ਪੰਜਾਬੀ ਸਾਹਿਤ ਦੇ ਮਹਿਰਮ ਬੀ.ਐੱਸ. ਬੀਰ ਨੂੰ ਯਾਦ ਕਰਦਿਆਂ

Recalling, Punjabi, Literature, BSBera

ਨਿਰੰਜਣ ਬੋਹਾ 

11 ਜਨਵਰੀ ਦੀ ਸਵੇਰ ਨੂੰ ਹੀ ਫੇਸਬੁੱਕ ‘ਤੇ ਪ੍ਰਬੁੱਧ ਲੇਖਕ ਤੇ ਮਹਿਰਮ ਗਰੁੱਪ ਆਫ ਪਬਲੀਕੇਸ਼ਨਜ਼ ਦੇ ਬਾਨੀ ਬੀ. ਐਸ. ਬੀਰ ਦੇ ਛੋਟੇ ਭਰਾ ਕਰਮਜੀਤ ਸਿੰਘ ਮਹਿਰਮ ਵੱਲੋਂ ਉਨ੍ਹਾਂ ਦੇ ਸਦੀਵੀ ਵਿਛੋੜਾ ਦੇ ਜਾਣ ਦੀ ਸੂਚਨਾ ਪੜ੍ਹੀ ਤਾਂ ਮਨ ਬਹੁਤ ਉਦਾਸ ਹੋ ਗਿਆ ਮੇਰਾ ਉਦਾਸ ਤੇ ਦੁਖੀ ਹੋਣਾ ਸੁਭਾਵਿਕ ਵੀ ਸੀ ਵਰ੍ਹਿਆਂ ਬੱਧੀ ਉਨ੍ਹਾਂ ਦੇ ਪਰਚੇ ਲਈ ਲੜੀਵਾਰ ਕਾਲਮ ਲਿਖਦੇ ਰਹਿਣ ਕਾਰਨ ਉਨ੍ਹਾਂ ਨਾਲ ਮੇਰੀ ਵੱਡੇ–ਛੋਟੇ ਭਰਾਵਾਂ ਵਰਗੀ ਨੇੜਤਾ ਪੈਦਾ ਹੋ ਗਈ ਸੀ ਹੁਣ ਉਹ ਮੈਥੋਂ ਆਪਣੀ ਹੀ ਬਹੁਤ ਧੀਮੀ ਤੇ ਮਿੱਠੀ ਅਵਾਜ਼ ਵਿਚ ਇਹ ਨਹੀਂ ਪੁੱਛਣਗੇ, ਅਗਲੇ ਮਹੀਨੇ ਕਿਹੜਾ ਵਿਸ਼ਾ ਚੁਣਿਆ ਹੈ ਕਾਲਮ ਲਈ? ਇਸ ਸੋਚ ਨੇ ਮੈਨੂੰ ਬੇਚੈਨ ਕਰ ਦਿੱਤਾ ਤਾਂ ਮੈਂ ਬਿਸਤਰਾ ਛੱਡ ਕੇ ਕੰਪਿਊਟਰ ‘ਤੇ ਬੈਠ ਗਿਆ ਤਾਂ ਕਿ ਉਨ੍ਹਾਂ ਨਾਲ ਜੁੜੀਆਂ ਯਾਦਾਂ ਨੂੰ ਤਰਤੀਬ ਦੇ ਕੇ ਦਸਤਾਵੇਜ਼ੀ ਰੂਪ ਵਿਚ ਸੰਭਾਲ ਸਕਾਂ।

ਬੀ. ਐਸ. ਬੀਰ ਤੇ ਉਨ੍ਹਾਂ ਦੇ ਪਰਚੇ ‘ਮਹਿਰਮ’ ਨਾਲ ਮੇਰੀ ਸਾਂਝ ਤਾਂ ਚਿਰੋਕਣੀ ਸੀ ਪਰ ਇਸ ਸਾਂਝ ਨੂੰ ਹੰਢਣਸਾਰ ਤੇ ਨਿੱਘਾ ਬਣਾਉਣ ਵਿਚ ਉਨ੍ਹਾਂ ਦੇ ਕਹਾਣੀ ਸੰਗ੍ਰਹਿ ‘ਨਿੱਕੇ ਵੱਡੇ ਮੈਟਰੋ’ ਦਾ ਵਿਸ਼ੇਸ਼ ਯੋਗਦਾਨ ਰਿਹਾ ਇਹ ਪੁਸਤਕ ਮੈਨੂੰ ਕਿਸੇ ਅਖਬਾਰ ਨੇ ਸਮੀਖਿਆ ਕਰਨ ਹਿੱਤ ਭੇਜੀ ਸੀ ਇਸ ਪੁਸਤਕ ਵਿੱਚੋਂ ਮੈਨੂੰ ਉਨ੍ਹਾਂ ਦੀਆਂ ਕਹਾਣੀਆਂ ਵਿਚਲੀ ਮਾਨਵਤਾਵਾਦੀ ਸੁਰ ਪਸੰਦ ਆ ਗਈ ਤੇ ਉਨ੍ਹਾਂ ਨੂੰ ਮੇਰੇ ਦੁਆਰਾ ਕੀਤਾ ਵਿਸ਼ਲੇਸ਼ਣ ਪਸੰਦ ਆ ਗਿਆ ਫਿਰ ਉਨ੍ਹਾਂ ਦੀ ਹਰ ਪੁਸਤਕ ਮੇਰੇ ਕੋਲ ਪੜ੍ਹਣ ਲਈ ਆਉਂਦੀ ਰਹੀ ਤੇ ਮੈਂ ਲੱਗਦੀ ਵਾਹ ਉਸ ਬਾਰੇ ਆਪਣੀ ਰਾਇ ਲਿਖਦਾ ਵੀ ਰਿਹਾ ਤੇ ਕਿਤੇ ਨਾ ਕਿਤੇ ਛਪਵਾਉਂਦਾ ਵੀ ਰਿਹਾ ਉਨ੍ਹਾਂ ਮੈਨੂੰ ਆਪਣੇ ਪਰਚੇ ‘ਮਹਿਰਮ’ ਲਈ ਲੜੀਵਾਰ ਕਾਲਮ ਲਿਖਣ ਦੀ ਪੇਸ਼ਕਸ਼ ਕੀਤੀ ਤਾਂ ਮੈਂ ਬੜੀ ਖੁਸ਼ੀ ਨਾਲ ਇਹ ਸਵੀਕਾਰ ਲਈ ਇਹ ਕਾਲਮ ਲਿਖਣਾ ਮੇਰੇ ਲਈ ‘ਨਾਲੇ ਗੰਗਾ ਦਾ ਇਸ਼ਨਾਨ ਤੇ ਨਾਲੇ ਵੰਗਾਂ ਦਾ ਵਿਉਪਾਰ’ ਵਾਲੀ ਗੱਲ ਸੀ ਕਾਲਮ ਲਿਖਣ ਲਈ ਉਨ੍ਹਾਂ ਵੱਲੋਂ ਸੇਵਾਫਲ ਵੀ ਦਿੱਤਾ ਜਾਣਾ ਸੀ ਤੇ ਸਾਹਿਤ ਤੇ ਸਾਹਿਤਕਾਰਾਂ ਬਾਰੇ ਕਈ ਨਵੀਆਂ ਗੱਲਾਂ ਕਰਨ ਦਾ ਮੌਕਾ ਵੀ ਮੈਨੂੰ ਮਿਲਣਾ ਸੀ ਉਨ੍ਹਾਂ ਦੇ ਸੁਝਾਅ ‘ਤੇ ਹੀ ਮੈਂ ਇਸ ਕਾਲਮ ਦੇ ਅਧਾਰਿਤ ਪੁਸਤਕ ‘ਮੇਰੇ ਹਿੱਸੇ ਦਾ ਅਦਬੀ ਸੱਚ’ (ਭਾਗ ਪਹਿਲਾ) ਪ੍ਰਕਾਸ਼ਿਤ ਕਰਵਾਈ, ਜਿਸਦਾ ਸਾਹਿਤਕ ਖੇਤਰ ਵਿਚ ਭਰਵਾਂ ਸਵਾਗਤ ਹੋਇਆ ਇਹ ਪੁਸਤਕ ਬੀਰ ਹੁਰਾਂ ਨਾਭਾ ਦੇ ਕਵਿਤਾ ਉਸਤਵ ਸਮੇਂ ਆਪ ਹੀ ਰਿਲੀਜ਼ ਕਰਵਾਈ ਤੇ ਮੈਨੂੰ ਮਹਿਰਮ ਗਰੁੱਪ ਵੱਲੋਂ ਸਨਮਾਨਿਤ ਵੀ ਕੀਤਾ ਹੁਣ ਇਸ ਪੁਸਤਕ ਦਾ ਦੂਜਾ ਭਾਗ ‘ਮੈਂ ਕਿਉਂ ਨਾ ਬੋਲਾਂ?’ ਪ੍ਰਕਾਸ਼ਿਤ ਕਰਾਉਣ ਦਾ ਮਨ ਹੈ ਜਿਸ ਦਾ ਸਮੱਰਪਣ ਬੀ. .ਐਸ . ਬੀਰ ਨੂੰ ਕਰਨਾ ਮੇਰੇ ਲਈ ਜਰੂਰੀ ਹੈ  ਉਨ੍ਹਾਂ ਪਲਾਂ ਦੀ ਯਾਦ ਵੀ ਮੈਨੂੰ ਭਾਵੁਕ ਕਰਨ ਵਾਲੀ ਹੈ ਜਦੋਂ ਕਿਤਾਬ ਦੇ ਰਿਲੀਜ਼ ਹੋਣ ‘ਤੇ ਬੀਰ ਹੁਰਾਂ ਵੱਲੋਂ ਭਰਵਾਂ ਸਨਮਾਨ ਪਾਉਣ ਤੋਂ ਬਾਦ ਮੈਂ ਘਰ ਵਾਪਸੀ ਕਰ ਰਿਹਾ ਸਾਂ ਤਾਂ ਬੀਰ ਹੁਰਾਂ ਮੈਨੂੰ ਰੋਕ ਕੇ ਕਿਹਾ ਕਿ ਬੱਚਿਆਂ ਲਈ ਕੁਝ ਮਠਿਆਈ ਵੀ ਲੈਂਦੇ ਜਾਓ ਉਨ੍ਹਾਂ ਦੇ ਤਾਏ ਵੱਲੋਂ ਕਿਤਾਬ ਰਲੀਜ਼ ਹੋਈ ਹੈ, ਉਨ੍ਹਾਂ ਦਾ ਮੂੰਹ ਵੀ ਮਿੱਠਾ ਹੋਣਾ ਚਾਹੀਦਾ ਹੈ ਭਲਾ ਕਿੰਨੇ ਕੁ ਲੇਖਕ ਨੇ ਜੋ ਆਪਣੇ ਘਰ ਆਏ ਕਿਸੇ ਦੂਜੇ ਲੇਖਕ ਦੀ ਏਨੀ ਆਉ-ਭਗਤ ਕਰਦੇ ਨੇ ਤੇ ਏਨੀ ਮੋਹ ਭਰੀ ਵਿਦਾਇਗੀ ਦੇਂਦੇ ਨੇ ਮੈਂ ਉਨ੍ਹਾਂ ਕੀਮਤੀ ਪਲਾਂ ਨੂੰ ਵੀ ਕਦੇ ਨਹੀਂ ਭੁੱਲਣਾ ਚਾਹਾਂਗਾ ਜਦੋਂ ਉਨ੍ਹਾਂ ਦੇ ਵਿਸ਼ੇਸ਼ ਸੱਦੇ ‘ਤੇ ਮੈਂ ਦਰਸ਼ਨ ਬਰੇਟਾ ਤੇ ਜਗਦੀਸ਼ ਕੁੱਲਰੀਆਂ ਸਮੇਤ ਉਨ੍ਹਾਂ ਨੂੰ ਮਿਲਣ ਨਾਭੇ ਗਿਆ ਸਾਂ ਉਨ੍ਹਾਂ ਕਿੰਨੇ ਚਾਅ ਨਾਲ ਸਾਨੂੰ ਆਪਣੀ ਕਾਰ ਵਿਚ ਬਿਠਾ ਕੇ ਨਾਭੇ ਸ਼ਹਿਰ ਦਾ ਗੇੜਾ ਲਵਾਇਆ ਸੀ ਤੇ ਖਾਸ ਤੌਰ ‘ਤੇ ਘੋੜਿਆਂ ਵਾਲੇ ਗੁਰਦੁਆਰਾ ਸਾਹਿਬ ਲਿਜਾ ਕੇ ਸਾਨੂੰ ਇਸ ਗੁਰਦੁਆਰਾ ਸਾਹਿਬ ਦੇ ਮਾਣਮੱਤੇ ਇਤਿਹਾਸ ਬਾਰੇ ਦੱਸਿਆ ਸੀ।

ਬੀ. ਐਸ. ਬੀਰ ਦਾ ਸ਼ੁਮਾਰ ਪੰਜਾਬੀ ਤੇ ਹਿੰਦੀ ਭਾਸ਼ਾ ਦੇ ਉਨ੍ਹਾਂ ਗਿਣੇ-ਚੁਣਵੇਂ ਲੇਖਕਾਂ ਵਿਚ ਸੀ ਜਿਹੜੇ ਆਪਣੀ ਜਿੰਦਗੀ ਵੱਲੋਂ ਹੰਢਾਏ ਜਾਣ ਵਾਲੇ ਹਰੇਕ ਪਲ ਦੀ ਕੀਮਤ ਜਾਣਦੇ ਵੀ ਸਨ ਤੇ ਉਸ ਨੂੰ ਰੱਜ ਕੇ ਮਾਣਦੇ ਵੀ ਸਨ ਸਮੇਂ ਦੀ ਕਦਰ ਤੇ ਇਸ ਦੀ ਵਰਤੋਂ ਦੀ ਸੁਲਝੀ ਵਿਉਂਤਬੰਦੀ ਸਦਕਾ ਹੀ ਭਾਰਤ ਦੇ ਇਤਿਹਾਸਕ ਦਿਹਾੜੇ (15 ਅਗਸਤ 1947) ਨੂੰ ਜਨਮਿਆਂ ਇਹ ਇਤਿਹਾਸ ਪੁਰਸ਼ ਪੰਜਾਬੀ ਸਾਹਿਤ ਦੇ ਇਤਹਾਸ ਵਿਚ ਵੀ ਨਵੀਆਂ ਪੈੜਾਂ ਪਾ ਗਿਆ ਇੱਕ ਪਾਸੇ ਉਹ ਆਪਣੇ ਹੱਦ ਦਰਜ਼ੇ ਦੇ ਮਿਹਨਤੀ ਸੁਭਾਅ ਦੇ ਬਲਬੂਤੇ ‘ਤੇ ‘ਮਹਿਰਮ ਗਰੁੱਪ ਆਫ ਪਬਲੀਕੇਸ਼ਨਜ਼’ ਵਰਗੇ ਵੱਡੇ ਕਾਰੋਬਾਰੀ ਅਦਾਰੇ ਨੂੰ ਬੁਲੰਦੀਆਂ ਵੱਲ ਲਿਜਾਣ ਵਿਚ ਸਫਲ ਹੋਇਆ ਤਾਂ ਦੂਜੇ ਪਾਸੇ ਨਿਰੰਤਰ ਤੇ ਨਿਸ਼ਠਾ ਪੂਰਨ ਸਾਹਿਤ ਰਚਨਾ ਦਾ ਕਾਰਜ਼ ਵੀ ਜ਼ਾਰੀ ਰੱਖਿਆ ਇੱਕ ਕਾਰੋਬਾਰੀ ਤੇ ਹਮੇਸ਼ਾ ਰੁੱਝੇ ਰਹਿਣ ਵਾਲੇ ਬੰਦੇ ਲਈ ਇਹ ਮੁਸ਼ਕਲ ਕਾਰਜ ਹੁੰਦਾ ਹੈ ਕਿ ਉਹ ਇੱਕ ਸਾਊ, ਸੱਭਿਅਕ ਤੇ ਸਲੀਕੇਦਾਰ ਮਨੁੱਖ ਵੱਜੋਂ ਵੀ ਆਪਣੀ ਸਮਾਜ ਉਪਯੋਗੀ ਹੋਂਦ ਨੂੰ ਸਾਬਿਤ ਕਰੇ ਬੀ. ਐਸ. ਬੀਰ ਦੀਆਂ ਸਮਾਜਿਕ ਗਤੀਵਿਧੀਆਂ ਮੂਹੋਂ ਬੋਲ ਕੇ ਇਹ ਗਵਾਹੀ ਦੇਂਦੀਆਂ ਨੇ ਕਿ ਉਸਦੇ ਆਲੇ-ਦੁਆਲੇ ਦੇ ਸਮਾਜ ਨੂੰ ਉਸਦੇ ਤੁਰ ਜਾਣ ਨਾਲ ਬਹੁਤ ਘਾਟਾ ਪਿਆ ਹੈ ਇਸ ਕਰਮਯੋਗੀ ਬੰਦੇ ਅੰਦਰਲੀ ਸਿਰਜਣਾਤਮਕਤਾ ਉਸ ਨੂੰ ਹਰ ਖੇਤਰ ਵਿਚ ਲਗਾਤਰ ਕਾਰਜ਼ਸੀਲ ਰੱਖਦੀ ਰਹੀ ਹੈ ਮੈਂ ਅਕਸਰ ਉਸ ਬਾਰੇ ਸੋਚਦਾ ਸਾਂ ਕਿ ਪਤਾ ਨਹੀਂ ਉਹ ਕਿਹੜੀ ਮਿੱਟੀ ਦਾ ਬਣਿਆ ਹੈ ਜੋ ਦਿਨ-ਰਾਤ ਮਿਹਨਤ ਕਰਕੇ ਵੀ ਅੱਕਦਾ ਤੇ ਥੱਕਦਾ ਨਹੀਂ, ਸਗੋਂ ਹਮੇਸ਼ਾ ਤਰੋ-ਤਾਜ਼ਾ ਹੀ ਵਿਖਾਈ ਦੇਂਦਾ ਹੈ ।

ਬੀ. ਐਸ. ਬੀਰ ਨੇ ਪੰਜਾਬੀ ਤੇ ਹਿੰਦੀ ਕਹਾਣੀ, ਨਾਵਲ, ਕਵਿਤਾ ਤੇ ਵਾਰਤਕ ਤੇ ਪੱਤਰਕਾਰਤਾ ਦੇ ਖੇਤਰ ਵਿਚ ਜਿੰਨਾ ਮੁੱਲਵਾਨ ਯੋਗਦਾਨ ਪਾਇਆ ਹੈ, ਮੋੜਵੇਂ ਰੂਪ ਵਿੱਚ ਉਸ ਨੂੰ ਉਨੀ ਹੀ ਸਾਹਿਤਕ ਮਾਨਤਾ, ਪ੍ਰਸਿੱਧੀ, ਸਥਾਪਤੀ ਤੇ ਲੋਕਪ੍ਰਿਯਤਾ ਵੀ ਹਾਸਲ ਹੋਈ ਹੈ ਉਸ ਦੀ ਸਾਹਿਤਕ ਦੇਣ ‘ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਕੁਰੂਕੁਸ਼ੇਤਰ ਯੂਨੀਵਰਸਟੀ, ਦਿੱਲੀ ਯੂਨੀਵਰਸਿਟੀ, ਜੇ. ਐਂਡ ਕੇ. ਯੂਨੀਵਰਸਿਟੀ ਤੇ ਹਿਮਾਚਲ ਯੂਨੀਵਰਸਟੀ ਆਦਿ ਨੇ ਅਨੇਕਾਂ ਖੋਜਾਰਥੀਆਂ ਤੋਂ ਪੀ. ਐਚ. ਡੀ. ਤੇ ਐਮ. ਫਿਲ ਪੱਧਰ ਦੇ ਖੋਜ ਕਾਰਜ਼ ਕਰਵਾਏ ਗਏ ਹਨ ਤੇ ਕਰਵਾਏ ਜਾ ਰਹੇ ਹਨ।

ਉਸ ਦੇ ਹੁਣ ਤੱਕ ਪ੍ਰਕਾਸ਼ਿਤ ਹੋਏ ਕਹਾਣੀ ਸੰਗ੍ਰਿਹਾਂ ‘ਕੁਦਰਤ ਬਨਾਮ ਆਦਮੀ, ਪੌਣਾ ਆਦਮੀ, ਬੌਣੇ, ਛੋਟੇ-ਵੱਡੇ ਰੱਬ, ਨਿੱਕੇ-ਵੱਡੇ ਮੈਟਰੋ ਤੇ ਚੁਰਾਹੇ ਖੜ੍ਹਾ ਬੁੱਤ ਬੋਲਦਾ ਤੇ ਗੁਲਾਨਾਰੀ ਰੰਗ ਨੇ ਪੰਜਾਬੀ ਕਹਾਣੀ ਵਿਚ ਉਸ ਦੀ ਨਿਵੇਕਲੀ ਪਹਿਚਾਣ ਬਣਾਈ ਹੈ ਤੇ ਨੈਸ਼ਨਲ ਬੁੱਕ ਟਰੱਸਟ ਦੇ ਸਾਬਕਾ ਚੇਅਰਮੈਨ ਡਾ: ਬਲਦੇਵ ਸਿੰਘ ਬੱਧਨ ਵੱਲੋਂ ਸੰਪਾਦਿਤ 510 ਪੰਨਿਆਂ ਦੀ ਵੱਡ ਅਕਾਰੀ ਪੁਸਤਕ ‘ਬੀ. ਐਸ. ਬੀਰ ਦੀਆਂ ਚੋਣਵੀਆਂ ਕਹਾਣੀਆਂ’ ਨੇ ਇਸ ਪਹਿਚਾਣ ਦੇ ਰੰਗ ਹੋਰ ਗੂੜ੍ਹੇ ਕੀਤੇ ਹਨ ਇਸ ਤਰ੍ਹਾਂ ਉਸ ਦੇ ਸਮੁੱਚੇ ਕਾਵਿ ਸਾਹਿਤ ਨੂੰ ਲੈ ਕੇ ਡਾ. ਸਤੀਸ਼ ਵਰਮਾ, ਡਾ. ਤਰਲੋਕ ਸਿੰਘ ਅਨੰਦ ਤੇ ਨਿਰੰਜਣ ਬੋਹਾ ਵੱਲੋਂ ਸੰਪਾਦਿਤ ਕੀਤੀ 832 ਪੰਨਿਆਂ ਦੀ ਦਸਤਾਵੇਜ਼ੀ ਮਹੱਤਤਾ ਵਾਲੀ ਪੁਸਤਕ ‘ਬੀ. ਐਸ. ਬੀਰ. ਦਾ ਕਾਵਿ ਜਗਤ’ ਵੀ ਭਵਿੱਖ ਦੇ ਖੋਜ਼ਾਰਥੀਆਂ ਲਈ ਇੱਕ ਚਾਨਣ ਮੁਨਾਰਾ ਬਣਨ ਦੀ ਸਮਰੱਥਾ ਰੱਖਦੀ ਹੈ ਪੰਜਾਬੀ ਪਾਠਕਾਂ ਦੇ ਸੁਹਜ ਸੁਆਦ ਨੂੰ ਮਾਨਵਤਾਵਾਦੀ ਤੇ ਲੋਕ ਕਲਿਆਣਕਾਰੀ ਸਾਹਿਤ ਨਾਲ ਜੋੜਨ ਵਿਚ ਬੀਰ ਦਾ ਆਪਣਾ ਵੱਖਰਾ ਯੋਗਦਾਨ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।