ਸੋਸ਼ਲ ਮੀਡੀਆ ਦੀ ਨਿੱਜੀ ਜ਼ਿੰਦਗੀ ‘ਚ ਖ਼ਤਰਨਾਕ ਘੁਸਪੈਠ

Social Media's, Personal Life, Dangerous, Intrusion

ਸੋਸ਼ਲ ਮੀਡੀਆ ਦੀ ਨਿੱਜੀ ਜ਼ਿੰਦਗੀ ‘ਚ ਖ਼ਤਰਨਾਕ ਘੁਸਪੈਠ

ਬਿੰਦਰ ਸਿੰਘ ਖੁੱਡੀ ਕਲਾਂ

 

ਸੋਸ਼ਲ ਮੀਡੀਆ ਦੇ ਇਸਤੇਮਾਲ ਦਾ ਆਲਮ ਅੱਜ-ਕੱਲ੍ਹ ਪੂਰੇ ਸਿਖ਼ਰ ‘ਤੇ ਹੈ। ਇਸ ਦਾ ਇਸਤੇਮਾਲ ਹੁਣ ਬੱਚਿਆਂ ਜਾਂ ਨੌਜਵਾਨਾਂ ਤੱਕ ਹੀ ਸੀਮਤ ਨਹੀਂ ਰਿਹਾ। ਵਡੇਰੀ ਉਮਰ ਦੇ ਲੋਕ ਤੇ ਬਜ਼ੁਰਗ ਵੀ ਹੁਣ ਸੋਸ਼ਲ ਮੀਡੀਆ ਦੇ ਦੀਵਾਨੇ ਹੋ ਗਏ ਜਾਪਦੇ ਹਨ। ਤਕਰੀਬਨ ਹਰ ਇਨਸਾਨ ਦੀ ਸਵੇਰ ਸੋਸ਼ਲ ਮੀਡੀਆ ਦੇ ਨਾਲ ਸ਼ੁਰੂ ਤੇ ਰਾਤ ਸੋਸ਼ਲ ਮੀਡੀਆ ਦੇ ਨਾਲ ਹੀ ਖਤਮ ਹੁੰਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਹਰ ਇਨਸਾਨ ਵਟਸਅਪ ਤੇ ਫੇਸਬੁੱਕ ‘ਤੇ ਨਜ਼ਰ ਜਰੂਰ ਮਾਰਦਾ ਹੈ ਤੇ ਸਵੇਰੇ ਉੱਠਣ ਸਾਰ ਸਭ ਤੋਂ ਪਹਿਲਾਂ ਵਟਸਅਪ ਅਤੇ ਫੇਸਬੁੱਕ ਹੀ ਖੋਲ੍ਹਦਾ ਹੈ। ਇਨਸਾਨੀ ਜਿੰਦਗੀ ਨੂੰ ਚੌਤਰਫਾ ਪ੍ਰਭਾਵਿਤ ਕਰਦੇ ਸੋਸ਼ਲ ਮੀਡੀਆ ਨੇ ਸਰਕਾਰੀ ਕੰੰਮਾਂ-ਕਾਰਾਂ ਤੋਂ ਲੈ ਕੇ ਆਮ ਵਿਅਕਤੀ ਦੇ ਜੀਵਨ ਵਿੱਚ ਆਪਣੇ ਪੈਰ ਜਮਾ ਲਏ ਹਨ। ਸੂਚਨਾਵਾਂ ਭੇਜਣ ਦਾ ਇਹ ਸਭ ਤੋਂ ਤੇਜ਼-ਤਰਾਰ ਵਸੀਲਾ ਹੋ ਨਿੱਬੜਿਆ ਹੈ। ਕੋਈ ਵਾਪਰਿਆ ਵਰਤਾਰਾ ਜਾਂ ਹੋਇਆ ਐਲਾਨ ਇੱਕ ਕਲਿੱਕ ਨਾਲ ਕਿਤੇ ਦੀ ਕਿਤੇ ਪੁੱਜ ਜਾਂਦਾ ਹੈ। ਹੁਣ ਪੱਤਰਾਂ ਦੀ ਤਾਂ ਗੱਲ ਹੀ ਛੱਡੋ ਕਿਸੇ ਵਿੱਚ ਇਲੈਕਟ੍ਰਾਨਿਕ ਮੇਲ ਦੀ ਉਡੀਕ ਕਰਨ ਜਿੰਨੀ ਜਰਾਂਦ ਵੀ ਨਹੀਂ। ਸੂਚਨਾਵਾਂ ਦੇ ਅਦਾਨ-ਪ੍ਰਦਾਨ ਦੀ ਸਹੂਲਤ ਸਮੇਤ ਹੋਰ ਕਈ ਪੱਖਾਂ ਵਿੱਚ ਸਾਰਥਿਕ ਇਸਤੇਮਾਲ ਦੇ ਨਜ਼ਰੀਏ ਤੋਂ ਸੋਸ਼ਲ ਮੀਡੀਆ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ। ਪਰ ਕਈ ਪੱਖਾਂ ਤੋਂ ਇਸ ਦਾ ਇਸਤੇਮਾਲ ਸਮਾਜ ਲਈ ਖਤਰਾ ਵੀ ਬਣ ਰਿਹਾ ਹੈ। ਅਫਵਾਹਾਂ ਫੈਲਾਉਣ ਤੇ ਧਾਰਮਿਕ ਜਜਬਾਤ ਭੜਕਾਉਣ ਤੋਂ ਲੈ ਕੇ ਇਸਦੇ ਹੋਰ ਬਹੁਤ ਸਾਰੇ ਇਸਤੇਮਾਲ ਚਿੰਤਾ ਦਾ ਵਿਸ਼ਾ ਹਨ। ਸੋਸ਼ਲ ਮੀਡੀਆ ਦੀ ਇਨਸਾਨ ‘ਤੇ ਗ੍ਰਿਫਤ ਦਿਨ-ਪ੍ਰਤੀਦਿਨ ਵਧਦੀ ਜਾ ਰਹੀ ਹੈ। ਇੱਕ ਤਰ੍ਹਾਂ ਨਾਲ ਇਨਸਾਨ ਸੋਸ਼ਲ ਮੀਡੀਆ ਦਾ ਗੁਲਾਮ ਬਣਦਾ ਜਾ ਰਿਹਾ ਹੈ ਅਤੇ ਮਜ਼ੇ ਦੀ ਗੱਲ ਇਹ ਹੈ ਕਿ ਇਨਸਾਨ ਨੂੰ ਇਸਦਾ ਇਲਮ ਵੀ ਨਹੀਂ ਹੋ ਰਿਹਾ। ਨੈੱਟ ਪੈਕ ਖਤਮ ਹੋਣ ਜਾਂ ਕਿਸੇ ਹੋਰ ਵਜ੍ਹਾ ਨਾਲ ਸੋਸ਼ਲ ਮੀਡੀਆ ਰੁਕ ਜਾਵੇ ਤਾਂ ਅੱਖਾਂ ਮੂਹਰੇ ਹਨ੍ਹੇਰਾ ਆਉਣ ਵਾਲਾ ਹੋ ਜਾਂਦਾ ਹੈ। ਸੋਸ਼ਲ ਮੀਡੀਆ ਦਾ ਇਨਸਾਨੀ ਜਿੰਦਗੀ ‘ਤੇ ਪ੍ਰਭਾਵ ਹੁਣ ਖਤਰਨਾਕ ਰੂਪ ਧਾਰਨ ਕਰਨ ਲੱਗਾ ਹੈ।

ਸੋਸ਼ਲ ਮੀਡੀਆ ਨੇ ਇਨਸਾਨ ਦੀ ਨਿੱਜੀ ਜਿੰਦਗੀ ਵਿੱਚ ਪ੍ਰਵੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਸੇ ਸਮੇਂ ਪਰਦੇ ਦੇ ਅਧਿਕਾਰੀ ਰਹੇ ਭੋਜਨ, ਪੈਸਾ ਅਤੇ ਨਾਰੀ ਸੋਸ਼ਲ ਮੀਡੀਆ ਨੇ ਸਭ ਬੇਪਰਦ ਕਰ ਦਿੱਤੇ ਹਨ। ਸੋਸ਼ਲ ਮੀਡੀਆ ਸਾਡੇ ਘਰਾਂ ਵਿੱਚ ਪ੍ਰਵੇਸ਼ ਕਰਨ ਉਪਰੰਤ ਸਾਡੇ ਬਿਸਤਰਿਆਂ ਤੱਕ ਪੁੱਜ ਗਿਆ ਹੈ। ਸੋਸ਼ਲ ਮੀਡੀਆ ਦੀ ਦੀਵਾਨਗੀ ਦਾ ਕਮਾਲ ਵੇਖੋ ਲੋਕ ਆਪਣੀਆਂ ਖਾਣ ਵਾਲੀਆਂ ਥਾਲੀਆਂ ਦੀਆਂ ਫੋਟੋਆਂ ਵਟਸਅਪ ਜਾਂ ਫੇਸਬੁੱਕ ‘ਤੇ ਸ਼ੇਅਰ ਕਰਨ ਲੱਗੇ ਹਨ। ਮੀਂਹ ਪਿਆ ਹੋਵੇ ਤਾਂ ਘਰ ਵਿੱਚ ਬਣਦੇ ਪਕੌੜਿਆਂ, ਗੁਲਗਲਿਆਂ, ਪੂੜਿਆਂ ਜਾਂ ਹੋਰ ਪਕਵਾਨਾਂ ਦੀਆਂ ਫੋਟੋਆਂ ਖਿੱਚ ਕੇ ਫਟਾਫਟ ਸ਼ੇਅਰ ਕਰਨਗੇ ਤੇ ਨਾਲ ਲਿਖਣਗੇ ਆਉ ਖਾਈਏ ਆਦਿ! ਉਏ ਭਲਿਉਮਾਣਸੋ ਕੁੱਝ ਤਾਂ ਸੋਚੋ, ਸਾਡੇ ਬਜ਼ੁਰਗਾਂ ਵੱਲੋਂ ਭੋਜਨ ਨੂੰ ਪਰਦੇ ਵਿੱਚ ਰੱਖਣ ਦੀਆਂ ਹਦਾਇਤਾਂ ਦੀ ਇੰਝ ਤਾਂ ਖਿੱਲੀ ਨਾ ਉਡਾਓ। ਤੁਸੀਂ ਬਣਾਇਆ ਜੀ ਸਦਕੇ ਬਣਾਓ ਤੇ ਖਾਓ। ਦੂਜਿਆਂ ਸਾਹਮਣੇ ਆਪਣੇ ਭੋਜਨ ਦੀ ਨੁਮਾਇਸ਼ ਕਿੱਧਰ ਦੀ ਸਿਆਣਪ ਹੈ ਤੇ ਕਿੱਧਰ ਦਾ ਮਾਅਰਕਾ। ਹੋ ਸਕਦਾ ਹੈ ਬਾਕੀ ਵੀ ਸਭ ਨੇ ਬਣਾਇਆ ਹੋਵੇ। ਨਾਲੇ ਸੋਸ਼ਲ ਮੀਡੀਆ ‘ਤੇ ਪਕਵਾਨ ਦੀ ਫੋਟੋ ਸ਼ੇਅਰ ਕਰਕੇ ਲਿਖਣਾ ਆਉ ਖਾਈਏ ਆਪਣੇ-ਆਪ ਵਿੱਚ ਹੀ ਹਾਸੋਹੀਣੀ ਗੱਲ ਹੈ। ਸੋਸ਼ਲ ਮੀਡੀਆ ‘ਤੇ ਪੜ੍ਹ ਕੇ ਕਿਸੇ ਦੇ ਘਰੇ ਖਾਣ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ।

ਕਈ ਲੋਕ ਸਾਗ ਬਣਾਉਣ, ਖੋਆ ਕੱਢਣ, ਪੰਜੀਰੀ ਰਲਾਉਣ ਅਤੇ ਕਈ ਵਾਰ ਤਾਂ ਰੋਟੀਆਂ ਬਣਾਉਂਦੀਆਂ ਆਪਣੇ ਘਰਾਂ ਦੀਆਂ ਧੀਆਂ-ਭੈਣਾਂ ਦੀਆਂ ਫੋਟੋਆਂ ਬੜੀ ਸ਼ਾਨ ਨਾਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹਨ। ਭੋਜਨ ਦੇ ਨਾਲ-ਨਾਲ ਸੋਸ਼ਲ ਮੀਡੀਆ ਨੇ ਨਾਰੀ ਨੂੰ ਵੀ ਬੇਪਰਦ ਕਰਕੇ ਰੱਖ ਦਿੱਤਾ ਹੈ। ਕੁੜੀਆਂ ਅਤੇ ਔਰਤਾਂ ਵੱਲੋਂ ਪੂਰੀ ਤਰ੍ਹਾਂ ਸਜ-ਧਜ ਕੇ ਖਿਚਵਾਈਆਂ ਫੋਟੋਆਂ ਵਟਸਅਪ ‘ਤੇ ਲਗਾਉਣ ਅਤੇ ਫੇਸਬੁੱਕ ‘ਤੇ ਪਾਉਣ ਦਾ ਰਿਵਾਜ਼ ਆਮ ਜਿਹਾ ਹੋ ਗਿਆ ਹੈ। ਕਈ ਵਾਰ ਧੀਆਂ-ਭੈਣਾਂ ਦੀਆਂ ਸ਼ੇਅਰ ਕੀਤੀਆਂ ਫੋਟੋਆਂ ਬਾਬਤ ਮਾੜੇ ਅਨਸਰਾਂ ਵੱਲੋਂ ਭੱਦੀਆਂ ਟਿੱਪਣੀਆਂ ਕਰ ਦਿੱਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਦੀਆਂ ਟਿੱਪਣੀਆਂ ਤੋਂ ਝਗੜੇ ਹੋਣ ਦੀਆਂ ਘਟਨਾਵਾਂ ਵੀ ਆਮ ਹੋ ਰਹੀਆਂ ਹਨ। ਸੋਸ਼ਲ ਮੀਡੀਆ ਨੇ ਪੈਸਾ ਵੀ ਪਰਦੇ ਦਾ ਅਧਿਕਾਰੀ ਨਹੀਂ ਰਹਿਣ ਦਿੱਤਾ। ਪਿਛਲੇ ਦਿਨੀਂ ਹੱਥ ਵਿੱਚ ਪਿਸਤੌਲ ਅਤੇ ਨੋਟਾਂ ਦੇ ਢੇਰ ਨਾਲ ਔਰਤ ਦੀ ਵਾਇਰਲ ਹੋਈ ਵੀਡੀਓ ਵੇਖ ਕੇ ਮੱਥੇ ‘ਤੇ ਹੱਥ ਮਾਰੇ ਬਿਨਾਂ ਨਾ ਰਿਹਾ ਗਿਆ। ਕਈ ਲਿਖਣਗੇ, ਅੱਜ ਪਹਿਲੀ ਤਨਖਾਹ ਮਿਲੀ ਹੈ ਜੀ। ਸੋਸ਼ਲ ਮੀਡੀਆ ‘ਤੇ ਘਰ ਦੀਆਂ ਗੁਪਤ ਸੂਚਨਾਵਾਂ ਸ਼ੇਅਰ ਕਰਨ ਵਾਲਿਆਂ ਨੂੰ ਅਕਸਰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇੱਕ ਵਾਰ ਪੜ੍ਹਿਆ ਸੀ ਕਿ ਕਿਸੇ ਪਰਿਵਾਰ ਨੇ ਪੋਸਟ ‘ਵਾਹਿਗੁਰੂ ਦੀ ਕਿਰਪਾ ਨਾਲ ਸਾਰਾ ਪਰਿਵਾਰ ਫਲਾਂ ਜਗ੍ਹਾ ਚੱਲੇ ਹਾਂ’ ਪਾ ਕੇ ਚੋਰਾਂ ਨੂੰ ਖੁਦ ਹੀ ਸੂਚਨਾ ਅਤੇ ਘਰ ਆਉਣ ਦਾ ਸੱਦਾ ਦੇ ਦਿੱਤਾ ਸੀ। ਪੋਸਟ ਪੜ੍ਹ ਕੇ ਚੋਰਾਂ ਨੇ ਘਰ ‘ਤੇ ਹੱਥ ਸਾਫ ਕਰ ਦਿੱਤਾ।
ਸੋਸ਼ਲ ਮੀਡੀਆ ਦੀ ਨਿੱਜੀ ਜਿੰਦਗੀ ਵਿੱਚ ਘੁਸਪੈਠ ਵਿਚਲਾ ਇਜ਼ਾਫਾ ਸੱਚਮੁੱਚ ਹੀ ਫਿਕਰ ਕਰਨ ਵਾਲਾ ਹੈ। ਬੈੱਡਾਂ ਅਤੇ ਘਰ ਦੀਆਂ ਧੀਆਂ-ਭੈਣਾਂ ਤੱਕ ਪੁੱਜਿਆ ਸੋਸ਼ਲ ਮੀਡੀਆ ਇਸ ਤੋਂ ਅੱਗੇ ਕਿਸ ਹੱਦ ਤੱਕ ਸਾਡੀ ਨਿੱਜੀ ਜਿੰਦਗੀ ਨੂੰ ਬੇਪਰਦ ਕਰ ਸਕਦਾ ਹੈ ਬਾਰੇ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ। ਸੋਸ਼ਲ ਮੀਡੀਆ ਜਰੀਏ ਆਪਣੀ ਜਿੰਦਗੀ ਦੀਆਂ ਗੁਪਤਾਵਾਂ ਨੂੰ ਜਨਤਕ ਕਰਕੇ ਆਪਣੀ ਮੂਰਖਤਾ ਦਾ ਖੁਦ ਸਬੂਤ ਦੇਣ ਵਾਲੇ ਲੋਕਾਂ ਦੀ ਸ਼ਾਇਦ ਮੱਤ ਹੀ ਮਾਰੀ ਗਈ ਹੈ। ਇਸ ਤੋਂ ਪਹਿਲਾਂ ਕਿ ਸੋਸ਼ਲ ਮੀਡੀਆ ਦਾ ਸਾਡੀ ਨਿੱਜੀ ਜਿੰਦਗੀ ਵਿੱਚ ਪ੍ਰਵੇਸ਼ ਹੋਰ ਭਿਆਨਕ ਰੂਪ ਅਖਤਿਆਰ ਕਰੇ, ਸਾਨੂੰ ਸੋਸ਼ਲ ਮੀਡੀਆ ਦੇ ਇਸਤੇਮਾਲ ਬਾਬਤ ਸੁਮੱਤ ਵਿਖਾਉਣ ਦੀ ਜਰੂਰਤ ਹੈ।

 

ਸ਼ਕਤੀ ਨਗਰ, ਬਰਨਾਲਾ।
ਮੋ. 98786-05965

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।