Haryana News: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ’ਚ ‘ਰਨ ਫਾਰ ਯੂਨਿਟੀ’ ਨੂੰ ਦਿਖਾਈ ਹਰੀ ਝੰਡੀ, ਖ਼ੁਦ ਵੀ ਦੌੜ ’ਚ ਲਿਆ ਹਿੱਸਾ

ਸਰਦਾਰ ਵੱਲਭਭਾਈ ਪਟੇਲ ਦੀ 151ਵੀਂ ਜਯੰਤੀ ਮੌਕੇ ਏਕਤਾ ਤੇ ਅਖੰਡਤਾ ਦਾ ਦਿੱਤਾ ਸੰਦੇਸ਼

Satinder Mathur  Picture
Published On

Haryana News: ਚੰਡੀਗੜ੍ਹ,(ਸੱਚ ਕਹੂੰ ਨਿਊਜ਼/ਹਿੰ.ਸ.)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਰਦਾਰ ਵੱਲਭਭਾਈ ਪਟੇਲ ਦੀ 151ਵੀਂ ਜਯੰਤੀ ਮੌਕੇ ਪੰਚਕੂਲਾ ’ਚ ਕਰਵਾਏ ‘ਰਨ ਫਾਰ ਯੂਨਿਟੀ’ ਸਮਾਗਮ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨੇ ਖ਼ੁਦ ਵੀ ਦੌੜ ਵਿੱਚ ਹਿੱਸਾ ਲਿਆ ਅਤੇ ਸੂਬਾ ਵਾਸੀਆਂ ਨੂੰ ਵਿਕਸਿਤ ਹਰਿਆਣਾ ਦੇ ਨਾਲ-ਨਾਲ ਸਮਰੱਥ ਤੇ ਇੱਕਜੁੱਟ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਐੱਚ.ਐੱਸ.ਵੀ.ਪੀ. ਸ਼ਿਵਾਲਿਕ ਕੰਟਰੀ ਕਲੱਬ, ਐੱਮ.ਡੀ.ਸੀ., ਸੈਕਟਰ-1, ਪੰਚਕੂਲਾ ਵਿਖੇ ਰਾਸ਼ਟਰੀ ਏਕਤਾ ਦਿਵਸ ਸਬੰਧੀ ਕਰਵਾਏ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਦੌੜ ਵਿੱਚ ਹਿੱਸਾ ਲੈਣ ਵਾਲਿਆਂ ਦਾ ਉਤਸ਼ਾਹ ਵਧਾਇਆ ਅਤੇ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਵੀ ਕੀਤੀ।

ਇਹ ਵੀ ਪੜ੍ਹੋ: AAP Candidate Fatehgarh Sahib: ‘ਆਪ’ ਨੇ ਫ਼ਤਹਿਗੜ੍ਹ ਸਾਹਿਬ ਤੋਂ ਐਡਵੋਕੇਟ ਲਖਬੀਰ ਸਿੰਘ ਰਾਏ ਨੂੰ ਤੀਜੀ ਵਾਰ ਦਿੱਤੀ ਟਿਕਟ

ਇਸ ਮੌਕੇ ਨਾਇਬ ਸਿੰਘ ਸੈਣੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ’ਤੇ ਕਿਸੇ ਵੀ ਸੁਨੇਹੇ ਨੂੰ ਅੱਗੇ ਸਾਂਝਾ ਕਰਨ ਤੋਂ ਪਹਿਲਾਂ ਉਸ ਦੀ ਸੱਚਾਈ ਦੀ ਜਾਂਚ ਜ਼ਰੂਰ ਕਰਨ। ਅਫ਼ਵਾਹਾਂ ਅਤੇ ਭੇਦਭਾਵ ਨੂੰ ਉਤਸ਼ਾਹਿਤ ਕਰਨ ਵਾਲੀਆਂ ਗੱਲਾਂ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਜ਼ਿੰਮੇਵਾਰ ਕਦਮ ਸਮਾਜ ਵਿੱਚ ਆਪਸੀ ਵਿਸ਼ਵਾਸ ਅਤੇ ਸਦਭਾਵਨਾ ਨੂੰ ਮਜ਼ਬੂਤ ਕਰ ਸਕਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸਰਦਾਰ ਵੱਲਭਭਾਈ ਪਟੇਲ ਨੇ ਆਜ਼ਾਦੀ ਤੋਂ ਬਾਅਦ ਦੇਸ਼ ਦੀਆਂ 560 ਤੋਂ ਵੱਧ ਰਿਆਸਤਾਂ ਦੇ ਏਕੀਕਰਨ ’ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਦੀ ਦੂਰਅੰਦੇਸ਼ੀ, ਗੱਲਬਾਤ ਦੇ ਹੁਨਰ ਅਤੇ ਦ੍ਰਿੜ ਇੱਛਾ ਸ਼ਕਤੀ ਨੇ ਆਧੁਨਿਕ ਭਾਰਤ ਦੀ ਏਕਤਾ ਤੇ ਅਖੰਡਤਾ ਦੀ ਮਜ਼ਬੂਤ ਨੀਂਹ ਰੱਖੀ। ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਰਾਸ਼ਟਰੀ ਹਿੱਤ ਨੂੰ ਸਭ ਤੋਂ ਉੱਪਰ ਰੱਖ ਕੇ ਵੱਡੇ ਤੋਂ ਵੱਡੇ ਟੀਚੇ ਹਾਸਲ ਕੀਤੇ ਜਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਸਾਡੀਆਂ ਭਾਸ਼ਾਵਾਂ, ਪਹਿਰਾਵੇ ਅਤੇ ਪਰੰਪਰਾਵਾਂ ਵੱਖਰੀਆਂ ਹੋ ਸਕਦੀਆਂ ਹਨ, ਪਰ ਸੰਵਿਧਾਨ, ਤਿਰੰਗਾ ਅਤੇ ਰਾਸ਼ਟਰੀ ਪਛਾਣ ਸਾਨੂੰ ਇੱਕ ਧਾਗੇ ਵਿੱਚ ਬੰਨ੍ਹਦੇ ਹਨ। ਹਰ ਭਾਸ਼ਾ ਅਤੇ ਸੱਭਿਆਚਾਰ ਦਾ ਸਤਿਕਾਰ ਕਰਨਾ ਅਤੇ ਇੱਕ-ਦੂਜੇ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੋਣਾ ਰਾਸ਼ਟਰੀ ਏਕਤਾ ਨੂੰ ਹੋਰ ਮਜ਼ਬੂਤ ਕਰਦਾ ਹੈ।

ਮੁੱਖ ਮੰਤਰੀ ਨੇ ‘ਇੱਕ ਭਾਰਤ, ਸ਼੍ਰੇਸ਼ਠ ਭਾਰਤ’ ਦੇ ਸੰਕਲਪ ਦਾ ਜ਼ਿਕਰ ਕਰਦਿਆਂ ਕਿਹਾ ਕਿ ਵੱਖ-ਵੱਖ ਰਾਜਾਂ ਦੀਆਂ ਭਾਸ਼ਾਵਾਂ ਅਤੇ ਸੱਭਿਆਚਾਰਾਂ ਵਿਚਕਾਰ ਆਪਸੀ ਸੰਵਾਦ ਦੇਸ਼ ਨੂੰ ਨੇੜੇ ਲਿਆਉਂਦਾ ਹੈ। ਗੁਜਰਾਤ ਵਿੱਚ ਸਥਾਪਿਤ 182 ਮੀਟਰ ਉੱਚੀ ‘ਸਟੈਚੂ ਆਫ਼ ਯੂਨਿਟੀ’ ਸਰਦਾਰ ਪਟੇਲ ਦੇ ਯੋਗਦਾਨ ਦੀ ਯਾਦ ਦਿਵਾਉਂਦੀ ਹੈ।

ਉਨ੍ਹਾਂ ਕਿਹਾ ਕਿ ਹਰਿਆਣਾ ਦੇ ਜਵਾਨ ਸਰਹੱਦਾਂ ’ਤੇ ਦੇਸ਼ ਦੀ ਰਾਖੀ ਕਰਦੇ ਹਨ, ਕਿਸਾਨ ਖੇਤਾਂ ਵਿੱਚ ਮਿਹਨਤ ਕਰਦੇ ਹਨ ਅਤੇ ਖਿਡਾਰੀ ਕੌਮਾਂਤਰੀ ਖੇਡ ਮੈਦਾਨਾਂ ਵਿੱਚ ਤਿਰੰਗੇ ਦਾ ਮਾਣ ਵਧਾਉਂਦੇ ਹਨ। ਹਰਿਆਣਾ ਦੇ ਗਠਨ ਦੇ 60 ਸਾਲ ਪੂਰੇ ਹੋਣ ਦੀ ਪੂਰਵ ਸੰਧਿਆ ’ਤੇ ਉਨ੍ਹਾਂ ਸੂਬੇ ਦੀ ਤਰੱਕੀ ਦੇ ਨਾਲ ਦੇਸ਼ ਦੀ ਏਕਤਾ ਮਜ਼ਬੂਤ ਕਰਨ ਦਾ ਸੰਕਲਪ ਲੈਣ ਦੀ ਅਪੀਲ ਕੀਤੀ।

ਸਮਾਗਮ ਦੌਰਾਨ ਮੁੱਖ ਮੰਤਰੀ ਨੇ ਹਾਜ਼ਰੀਨ ਨੂੰ ਰਾਸ਼ਟਰ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਬਣਾਈ ਰੱਖਣ ਦੀ ਸਹੁੰ ਵੀ ਚੁਕਾਈ। ਦੌੜ ਐੱਚ.ਐੱਸ.ਵੀ.ਪੀ. ਸ਼ਿਵਾਲਿਕ ਕੰਟਰੀ ਕਲੱਬ ਤੋਂ ਸ਼ੁਰੂ ਹੋ ਕੇ ਮਾਤਾ ਮਨਸਾ ਦੇਵੀ ਮੰਦਰ ਕੰਪਲੈਕਸ ਵਿਖੇ ਸਮਾਪਤ ਹੋਈ। ਇਸ ਵਿੱਚ ਨੌਜਵਾਨਾਂ ਅਤੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤਾਂ ਅਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰਿਆਂ ਵਿਚਕਾਰ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਰਾਜ ਸਭਾ ਮੈਂਬਰ ਰੇਖਾ ਸ਼ਰਮਾ, ਕਾਲਕਾ ਦੀ ਵਿਧਾਇਕਾ ਸ਼ਕਤੀ ਰਾਣੀ ਸ਼ਰਮਾ, ਡਿਪਟੀ ਕਮਿਸ਼ਨਰ ਸਤਪਾਲ ਸ਼ਰਮਾ, ਪੁਲਿਸ ਕਮਿਸ਼ਨਰ ਪੰਕਜ ਨੈਨ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜ਼ੂਦ ਸਨ।

Comments

Post Your Comment

About The Author

Related Posts