ਪੰਜਾਬੀ ‘ਵਰਸਿਟੀ ਵਿਦਿਆਰਥੀਆਂ ਦੇ ਮਸਲਿਆਂ ਦੇ ਹੱਲ ਲਈ ਸਾਬਤ ਹੋ ਰਹੀ ਫ਼ੇਲ੍ਹ

punjabi University, Proven, Solution, Resolving, Issues

ਡੀਐੱਸਓ ਵੱਲੋਂ ਅੱਜ ਵੀ ਧਰਨਾ ਰੱਖਿਆ ਜਾਰੀ, ਅੱਜ ਸਵੇਰੇ ਯੂਨੀਵਰਸਿਟੀ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ ਤੇ ਵਿਦਿਆਰਥੀ ਧਿਰਾਂ ‘ਚ ਹੋਈ ਗੱਲਬਾਤ

ਪਟਿਆਲਾ, ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ‘ਤੇ ਬੈਠੇ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ‘ਡੀਐੱਸਓ’ ਦੇ ਵਿਦਿਆਰਥੀਆਂ ਵੱਲੋਂ ਅੱਜ ਵੀ ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਆਪਣਾ ਧਰਨਾ ਜਾਰੀ ਰੱਖਿਆ ਹੋਇਆ ਹੈ। ਉਂਜ ਭਾਵੇਂ ਕਿ ਪਿਛਲੇ ਦਿਨ ਦੋ ਵਿਦਿਆਰਥੀ ਗੁੱਟਾਂ ਵਿੱਚ ਹੋਈ ਛੜਪ ਦੌਰਾਨ ਯੂਨੀਵਰਸਿਟੀ ਦਾ ਮਾਹੌਲ ਤਣਾਅ ਪੂਰਨ ਬਣਿਆ ਹੋਇਆ ਸੀ, ਜਿਸ ਕਾਰਨ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਸ਼ਾਂਤ ਕਰਨ ਲਈ ਦੋ ਦਿਨਾਂ ਦੀ ਛੁੱਟੀ ਲਈ ਮਜ਼ਬੂਰ ਹੋਣਾ ਪਿਆ ਹੈ।

ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਥੀਆਂ ਦੇ ਮਸਲੇ ਨੂੰ ਸੁਲਝਾਉਣ ਲਈ ਫੇਲ੍ਹ ਸਾਬਤ ਹੋਇਆ ਹੈ। ਅੱਜ ਸ਼ਾਮ 7 ਵਜੇ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ ਸਮੇਤ ਵਿਦਿਆਰਥੀ ਜੱਥੇਬੰਦੀਆਂ ਦੀ ਮੀਟਿੰਗ ਹੋ ਰਹੀ ਹੈ, ਜਿਸ ਵਿੱਚ ਉਕਤ ਮਾਮਲਾ ਤਣਪੱਤਨ ਲੱਗਣ ਦੀ ਸੰਭਾਵਨਾ ਹੈ। ਜਾਣਕਾਰੀ ਅਨੁਸਾਰ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਵੱਲੋਂ ਦੋ ਦਿਨ ਪਹਿਲਾਂ ਵਾਈਸ ਚਾਂਸਲਰ ਦਫ਼ਤਰ ਅੱਗੇ ਰੋਸ ਧਰਨਾ ਆਰੰਭਿਆ ਗਿਆ ਸੀ।

ਇਸ ਵਿਦਿਆਰਥੀ ਧਿਰ ਦੀ ਅਹਿਮ ਮੰਗ ਸੀ ਕਿ ਗਰਲਜ਼ ਹੋਸਟਲ ‘ਚ ਆਉਣ ਜਾਣ ਲਈ ਵਿਦਿਆਰਥਣਾਂ ਨੂੰ ਸਮੇਂ ਦੀ ਕੋਈ ਬੰਦਿਸ਼ ਨਾ ਹੋਵੇ, ਵਿਦਿਅਰਥਣਾਂ ਬੇਰੋਕ 24 ਘੰਟੇ ਹੋਸਟਲ ਆ-ਜਾ ਸਕਣ। ਇਸ ਤੋਂ ਇਲਾਵਾ ਪ੍ਰਬੰਧਕੀ ਬਲਾਕ ਦੀਆਂ ਮੰਗਾਂ ਆਦਿ ਸ਼ਾਮਲ ਹਨ। ਦਿਨ-ਰਾਤ ਦੇ ਧਰਨੇ ਦੌਰਾਨ ਹੀ ਡੀਐੱਸਓ ਦੇ ਕਾਰਕੁੰਨਾਂ ਦੀ ਦੂਜੀ ਵਿਦਿਆਰਥੀ ਧਿਰ ਸੈਪ ‘ਭਲਵਾਨ ਗਰੁੱਪ’ ਨਾਲ ਝੜਪ ਹੋ ਗਈ ਤੇ ਯੂਨੀਵਰਸਿਟੀ ਵਿੱਚ ਮਾਹੌਲ ਤਣਾਅਪੂਰਨ ਰਿਹਾ।

ਉਂਜ ਪ੍ਰਸ਼ਾਸਨ ਵੱਲੋਂ ਬੀਤੀ ਦੇਰ ਰਾਤ ਵਿਦਿਆਥੀ ਜਥੇਬੰਦੀਆਂ ਨਾਲ ਗੱਲਬਾਤ ਕੀਤੀ, ਪਰ ਉਹ ਕਿਸੇ ਨੇਪਰੇ ਨਾ ਚੜ੍ਹੀ, ਜਿਸ ਤੋਂ ਬਾਅਦ ਯੂਨੀਵਰਸਿਟੀ ਵੱਲੋਂ ਦੇਰ ਰਾਤ ਨੂੰ ਹੀ ਦੋ ਦਿਨਾਂ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ। ਯੂਨੀਵਰਸਿਟੀ ਅੰਦਰ ਛੁੱਟੀ ਦੇ ਬਾਵਜੂਦ ਵੀ ਡੀਐੱਸਓ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਧਰਨਾ ਜਾਰੀ ਰੱਖਿਆ ਹੋਇਆ ਹੈ।

ਇਸ ਪੱਤਰਕਾਰ ਨਾਲ ਗੱਲ ਕਰਦਿਆਂ ਡੀਐੱਸਓ ਦੇ ਆਗੂ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਸਾਂਝੇ ਫਰੰਟ ‘ਗੁੰਡਾਗਰਦੀ ਵਿਰੋਧੀ ਫਰੰਟ’ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਡੀਐੱਸਓ ਦੀਆਂ ਮੰਗਾਂ ਦੀ ਹਮਾਇਤ ਕਰਦੇ ਹੋਏ ਸਿਵਲ ਪ੍ਰਸ਼ਾਸਨ ਤੇ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ, ਜਿਸ ਵਿੱਚ ਉਨ੍ਹਾਂ ਵਿਦਿਆਰਥੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ 7 ਵਜੇ ਯੂਨੀਵਰਸਿਟੀ ਪ੍ਰਸ਼ਾਸਨ ਸਮੇਤ ਵਿਦਿਆਥੀਆਂ ਧਿਰਾਂ ਨਾਲ ਗੱਲਬਾਤ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮੀਟਿੰਗ ਵਿੱਚ ਵਿਦਿਆਰਥੀ ਮੰਗਾਂ ਨਾ ਮੰਨੀਆਂ ਗਈਆਂ ਤਾ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

ਡੀਐੱਸਓ ਵੱਲੋਂ ਚਾਰ ਹੋਰ ਜਥੇਬੰਦੀਆਂ ਦੀ ਹਮਾਇਤ ਦਾ ਦਾਅਵਾ

ਸੰਘਰਸ਼ ਕਰ ਰਹੀ ਜਥੇਬੰਦੀ ਡੀਐੱਸਓ ਦਾ ਦਾਅਵਾ ਹੈ ਕਿ ਉਨ੍ਹਾਂ ਡੇਢ ਦਰਜ਼ਨ ਜਥੇਬੰਦੀਆਂ ਵੱਲੋਂ ਹਮਾਇਤ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਸਾਂਝੇ ਫਰੰਟ ‘ਚ ਚਾਰ ਜਥੇਬੰਦੀਆਂ ਜਿਨ੍ਹਾਂ ਵਿੱਚ ਮਾਲਵਾ ਯੂਥ ਫੈਡਰੇਸ਼ਨ ਤੋਂ ਲੱਖਾ ਸਿਧਾਣਾ ਅਤੇ ਰਾਜਵਿੰਦਰ ਸਿੰਘ, ਭਗਤ ਸਿੰਘ ਯੂਥ ਫੈਡਰੇਸ਼ਨ ਹਰਿਆਣਾ, ਨਵ ਪੰਜਾਬ ਵਿਦਿਆਰਥੀ ਮੰਚ ਤੇ ਆਊਟਸੋਰਸਿੰਗ ਸੁਰੱਖਿਆ ਕਰਮਚਾਰੀ ਯੂਨੀਅਨ ਨੇ ਸੰਘਰਸ਼ ਦੀ ਹਮਾਇਤ ਕੀਤੀ ਗਈ ਹੈ। ਉਨ੍ਹਾਂ ਨੂੰ ਪਹਿਲਾਂ ਹੀ 14 ਜਥੇਬੰਦੀਆਂ ਦੇ ਸਾਂਝੇ ਫਰੰਟ ਵੱਲੋਂ ਹਮਾਇਤ ਦਿੱਤੀ ਗਈ ਹੈ।

ਮਾਹੌਲ ਸੁਖਾਵਾ ਕਰਨ ਲਈ ਹੋ ਰਹੇ ਨੇ ਯਤਨ : ਯੂਨੀਵਰਸਿਟੀ ਪ੍ਰਸ਼ਾਸਨ

ਯੂਨੀਵਰਸਿਟੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਯੂਨੀਵਰਸਿਟੀ ਦਾ ਮਾਹੌਲ ਸੁਖਾਵਾ ਬਣਾਉਣ ਲਈ ਹਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸਦੇ ਤਹਿਤ ਹੀ ਦੋ ਦਿਨਾਂ ਲਈ ਯੂਨੀਵਰਸਿਟੀ ਬੰਦ ਕੀਤੀ ਗਈ ਹੈ, ਜਦਕਿ ਸ਼ਨੀਵਾਰ ਤੇ ਐਤਵਾਰ ਦੀ ਯੂਨੀਵਰਸਿਟੀ ਅੰਦਰ ਛੁੱਟੀ ਹੀ ਹੁੰਦੀ ਹੈ। ਯੂਨੀਵਰਸਿਟੀ ਨੇ ਵੀ ਕਿਹਾ ਹੈ ਕਿ ਜੋਂ ਵੀਰਵਾਰ ਤੇ ਸ਼ੁੱਕਰਵਾਰ ਦੀ ਛੁੱਟੀ ਕੀਤੀ ਗਈ ਹੈ, ਇਸ ਦੀ ਭਰਪਾਈ ਅਗਲੇ ਦਿਨਾਂ ‘ਚ ਕੀਤੀ ਜਾਵੇਗੀ। ਇੱਧਰ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਥੀਆਂ ਦੇ ਮਾਮਲੇ ਨਜਿੱਠਣ ‘ਚ ਫੇਲ੍ਹ ਸਾਬਤ ਹੋ ਰਹੀ ਹੈ, ਜਿਸ ਕਾਰਨ ਹੀ ਯੂਨੀਵਰਸਿਟੀ ਬੰਦ ਕਰਨੀ ਪੈ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।