ਬਜ਼ੁਰਗਾਂ ਦਾ ਸਤਿਕਾਰ ਅਤੇ ਸਾਂਭ-ਸੰਭਾਲ ਸਮੇਂ ਦੀ ਲੋੜ

ਬਜ਼ੁਰਗਾਂ ਦਾ ਸਤਿਕਾਰ ਅਤੇ ਸਾਂਭ-ਸੰਭਾਲ ਸਮੇਂ ਦੀ ਲੋੜ

ਬਜ਼ੁਰਗ ਕਹਿਣਾ ਬਹੁਤ ਹੀ ਸੌਖਾ ਹੈ। ਛੋਟੇ ਜਿਹੇ ਇਸ ਸ਼ਬਦ ਦੇ ਗੁਣ ਬਹੁਤ ਹੀ ਵੱਡੇ ਤੇ ਸ਼ਕਤੀਸ਼ਾਲੀ ਹਨ। ਬਜ਼ੁਰਗ ਮਾਂ-ਬਾਪ ਹਰ ਘਰ ਵਿੱਚ ਬੋਹੜ ਵਾਂਗ ਹੁੰਦੇ ਨੇ ਜੋ ਸਾਰਿਆਂ ਨੂੰ ਆਪਣੀ ਛਾਂ ਹੇਠ ਰੱਖਦੇ ਹਨ। ਪਰ ਇਨ੍ਹਾਂ ਬੋਹੜਾਂ ਦੇ ਅਰਥ ਸਮਝਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਇਨ੍ਹਾਂ ਅਰਥਾਂ ਨੂੰ ਕੋਈ ਵਿਰਲਾ ਹੀ ਸਮਝ ਸਕਦਾ ਹੈ। ਫ਼ਾਰਸੀ ਵਿੱਚ ਬਜ਼ੁਰਗ ਦਾ ਅਰਥ ਹੁੰਦਾ ਹੈ ਵੱਡਾ, ਕੇਵਲ ਉਮਰ ਪੱਖੋਂ ਨਹੀਂ, ਤਜ਼ਰਬੇਕਾਰ, ਸਿਆਣਾ ਤੇ ਸੂਝਵਾਨ ਵਿਅਕਤੀ ਬਜ਼ੁਰਗ ਅਖਵਾਉਂਦਾ ਹੈ।

ਇੱਕ ਸਮਾਂ ਸੀ ਜਦੋਂ ਬਜ਼ੁਰਗ ਨੂੰ ਘਰ ਦੇ ਵਿਹੜੇ ਦਾ ਸ਼ਿੰਗਾਰ ਮੰਨਿਆ ਜਾਂਦਾ ਸੀ, ਤੇ ਉਹ ਗੁਣਾਂ ਨਾਲ ਭਰਪੂਰ ਖ਼ਜਾਨੇ ਹੁੰਦੇ ਸਨ। ਉਸ ਸਮੇਂ ਬੱਚੇ ਆਪਣੇ ਮਾਤਾ-ਪਿਤਾ ਨੂੰ ਰੱਬ ਦਾ ਦਰਜਾ ਦਿੰਦੇ ਸਨ, ਪਰ ਅੱਜ ਦੇ ਦੌਰ ਵਿੱਚ ਬਜੁਰਗ ਦਾ ਕਿੰਨਾ ਕੁ ਸਤਿਕਾਰ ਰਹਿ ਗਿਆ ਹੈ, ਇਸ ਦਾ ਅੰਦਾਜਾ ਲਗਾਤਾਰ ਖੁੱਲ੍ਹ ਰਹੇ ਬਿਰਧ ਆਸ਼ਰਮ ਤੋਂ ਲਾਇਆ ਜਾ ਸਕਦਾ ਹੈ। ਆਪਣੇ ਮਾਤਾ-ਪਿਤਾ ਦੀ ਸੇਵਾ ਵਿੱਚ ਪੁੱਤਰ ਸਰਵਣ ਦਾ ਨਾਂਅ ਬੜੇ ਹੀ ਅਦਬ ਨਾਲ ਲਿਆ ਜਾਂਦਾ ਹੈ, ਜਿਸ ਨੇ ਆਪਣੇ ਨੇਤਰਹੀਣ ਮਾਤਾ-ਪਿਤਾ ਨੂੰ ਚੁੱਕ ਕੇ ਤੀਰਥ ਯਾਤਰਾ ਕਰਵਾਈ। ਅੱਜ ਦੇ ਯੁਗ ਵਿੱਚ ਬੱਚਿਆਂ ਦੇ ਮੂੰਹ ਵਿੱਚੋਂ ਬਜ਼ੁਰਗਾਂ ਲਈ ਦੋ ਮਿੱਠੇ ਬੋਲ ਵੀ ਨਹੀਂ ਨਿੱਕਲਦੇ।

ਬਜ਼ੁਰਗਾਂ ਦੀ ਇਕੱਲਤਾ ਦਾ ਕਾਰਨ: ਅਜੋਕੇ ਸਮੇਂ ਵਿੱਚ ਮੋਬਾਇਲ ਅਤੇ ਇੰਟਰਨੈੱਟ ਬਜ਼ੁਰਗਾਂ ਦੀ ਇਕੱਲਤਾ ਦਾ ਇੱਕ ਵੱਡਾ ਕਾਰਨ ਹਨ। ਫੇਸਬੁੱਕ, ਵੱਟਸਐਪ, ਇੰਸਟਾਗ੍ਰਾਮ ਤੇ ਟਵਿੱਟਰ ਵਰਗੇ ਅਨੇਕਾਂ ਫੰਕਸ਼ਨ ਹਨ। ਆਦਮੀ ਘਰੋਂ ਬਾਹਰ ਨਿੱਕਲੇ ਬਗੈਰ ਹੀ ਸਾਰੀ ਦੁਨੀਆ ਨਾਲ ਜੁੜਿਆ ਰਹਿੰਦਾ ਹੈ। ਪਰ ਸਾਡੇ ਬਜ਼ੁਰਗਾਂ ਨੂੰ ਇਨ੍ਹਾਂ ਦੀ ਜਾਚ ਨਹੀਂ ਹੈ।  ਪਹਿਲਾਂ ਬਜ਼ੁਰਗ ਆਪਣੇ ਬੱਚਿਆਂ ਨੂੰ, ਪੋਤੇ-ਪੋਤੀਆਂ ਨੂੰ ਰਾਤ ਸਮੇਂ ਕਹਾਣੀਆਂ ਸੁਣਾਉਂਦੇ ਸਨ। ਉਨ੍ਹਾਂ ਨੂੰ ਸਲਾਹਾਂ ਦਿੰਦੇ ਸਨ।

ਪਰ ਬਦਲਦੇ ਸਮੇਂ ਨੇ ਬਜ਼ੁਰਗਾਂ ਦੀ ਘਰ ਵਿੱਚ ਉਪਯੋਗਤਾ ਹੀ ਖ਼ਤਮ ਕਰ ਦਿੱਤੀ ਹੈ। ਬਜ਼ੁਰਗ ਇਕੱਲਤਾ ਦਾ ਸ਼ਿਕਾਰ ਹੋ ਰਹੇ ਹਨ। ਵਕਤ ਬਦਲ ਗਿਆ ਹੈ, ਖੂਨ ਸਫੇਦ ਹੋ ਗਿਆ ਹੈ ਤੇ ਰਿਸ਼ਤੇ ਮਤਲਬੀ ਹੋ ਗਏ ਹਨ। ਇਸ ਦਾ ਇੱਕ ਕਾਰਨ ਸੋਚ ਵਿੱਚ ਅੰਤਰ ਹੈ। ਅੱਜ ਦੀ ਪੀੜ੍ਹੀ ਨੂੰ ਬਜ਼ੁਰਗਾਂ ਦੀ ਨੁਕਤਾਚੀਨੀ ਚੰਗੀ ਨਹੀਂ ਲੱਗਦੀ। ਵਧੇਰੇ ਪੈਸੇ ਕਮਾਉਣ ਦੇ ਲਾਲਚ ਵਿੱਚ ਵੀ ਕਈ ਵਾਰ ਔਲਾਦ ਮਾਪਿਆਂ ਨੂੰ ਪਿੱਛੇ ਇਕੱਲੇ ਛੱਡ ਵਿਦੇਸ਼ ਚਲੀ ਜਾਂਦੀ ਹੈ। ਫਿਰ ਉੱਥੇ ਪੱਕਾ ਵਸੇਬਾ ਬਣਾ ਲੈਂਦੀ ਹੈ ਤੇ ਬਜੁਰਗ ਪੁੱਤ-ਪੋਤਰੇ ਨੂੰ ਦੇਖਣ ਦੀ ਉਮੀਦ ਵਿੱਚ ਹੀ ਪਿੱਛੇ ਰਹਿ ਜਾਂਦੇ ਹਨ।

ਅੱਜ ਦੀ ਸਥਿਤੀ: ਅੱਜ ਦੇ ਬੱਚੇ ਬਜ਼ੁਰਗਾਂ ਨਾਲ ਦੁਰਵਿਵਹਾਰ ਕਰਨ ਨੂੰ ਮਿੰਟ ਨਹੀਂ ਲਾਉਂਦੇ। ਬਜ਼ੁਰਗ ਨੂੰ ਉਹ ਅਦਬ-ਸਤਿਕਾਰ ਨਹੀਂ ਮਿਲਦਾ ਜਿਸ ਦੇ ਉਹ ਅਸਲ ਹੱਕਦਾਰ ਹੁੰਦੇ ਹਨ। ਉਨ੍ਹਾਂ ਦੀਆਂ ਇੱਛਾਵਾਂ ਦਾ ਖਿਆਲ ਨਹੀਂ ਰੱਖਿਆ ਜਾਂਦਾ ਤੇ ਉਨ੍ਹਾਂ ਨੂੰ ਦਾਦਾ-ਦਾਦੀ ਕਹਿਣ ਦੀ ਬਜਾਏ ਬੁੜ੍ਹਾ-ਬੁੜ੍ਹੀ ਕਿਹਾ ਜਾਂਦਾ ਹੈ। ਆਪਣੀ ਆਲੀਸ਼ਾਨ ਕੋਠੀ ਵਿੱਚ ਉਨ੍ਹਾਂ ਦਾ ਬਿਸਤਰਾ ਕਿਸੇ ਨੁੱਕਰੇ ਲਾ ਦਿੱਤਾ ਜਾਂਦਾ ਹੈ, ਤੇ ਬੱਚੇ ਜਾਇਦਾਦ ਦੇ ਨਾਲ-ਨਾਲ ਮਾਂ-ਪਿਓ ਵੀ ਵੰਡ ਲੈਂਦੇ ਹਨ। ਕਿੱਧਰ ਨੂੰ ਜਾ ਰਿਹਾ ਸਾਡਾ ਸਮਾਜ?

ਸਾਡੇ ਸਮਾਜ ਵਿੱਚ ਕਿੰਨੀਆਂ ਹੀ ਮਾਵਾਂ ਔਲਾਦ ਦੀ ਬੇਕਦਰੀ ਦਾ ਸ਼ਿਕਾਰ ਹੋਈਆਂ ਹਨ। ਬੀਤੇ ਦਿਨੀਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਘਟਨਾ ਸਾਹਮਣੇ ਆਈ ਜਿੱਥੇ ਇੱਕ ਮਾਂ ਢਾਰੇ ਹੇਠ ਜੀਵਨ ਗੁਜ਼ਾਰਦੀ ਚੱਲ ਵੱਸੀ। ਉਸ ਮਾਂ ਦੇ ਅਫਸਰ ਪੁੱਤ ਏ. ਸੀ. ਦੀ ਹਵਾ ਲੈ ਰਹੇ ਸਨ ਜਦੋਂਕਿ ਮਾਂ ਅੱਤ ਦੀ ਗਰਮੀ ਵਿੱਚ ਜੀਵਨ ਸੰਘਰਸ਼ ਕਰ ਰਹੀ ਸੀ।

ਉਸ ਮਾਂ ਦੇ ਸਿਰ ਵਿੱਚ ਕੀੜੇ ਤੱਕ ਪਏ ਹੋਏ ਸਨ। ਕੀ ਬੀਤੀ ਹੋਵੇਗੀ ਉਸ ਮਾਂ ‘ਤੇ ਜਿਸ ਨੇ ਨੌਂ ਮਹੀਨੇ ਤੱਕ ਆਪਣੀ ਔਲਾਦ ਕੁੱਖ ਵਿੱਚ ਰੱਖੀ। ਜਿਸ ਪੁੱਤ ਨੂੰ ਪਾਲਿਆ ਉਸੇ ਹੀ ਪੁੱਤ ਨੂੰ ਮਾਂ ਬੋਝ ਲੱਗਣ ਲੱਗ ਗਈ। ਅਜਿਹੀਆਂ ਹੋਰ ਵੀ ਬਹੁਤ ਘਟਨਾਵਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅੱਜ ਦੇ ਦੌਰ ‘ਚ ਭੱਜ-ਦੌੜ ਦੀ ਜ਼ਿੰਦਗੀ ਵਿੱਚ ਬਜ਼ੁਰਗਾਂ ਦਾ ਸਤਿਕਾਰ ਨਹੀਂ ਰਿਹਾ। ਇਹੋ ਕਾਰਨ ਹੈ ਕਿ ਧੜਾਧੜ ਬਿਰਧ ਆਸ਼ਰਮ ਖੁੱਲ੍ਹ ਰਹੇ ਹਨ। ਪੂਰੇ ਭਾਰਤ ਵਿੱਚ ਇਸ ਸਮੇਂ 728 ਰਜਿਸਟਰਡ ਬਿਰਧ ਆਸ਼ਰਮ ਹਨ।

ਜਿਨ੍ਹਾਂ ਵਿੱਚੋਂ 547 ਬਿਰਧ ਆਸ਼ਰਮਾਂ ਦੀ ਜਾਣਕਾਰੀ ਵਿਸਥਾਰ ਪੂਰਵਕ ਉਪਲੱਬਧ ਹੈ। ਇਨ੍ਹਾਂ ਵਿੱਚੋਂ 325 ਆਸ਼ਰਮ ਕੋਈ ਵੀ ਪੈਸਾ ਨਹੀਂ ਲੈਂਦੇ ਭਾਵ ਕਿ ਇੱਥੇ ਜੋ ਵੀ ਬਜ਼ੁਰਗ ਰਹੇਗਾ ਉਸ ਦਾ ਕੋਈ ਵੀ ਖਰਚਾ ਨਹੀਂ ਹੋਵੇਗਾ। 95 ਆਸ਼ਰਮ ਪੈਸਾ ਲੈਂਦੇ ਹਨ। 116 ਆਸ਼ਰਮ ਜਿੱਥੇ ਕਿ ਮੁਫ਼ਤ ਵੀ ਰਹਿ ਸਕਦੇ ਹਨ। ਟੈਲੀਵਿਜ਼ਨ ਦੇ ਵੱਖ-ਵੱਖ ਚੈਨਲਾਂ ‘ਤੇ ਪਰਿਵਾਰਾਂ ਦੇ ਰਿਸ਼ਤਿਆਂ ਵਿੱਚ ਤਰੇੜਾਂ ਪੈਦਾ ਕਰਨ ਵਾਲੇ ਲੜੀਵਾਰ ਵੀ ਇਸ ਮਾਮਲੇ ਵਿੱਚ ਆਪਣਾ ਮਾੜਾ ਯੋਗਦਾਨ ਪਾ ਰਹੇ ਹਨ। ਜਿਨ੍ਹਾਂ ਮਾਪਿਆਂ ਨੇ ਹੱਡ ਤੋੜ ਮਿਹਨਤ ਕੀਤੀ, ਇਹ ਸੋਚ ਕੇ ਕਿ ਉਨ੍ਹਾਂ ਦੇ ਬੱਚਿਆਂ ਨੂੰ ਕੋਈ ਮੁਸ਼ਕਲ ਨਾ ਆਵੇ, ਉਹ ਬਜ਼ੁਰਗ ਅੱਜ ਬਿਰਧ ਆਸ਼ਰਮ ਵਿੱਚ ਰਹਿਣ ਲਈ ਮਜਬੂਰ ਹਨ।

ਬਜ਼ੁਰਗਾਂ ਦੇ ਇਕੱਲੇ ਰਹਿਣ ਕਾਰਨ ਉਨ੍ਹਾਂ ਦੇ ਸੁਭਾਅ ਵਿੱਚ ਚਿੜਚਿੜਾਪਣ ਆ ਗਿਆ ਹੈ। ਇਹ ਚਿੜਚਿੜਾਪਣ ਵੀ ਉਨ੍ਹਾਂ ਦੀ ਦੇਣ ਹੈ ਜੋ ਸੋਚਦੇ ਹਨ ਕਿ ਇਹ ਬਜ਼ੁਰਗ ਤਾਂ ਵਿਹਲੇ ਹਨ, ਐਵੇਂ ਸਾਰਾ ਦਿਨ ਟੋਕਦੇ ਰਹਿੰਦੇ ਹਨ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਬਜ਼ੁਰਗਾਂ ਨੇ ਉਮਰ ਹੰਢਾਈ ਹੈ ਤੇ ਉਹ ਸਾਡੇ ਨਾਲੋਂ ਜ਼ਿਆਦਾ ਸਹੀ-ਗਲਤ ਦਾ ਫਰਕ ਜਾਣਦੇ ਹਨ। ਸਾਡੇ ਸੱਭਿਆਚਾਰ ਵਿੱਚ ਬਜ਼ੁਰਗ ਨੂੰ ਬਾਬਾ ਬੋਹੜ ਤੇ ਬਜ਼ੁਰਗ ਔਰਤ ਨੂੰ ਘਣਛਾਵੀਂ ਬੇਰੀ ਕਹਿ ਕੇ ਬੁਲਾਇਆ ਜਾਂਦਾ ਹੈ। ਪਰ ਹੁਣ ਉਨ੍ਹਾਂ ਨੂੰ ਬੁੜਾ-ਬੁੜ੍ਹੀ ਕਹਿ ਕੇ ਤ੍ਰਿਸਕਾਰਿਆ ਜਾਂਦਾ ਹੈ। ਕਿੱਧਰ ਨੂੰ ਜਾ ਰਿਹਾ ਸਾਡਾ ਸਮਾਜ?

ਪੂਰੇ ਸੰਸਾਰ ਵਿਚ ਮਦਰ ਡੇ, ਫਾਦਰ ਡੇ ਮਨਾਉਣ ਦੀ ਰੀਤ ਪ੍ਰਚੱਲਿਤ ਹੈ। ਪੂਰਾ ਸਾਲ ਲੋਕ ਬਜ਼ੁਰਗਾਂ ਨੂੰ ਪੁੱਛਦੇ ਨਹੀਂ ਪਰ ਉਸ ਤਿਉਹਾਰ ਦੇ ਦਿਨ ਸਾਰੇ ਹੀ ਬਜ਼ੁਰਗਾਂ ਨਾਲ ਫੋਟੋਆਂ ਪਾਉਂਦੇ ਹਨ, ਇਸ ਦਾ ਕੀ ਮਤਲਬ ਹੈ? ਪਦਾਰਥਕ ਦੌੜ ਕਾਰਨ ਬਜ਼ੁਰਗਾਂ ਦੀ ਅਣਦੇਖੀ ਕਰਨ ਤੇ ਬੱਚਿਆਂ ਪ੍ਰਤੀ ਲਾਪਰਵਾਹੀ ਕਾਰਨ ਬੱਚੇ ਮਾੜੀ ਸੰਗਤ ਤੇ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ। ਮਾਪੇ ਆਰਥਿਕ ਦੌੜ ਵਿੱਚ ਲੱਗੇ ਹਨ। ਔਲਾਦ ਵਿਗੜ ਰਹੀ ਹੈ। ਅਜਿਹੇ ਸਮੇਂ ਬਜ਼ੁਰਗ ਸਹਾਰਾ ਬਣ ਸਕਦੇ ਹਨ। ਸੰਤੁਲਿਤ ਤੇ ਮਜ਼ਬੂਤ ਸਮਾਜ ਲਈ ਬਜ਼ੁਰਗਾਂ ਨੂੰ ਸੰਭਾਲਣਾ ਬੇਹੱਦ ਜ਼ਰੂਰੀ ਹੈ। ਬਜ਼ੁਰਗਾਂ ਦੀ ਬੇਕਦਰੀ ਨੂੰ ਠੱਲ੍ਹ ਪਾਉਣ ਲਈ ਸਰਕਾਰ ਨੂੰ ਵੀ ਕੁਝ ਉਪਰਾਲੇ ਕਰਨੇ ਪੈਣਗੇ। ਇੱਕ ਵੱਖਰਾ ਸੈੱਲ ਬਣਾਇਆ ਜਾਵੇ ਜੋ ਬਜ਼ੁਰਗਾਂ ਦੀ ਦੇਖਭਾਲ ਕਰੇ। ਬਜ਼ੁਰਗਾਂ ਨਾਲ ਕਿੱਥੇ ਕੀ ਹੋ ਰਿਹਾ ਇਸ ਸਭ ‘ਤੇ ਨਜ਼ਰ ਰੱਖੇ।

ਇਸ ਤੋਂ ਇਲਾਵਾ ਸਰਕਾਰਾਂ, ਪ੍ਰਸ਼ਾਸਨ ਨੂੰ ਹਦਾਇਤਾਂ ਦੇਣ। ਵੋਟਰ ਲਿਸਟਾਂ ‘ਚੋਂ ਸੀਨੀਅਰ ਸੀਟੀਜ਼ਨ ਦੀਆਂ ਲਿਸਟਾਂ ਬਣਾਈਆਂ ਜਾਣ। ਉਨ੍ਹਾਂ ਦੀ ਦੇਖਭਾਲ ਕਿਵੇਂ ਹੋ ਰਹੀ ਹੈ। ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਤਾਂ ਨਹੀਂ ਕੀਤਾ ਜਾ ਰਿਹਾ, ਉਨ੍ਹਾਂ ਦੀ ਜ਼ਮੀਨ- ਜਾਇਦਾਦ ਦਾ ਸਟੇਟਸ ਕੀ ਹੈ, ਉਨ੍ਹਾਂ ਦਾ ਸਮੇਂ ਸਿਰ ਮੈਡੀਕਲ ਚੈਕਅੱਪ ਹੋ ਰਿਹਾ ਹੈ ਜਾਂ ਨਹੀਂ, ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ, ਦਾ ਧਿਆਨ ਰੱਖਿਆ ਜਾਵੇ। ਅੱਜ ਲੋੜ ਹੈ ਬਜ਼ੁਰਗਾਂ ਨੂੰ ਨਾਲ ਲੈ ਕੇ ਤੁਰਨ ਦੀ, ਬਜ਼ੁਰਗਾਂ ਤੇ ਬੱਚਿਆਂ ਨੂੰ ਆਪਣੇ ਜਜ਼ਬਾਤਾਂ ‘ਤੇ ਕਾਬੂ ਰੱਖਣਾ ਪਵੇਗਾ। ਬੱਚਿਆਂ ਨੂੰ ਇਸ ਸਬੰਧੀ ਸਿੱਖਿਆ ਦੇਣ ਦੀ ਜ਼ਰੂਰਤ ਹੈ ਤਾਂ ਜੋ ਉਹ ਬਜ਼ੁਰਗਾਂ ਦਾ ਸਤਿਕਾਰ ਕਰਨ। ਸਮਾਜਿਕ ਕਦਰਾਂ-ਕੀਮਤਾਂ ਲਈ ਬਜ਼ੁਰਗਾਂ ਨੂੰ ਸੰਭਾਲਣਾ ਅਤੇ ਉਨ੍ਹਾਂ ਦਾ ਸਤਿਕਾਰ ਕਰਨਾ ਸਮੇਂ ਦੀ ਲੋੜ ਹੈ।
ਮੋ. 87278-18505
ਅਰਸ਼ਦੀਪ ਕੌਰ ਢਿੱਲੋਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.