ਸੋਲਰ ਪਲਾਂਟ ਕਰਮਚਾਰੀਆਂ ਵੱਲੋਂ ਪਲਾਂਟ ਦਾ ਘਿਰਾਓ

ਕੰਪਨੀ ਅਧਿਕਾਰੀਆਂ ਵਿਰੁੱਧ ਕੀਤੀ ਜ਼ੋਰਦਾਰ ਨਾਅਰਬਾਜ਼ੀ

  • ਮਾਮਲਾ ਕਰਮਚਾਰੀਆਂ ਨੂੰ ਬਿਨਾਂ ਨੋਟਿਸ ਦਿੱਤੇ ਕੱਢਣ ਦਾ

ਸੰਗਤ ਮੰਡੀ (ਮਨਜੀਤ ਨਰੂਆਣਾ)। ਪਿੰਡ ਬਹਾਦਰਗੜ੍ਹ ਜੰਡੀਆਂ ਵਿਖੇ ਲੱਗੇ ਆਯੂਰ ਸੋਲਰ ਪਲਾਂਟ ‘ਚ ਸਕਿਓਰਿਟੀ ਗਾਰਡ ਦੀ ਨੌਕਰੀ ‘ਤੇ ਲੱਗੇ 25 ਕਰਮਚਾਰੀਆਂ ਨੂੰ ਬਿਨਾਂ ਕੰਪਨੀ ਵੱਲੋਂ ਨੋਟਿਸ ਦਿੱਤੇ ਬਾਹਰ ਦਾ ਰਸਤਾ ਵਿਖਾਉਣ ਦੇ ਰੋਹ ‘ਚ ਕਰਮਚਾਰੀਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਮਿਲੇ ਸਮਰਥਨ ਨਾਲ ਅੱਜ ਪਲਾਂਟ ਦਾ ਘਿਰਾਓ ਕਰਕੇ ਕੰਪਨੀ ਅਧਿਕਾਰੀਆਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦਾ ਪਤਾ ਲੱਗਦਿਆਂ ਹੀ ਥਾਣਾ ਨੰਦਗੜ੍ਹ ਦੇ ਮੁਖੀ ਪਰਮਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ‘ਤੇ ਮੌਜੂਦ ਸਨ।

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਸੰਗਤ ਦੇ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੋਲਰ ਪਲਾਂਟ ਵੱਲੋਂ 50 ਵਿਅਕਤੀਆਂ ਨੂੰ ਸਕਿਊਰਟੀ ਗਾਰਡ ਦੀ ਨੌਕਰੀ ‘ਤੇ ਰੱਖਿਆ ਗਿਆ ਸੀ ਪ੍ਰੰਤੂ ਕੰਪਨੀ ਵੱਲੋਂ ਚੁਪ-ਚਪੀਤੇ 25 ਮੁਲਾਜ਼ਮਾਂ ਨੂੰ ਬਿਨਾਂ ਕਿਸੇ ਨੋਟਿਸ ਦਿੰਦਿਆਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ।ਨੌਕਰੀ ਤੋਂ ਕੱਢੇ ਕਰਮਚਾਰੀਆਂ ਨੇ ਕਿਹਾ ਕਿ ਜਦੋਂ ਸੋਲਰ ਕੰਪਨੀ ਵੱਲੋਂ ਉਨ੍ਹਾਂ ਦੀ ਜ਼ਮੀਨ ਲਈ ਗਈ ਸੀ ਤਾਂ ਕੰਪਨੀ ਵੱਲੋਂ ਉਨ੍ਹਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਹੁਣ ਕੰਪਨੀ ਆਪਣੇ ਕੀਤੇ ਹੋਏ ਵਾਅਦੇ ਤੋਂ ਭੱਜ ਰਹੀ ਹੈ।

ਧਰਨੇ ਦਾ ਪਤਾ ਲੱਗਦਿਆਂ ਬਠਿੰਡਾ ਦੇ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਬਰਾੜ ਪਹੁੰਚੇ, ਜਿਨ੍ਹਾਂ ਨੇ ਧਰਨਾਕਾਰੀਆਂ ਤੋਂ ਮੰਗ ਪੱਤਰਲੈਂਦਿਆਂ ਵਿਸ਼ਵਾਸ ਦਵਾਇਆ ਕਿ ਉਹ ਉਨ੍ਹਾਂ ਦੀ ਇਸ ਸਮੱਸਿਆ ਨੂੰ ਡਿਪਟੀ ਕਮਿਸ਼ਨਰ ਤੱਕ ਪਹੁੰਚਾਂ ਕੇ ਜਲਦੀ ਹੀ ਕੰਪਨੀ ਅਧਿਕਾਰੀਆਂ ਨੂੰ ਬੁਲਾਇਆ ਜਾਵੇਗਾ। ਧਰਨਾਕਾਰੀਆਂ ਵੱਲੋਂ ਇਸ ਗੱਲ ਤੇ ਸਹਿਮਤ ਹੁੰਦਿਆਂ ਇੱਕ ਵਾਰ ਧਰਨੇ ਨੂੰ ਚੁੱਕ ਦਿੱਤਾ ਗਿਆ ਪ੍ਰੰਤੂ ਉਨ੍ਹਾਂ ਚੇਤਵਾਨੀ ਭਰੇ ਲਹਿਜੇ ‘ਚ ਕਿਹਾ ਕਿ ਜੇਕਰ ਨੌਕਰੀ ਤੋਂ ਕੱਢੇ ਕਰਮਚਾਰੀਆਂ ਨੂੰ ਨੌਕਰੀ ਤੇ ਜਲਦੀ ਬਹਾਲ ਨਾ ਕੀਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਯੂਨੀਅਨ ਦੇ ਬਲਾਕ ਪ੍ਰਧਾਨ ਕੁਲਵੰਤ ਰਾਏ ਸ਼ਰਮਾ, ਜਗਸੀਰ ਝੁੰਬਾ, ਸੁਖਦੇਵ ਸਿੰਘ, ਹਰਨੇਕ ਸਿੰਘ ਚੁੱਘੇ ਕਲਾਂ, ਜੱਗਾ ਸਿੰਘ ਰਾਏ ਕੇ ਕਲਾਂ, ਧਰਮਪਾਲ ਸਿੰਘ ਜੰਡੀਆਂ, ਗੁਰਸੇਵਕ ਸਿੰਘ ਆਦਿ ਮੌਜੂਦ ਸਨ।