਾਂਤੀ ਆਈ ਹੋਈ ਹੈ।  

ਇਥੇ ਹੀ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਲਗਾਤਾਰ ਘਟ ਰਹੀ ਗਿਣਤੀ ਹੈ। ਮਾਰਚ 2022 ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੁੱਲ 29 ਲੱਖ 62 ਹਜ਼ਾਰ 378 ਵਿਦਿਆਰਥੀ ਪੜ੍ਹ ਰਹੇ ਸਨ, ਜਦਕਿ ਜੁਲਾਈ 2026 ਤੱਕ ਇਹ ਗਿਣਤੀ ਘਟ ਕੇ 23 ਲੱਖ 64 ਹਜ਼ਾਰ 76 ਰਹਿ ਗਈ। ਅਰਥਾਤ ਸਾਢੇ ਚਾਰ ਸਾਲਾਂ ਵਿੱਚ ਕਰੀਬ 5 ਲੱਖ 98 ਹਜ਼ਾਰ 302 ਵਿਦਿਆਰਥੀਆਂ ਦੀ ਕਮੀ ਦਰਜ ਕੀਤੀ ਗਈ। ਪ੍ਰਾਇਮਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ ਪੱਧਰ ਤੱਕ ਹਰ ਵਰਗ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟੀ ਹੈ। ਇਹ ਅੰਕੜੇ ਉਸ ਵੇਲੇ ਸਾਹਮਣੇ ਆਏ ਹਨ, ਜਦੋਂ ਪੰਜਾਬ ਸਰਕਾਰ ਸਿੱਖਿਆ ਖੇਤਰ ਵਿੱਚ ਕੀਤੇ ਸੁਧਾਰਾਂ ਅਤੇ ਸਰਕਾਰੀ ਸਕੂਲਾਂ ਦੇ ਵਿਕਾਸ ਨੂੰ ਆਪਣੀ ਵੱਡੀ ਉਪਲਬਧੀ ਵਜੋਂ ਪੇਸ਼ ਕਰਦੀ ਰਹੀ ਹੈ।

About The Author

Related Posts