ਖੇਡ ‘ਵਰਸਿਟੀ ਆਉਣ ਨੂੰ ਤਿਆਰ, ਕੋਚਾਂ ਨੂੰ ਲਟਕੀ ਰਾਸ਼ੀ ਦੀ ਇੰਤਜ਼ਾਰ

Sports Varsity

ਕੌਮਾਂਤਰੀ ਪੱਧਰ ਦੇ ਤਮਗੇ ਦੇਸ਼ ਦੀ ਝੋਲੀ ਪਾਉਣ ਵਾਲੇ ਕੋਚਾਂ ਨੂੰ ਨਹੀਂ ਮਿਲੀ ਰਾਸ਼ੀ

  ਕੇਂਦਰ ਸਰਕਾਰ ਨੇ ਕੀਤਾ ਸਨਮਾਨ, ਪੰਜਾਬ ਸਰਕਾਰ ਨੇ ਨਹੀਂ ਪੁੱਛੀ ਬਾਤ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਅਮਰਿੰਦਰ ਸਿੰਘ ਐਤਵਾਰ ਨੂੰ ਆਪਣੇ ਜੱਦੀ ਜ਼ਿਲ੍ਹੇ ਅੰਦਰ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ ਤਾਂ ਰੱਖ ਰਹੇ ਹਨ, ਪਰ ਸਖ਼ਤ ਮਿਹਨਤ ਨਾਲ ਕੌਮਾਂਤਰੀ ਖਿਡਾਰੀ ਪੈਦਾ ਕਰਨ ਵਾਲੇ ਕੋਚਾਂ ਨੂੰ ਉਨ੍ਹਾਂ ਦਾ ਬਣਦਾ ਮਾਣ -ਸਨਮਾਣ ਦੇਣਾ ਭੁੱਲੀ ਬੈਠੇ ਹਨ। ਭਾਵੇਂ ਖੁਦ ਅਮਰਿੰਦਰ ਸਰਕਾਰ ਵੱਲੋਂ ਹੀ ਬਣਾਈ ਖੇਡ ਪਾਲਿਸੀ ਅਨੁਸਾਰ ਕੋਚਾਂ ਨੂੰ ਇਹ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਸੀ, ਪਰ ਪਿਛਲੇ ਦੋ ਸਾਲਾਂ ਤੋਂ ਪੰਜਾਬ ਸਰਕਾਰ ਇਨ੍ਹਾਂ ਕੋਚਾਂ ਦੀ ਸਾਰ ਨਹੀਂ ਲੈ ਰਹੀ।

ਹੈਰਾਨੀ ਦੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਨੇ ਤਾ ਇਨ੍ਹਾਂ ਦਰੋਣਚਾਰੀਆ ਕੋਚਾਂ ਨੂੰ ਸਨਮਾਨ ਦੇ ਦਿੱਤੇ, ਪਰ ਪੰਜਾਬ ਸਰਕਾਰ ਨੇ ਮੈਡਲ ਤਰਾਸਣ ਵਾਲੇ ਇਨ੍ਹਾਂ ਕੋਚਾਂ ਨੂੰ ਅੱਜ ਤੱਕ ਪੁੱÎਛਿਆ ਵੀ ਨਹੀਂ। ਇਕੱਤਰ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਆਪਣੀ ਖੇਡ ਪਾਲਿਸੀ ਅਨੁਸਾਰ ਅੰਤਰਰਾਸ਼ਟਰੀ ਪੱਧਰ ‘ਤੇ ਮੈਡਲ ਪ੍ਰਾਪਤ ਕਰਨ ਵਾਲੇ ਖਿਡਾਰੀ ਨੂੰ ਦਿੱਤੀ ਜਾਣ ਵਾਲੀ 40 ਫੀਸਦੀ ਰਾਸ਼ੀ ਉਸ ਦੇ ਕੋਚ ਨੂੰ ਦੇਣੀ ਬਣਦੀ ਹੈ, ਪਰ ਸਾਲ 2018 ਵਿੱਚ ਅੰਤਰ ਰਾਸ਼ਟਰੀ ਮੈਡਲ ਪੰਜਾਬ ਦੀ ਝੋਲੀ ਪਾਉਣ ਵਾਲੇ ਕੋਚ ਅੱਜ ਵੀ ਉੱਕਤ ਰਾਸ਼ੀ ਨੂੰ ਉਡੀਕ ਰਹੇ ਹਨ। ਖੇਡ ਵਿਭਾਗ ਵੱਲੋਂ ਅਜੇ ਤਾਈਂ ਆਪਣੀ ਸਵੱਲੀ ਨਜ਼ਰ ਇਨ੍ਹਾਂ ਕੋਚਾਂ ‘ਤੇ ਨਹੀਂ ਪਾਈ। ਉੱਝ ਭਾਵੇਂ ਉੱਕਤ ਕੋਚਾਂ ਵੱਲੋਂ ਪੰਜਾਬ ਸਰਕਾਰ ਦੇ ਖੇਡ ਵਿਭਾਗ ਦੇ ਅਨੇਕਾਂ ਵਾਰ ਦਰਵਾਜੇ ਖੜਕਾਏ ਹਨ, ਪਰ ਉਨ੍ਹਾਂ ਨੂੰ ਇਹ ਆਵਾਜ਼ ਨਹੀਂ ਸੁਣਾਈ ਦਿੱਤੀ।

Sports Varsity

Sports varsity ready, coaches waiting for hanging money

ਦਰੋਣਾਚਾਰੀਆ ਐਵਾਰਡੀ ਕੋਚ ਸੁਖਦੇਵ ਸਿੰਘ ਪੰਨੂੰ ਨੇ ਦੀ ਸਖ਼ਤ ਮਿਹਨਤ ਸਦਕਾ ਖਿਡਾਰੀ ਅਰਪਿੰਦਰ ਸਿੰਘ ਨੇ ਟਰਿੱਪਲ ਜੰਪ ਵਿੱਚੋਂ ਜ਼ਕਾਰਤਾ ਵਿਖੇ ਹੋਈਆਂ ਖੇਡਾਂ ਚੋਂ ਗੋਲਡ ਮੈਡਲ ਜਿੱਤਿਆ ਸੀ। ਇਸ ਖੇਡ ਵਿੱਚ ਦੇਸ਼ ਨੇ 42 ਸਾਲ ਬਾਅਦ ਇਹ ਗੋਲਡ ਮੈਡਲ ਆਪਣੇ ਨਾਮ ਕੀਤਾ ਸੀ। ਇਸ ਤੋਂ ਇਲਾਵਾ ਓਸਟਰਵਾ ਵਿਖੇ ਹੋਏ ਕੰਟੀਨੈਟਿਲ ਵਰਲਡ ਕੱਪ 2018 ਵਿੱਚ ਇੰਡੀਆ ਨੇ ਪਹਿਲਾ ਗੋਲਡ ਮੈਡਲ ਪ੍ਰਾਪਤ ਕੀਤਾ ਸੀ।

ਇਨ੍ਹਾਂ ਦੋਵਾ ਪ੍ਰਾਪਤੀਆਂ ਦੇ ਆਧਾਰ ‘ਤੇ ਕੋਚ ਸ਼੍ਰੀ ਪੰਨੂੰ ਨੂੰ 50 ਲੱਖ ਰੁਪਏ ਦੀ ਨਗਦੀ ਰਾਸ਼ੀ ਸਰਕਾਰ ਦੀ ਪਾਲਿਸੀ ਅਨੁਸਾਰ ਬਣਦੀ ਹੈ ਜੋ ਕਿ ਅਜੇ ਤੱਕ ਨਹੀਂ ਦਿੱਤੀ। ਕੋਚ ਸੁਖਦੇਵ ਸਿੰਘ ਪੰਨੂ ਨੇ ਦੱਸਿਆ ਕਿ ਖੇਡਾਂ ਤੇ ਕਰੋੜਾਂ ਰੁਪਏ ਖਰਚਣ ਦੇ ਦਾਅਵੇ ਕਰਨ ਦਾ ਕੀ ਫਾਇਦਾ ਜਦੋਂ ਕੋਚਾਂ ਦਾ ਹੀ ਬਣਦਾ ਹੱਕ ਹੀ ਨਾ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਅੰਤਰਰਾਸ਼ਟਰੀ, ਰਾਸ਼ਟਰੀ ਪੱਧਰ ਤੇ ਅਨੇਕਾਂ ਮੈਂਡਲ ਦੇਸ਼ ਦੀ ਝੋਲੀ ਪਾਏ ਜਾ ਚੁੱਕੇ ਹਨ।  ਉਨ੍ਹਾਂ ਦੱਸਿਆ ਕਿ ਬਣਦਾ ਬਕਾਇਆ ਦੇਣ ਲਈ ਖੇਡ ਵਿਭਾਗ ਵੱਲੋਂ ਜਲਦੀ ਦੇਣ ਦੇ ਦਾਅਵੇ ਕੀਤੇ ਗਏ, ਪਰ ਅਜੇ ਤੱਕ ਚੁੱਪ ਸਾਦੀ ਹੋਈ ਹੈ।

ਇਸੇ ਤਰ੍ਹਾਂ ਹੀ ਦਰੋਣਾਚਾਰੀਆਂ ਅਵਾਰਡੀ ਕੋਚ ਮਹਿੰਦਰ ਸਿੰਘ ਢਿੱਲੋ ਦੀ ਮਿਹਨਤ ਸਦਕਾ ਜ਼ਕਾਰਤਾ ਵਿਖੇ ਹੋਈਆਂ ਏਸ਼ੀਅਨ ਖੇਡਾਂ ਵਿੱਚੋਂ ਸ਼ਾਟ ਪੁੱਟ ਵਿੱਚ ਤੇਜਿੰਦਰਪਾਲ ਸਿੰਘ ਤੂਰ ਨੇ ਗੋਲਡ ਮੈਡਲ ਦੇਸ਼ ਨੂੰ ਜਿੱਤ ਕੇ ਦਿੱਤਾ ਅਤੇ ਪੰਜਾਬ ਦਾ ਨਾਮ ਉੱਚਾ ਕੀਤਾ। ਦੇਸ਼ ਨੇ ਇਹ ਮੈਡਲ 18 ਸਾਲ ਬਾਅਦ ਜਿੱਤਿਆ ਸੀ। ਖੇਡ ਪਾਲਿਸੀ ਅਨੁਸਾਰ 40 ਫੀਸਦੀ ਰਾਸ਼ੀ 40 ਲੱਖ ਰੁਪਏ ਮਹਿੰਦਰ ਸਿੰਘ ਢਿਲੋ ਨੂੰ ਖਿਡਾਰੀ ਨਾਲ ਦੇਣੇ ਬਣਦੇ ਸਨ, ਜੋ ਕਿ 2 ਸਾਲ ਬੀਤਣ ਦੇ ਬਾਅਦ ਵੀ ਅਜੇ ਤੱਕ ਨਸੀਬ ਨਹੀਂ ਹੋਏ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਕੋਚ ਨੂੰ ਉਤਸਾਤਿ ਕਰਨ ਲਈ ਖਿਡਾਰੀ ਦੇ ਨਾਲ ਹੀ ਰਾਸ਼ੀ ਦੇਣ ਦੀ ਗੱਲ ਕਹੀ ਸੀ, ਜੋ ਕਿ ਪੂਰ ਨਹੀਂ ਉੱਤਰੀ। 2018 ਵਿੱਚ ਹੀ ਪੈਰਾ ਏਸ਼ੀਅਨ ਗੇਮਜ਼ ਵਿੱਚੋਂ ਪਾਵਰ ਲਿਫਟਿੰਗ ਵਿੱਚ ਕਾਸੀ ਦਾ ਮੈਡਲ ਹਾਸਿਲ ਕਰਨ ਵਾਲੇ ਪਰਮਜੀਤ ਕੁਮਾਰ ਦੇ ਕੋਚ ਰਾਜਿੰਦਰ ਸਿੰਘ ਰਹਿਲੂ ਨੂੰ 20 ਲੱਖ ਦੀ ਨਗਦ ਰਾਸ਼ੀ ਨਹੀਂ ਦਿੱਤੀ ਗਈ।

Sports varsity ready, coaches waiting for hanging money

ਇਸੇ ਤਰ੍ਹਾਂ ਹੀ ਇਨ੍ਹਾਂ ਖੇਡਾਂ ਵਿੱਚੋਂ ਬੈਡਮਿੰਟਨ ‘ਚੋਂ ਕਾਸੀ ਦਾ ਮੈਡਲ ਹਾਸਿਲ ਕਰਨ ਵਾਲੇ ਰਾਜ ਕੁਮਾਰ ਦੇ ਕੋਚ ਸੁਰੇਸ਼ ਕੁਮਾਰ ਦੀ ਵੀ 20 ਲੱਖ ਦੀ ਰਾਸ਼ੀ ਸਰਕਾਰ ਵੱਲ ਖੜ੍ਹੀ ਹੈ। ਇਨ੍ਹਾਂ ਅੰਤਰ ਰਾਸ਼ਟਰੀ ਖੇਡ ਮੁਕਾਬਲਿਆਂ ਵਿੱਚੋਂ ਸ਼ਾਟ ਪੁੱਟ ਵਿੱਚ ਕਾਸੀ ਦਾ ਮੈਡਲ ਹਾਸਿਲ ਕਰਨ ਵਾਲੇ ਯਾਸਿਰ ਮੁਹੰਮਦ ਦੇ ਕੋਚ ਹਰਮਿੰਦਰਪਾਲ ਸਿੰਘ ਘੁੰਮਣ ਨੂੰ ਬਣਦੀ 20 ਲੱਖ ਦੀ ਰਾਸ਼ੀ ਨਹੀਂ ਦਿੱਤੀ ਗਈ। ਆਸਟ੍ਰੇਲੀਆਂ ਵਿਖੇ ਹੋਈ ਕਾਮਨ ਵੈਲਥ ਗੇਮਜ਼ ਵਿੱਚੋਂ ਡਿਸਕ ਥ੍ਰੋ ਵਿੱਚੋਂ ਮੈਡਲ ਲੈਣ ਵਾਲੀ ਨਵਜੀਤ ਕੌਰ ਢਿਲੋ ਦੇ ਕੋਚ ਜਸਪਾਲ ਸਿੰਘ ਨੂੰ 10 ਲੱਖ ਰੁਪਏ ਦੀ ਰਾਸ਼ੀ ਨਹੀਂ ਦਿੱਤੀ ਗਈ।

ਇੱਕ ਮਹੀਨੇ ਬਾਅਦ ਹੋਵੇਗੀ ਜਾਰੀ-ਡਾਇਰੈਕਟਰ ਸਪੋਰਟਸ

ਇਸ ਮਾਮਲੇ ਸਬੰਧੀ ਜਦੋਂ ਡਾਇਰੈਕਟਰ ਸਪਰੋਟਸ ਸ੍ਰੀ ਡੀਪੀ ਖਰਬੰਦਾ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਜਿਹੜੇ ਵੀ ਕੋਚਾਂ ਦੀ ਰਾਸ਼ੀ ਪਿਛਲੇ ਸਾਲਾਂ ਤੋਂ ਬਕਾਇਆ ਹੈ ਅਤੇ ਇੱਕ ਮਹੀਨੇ ਬਾਅਦ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਕੋਚ ਦੀ ਸਨਮਾਨ ਰਾਸ਼ੀ ਖੜ੍ਹੀ ਨਹੀਂ ਰਹੇਗੀ, ਕਿਉਂਕਿ ਕੋਚਾਂ ਦੀ ਮਿਹਨਤ ਬਦੌਲਤ ਖਿਡਾਰੀਆਂ ਵੱਲੋਂ ਮੈਂਡਲ ਹਾਸਲ ਕੀਤੇ ਜਾਂਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.