ਪੰਜਾਬ ਸਰਕਾਰ ਵੱਲੋਂ ਕਾਗਜ਼ੀ ਸਟੈਪ ਪੈਪਰਾਂ ਦਾ ਖਾਤਮਾ ਕਰਕੇ ਹਜ਼ਾਰਾਂ ਅਸ਼ਟਾਮ ਫ਼ਰੋਸ ਕੀਤੇ ਬੇਰੁਜ਼ਗਾਰ

ਪੰਜਾਬ ਦੇ ਹਰ ਖਜ਼ਾਨਾ ਦਫ਼ਤਰਾਂ ’ਚ ਅੱਜ ਵੀ ਮੌਜੂਦ ਹਨ ਕਰੋੜਾਂ ਰੁਪਏ ਦੇ ਕਾਗ਼ਜੀ ਸਟੈਪ ਪੇਪਰ

(ਅਨਿਲ ਲੁਟਾਵਾ) ਅਮਲੋਹ। ਪੰਜਾਬ ਸਰਕਾਰ ਵੱਲੋਂ ਕਾਗਜ਼ੀ ਸਟੈਪ ਪੇਪਰ ਖਤਮ ਕਰਕੇ ਈ-ਸਟੈਪ ਦੀ ਸਹੂਲਤ ਦੇਣ ਦਾ ਐਲਾਨ ਕਰਦੇ ਹੋਏ ਸਪੱਸ਼ਟ ਕੀਤਾ ਕਿ ਇਸ ਨਾਲ ਸਟੈਪ ਪੇਪਰਾਂ ਦੀ ਛਪਾਈ ’ਤੇ ਲੱਗਦੇ ਸਲਾਨਾ 35 ਕਰੋੜ ਰੁਪਏ ਦੀ ਬੱਚਤ ਹੋਵੇਗੀ, ਇਸ ਦੀ ਸ਼ੁਰੂਆਤ ਪੰਜਾਬ ਦੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਰਦੇ ਹੋਏ ਕਿਹਾ ਕਿ ਇਸ ਨਾਲ ਮਾਲ ਵਿਭਾਗ ਦੇ ਕੰਮਕਾਜ ਵਿਚ ਹੋਰ ਕੁਸ਼ਲਤਾ ਆਵੇਗੀ ਅਤੇ ਮਾਲੀਏ ਨੂੰ ਲੱਗਦੇ ਖੋਰੇ ਨੂੰ ਰੋਕਣ ਲਈ ਇਹ ਅਹਿਮ ਫ਼ੈਸਲਾ ਸਾਬਤ ਹੋਵੇਗਾ ਲੇਕਿਨ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਕਾਰ ਨੇ ਇਹ ਫ਼ੈਸਲਾ ਲੈਣ ਤੋਂ ਪਹਿਲਾ ਪੰਜਾਬ ਦੇ ਵੱਖ-ਵੱਖ ਖਜ਼ਾਨਾ ਦਫ਼ਤਰਾਂ ਵਿਚੋਂ ਇਹ ਵੇਰਵੇ ਵੀ ਇਕੱਠੇ ਨਹੀਂ ਕੀਤੇ ਕਿ ਖਜ਼ਾਨਾ ਦਫ਼ਤਰਾਂ ਵਿਚ ਕਿੰਨੀ ਰਾਸ਼ੀ ਦੇ ਕਾਗ਼ਜੀ ਸਟੈਪ ਤਿਆਰ ਪਏ ਹਨ।

ਮਿਸਾਲ ਵਜੋਂ ਇਕੱਲੇ ਅਮਲੋਹ ਦੇ ਖਜ਼ਾਨਾ ਦਫ਼ਤਰ ਵਿਚ 4 ਕਰੋੜ ਰੁਪਏ ਦੀ ਰਾਸ਼ੀ ਦੇ ਕਰੀਬ ਇਹ ਕਾਗ਼ਜੀ ਸਟੈਪ ਮੌਜੂਦ ਹਨ ਜਦੋਂਕਿ ਪੰਜਾਬ ਭਰ ਵਿਚ ਇਹ ਕਈ ਸੋ ਕਰੋੜ ਰੁਪਏ ਦੀ ਰਾਸ਼ੀ ਦੇ ਹੋਣੇ ਸੰਭਵ ਹਨ। ਸਰਕਾਰ ਦੇ ਇਸ ਫ਼ੈਸਲੇ ਨਾਲ ਪੰਜਾਬ ਭਰ ਦੇ ਹਜ਼ਾਰਾਂ ਗ਼ਰੀਬ ਪਰਿਵਾਰ ਜੋ ਇਸ ਕਾਰੋਬਾਰ ਦੇ ਸਿਰ ’ਤੇ ਆਪਣੇ ਕੰਮ ਕਾਜ਼ ਕਰਦੇ ਸਨ ਬੇਰੁਜ਼ਗਾਰ ਹੋ ਜਾਣਗੇ ਪ੍ਰੰਤੂ ਸਰਕਾਰ ਨੇ ਉਨ੍ਹਾਂ ਦੇ ਭਵਿੱਖ ਬਾਰੇ ਵੀ ਨਹੀਂ ਸੋਚਿਆ, ਜਿਸ ਕਾਰਨ ਪੰਜਾਬ ਭਰ ਵਿਚ ਇਸ ਦੀ ਵਿੱਕਰੀ ਕਰਨ ਵਾਲੇ ਇਹ ਲਾਇੰਸਸ ਹੋਲਡਰਾਂ ਵਿਚ ਸਰਕਾਰ ਖਿਲਾਫ਼ ਸਖ਼ਤ ਰੋਸ ਹੈ। ਖਜ਼ਾਨਾ ਦਫ਼ਤਰ ਸਰਕਾਰ ਦੇ ਇੱਕਦਮ ਲਏ ਇਸ ਫ਼ੈਸਲੇ ਕਾਰਨ ਇਸ ਗੱਲ ਦੀ ਦੁਚਿੱਤੀ ਵਿਚ ਹਨ ਕਿ ਉਨ੍ਹਾਂ ਪਾਸ ਪਏ ਕਰੋੜਾਂ ਰੁਪਏ ਦੇ ਕਾਗ਼ਜੀ ਸਟੈਪ ਪੇਪਰਾਂ ਨੂੰ ਉਹ ਕਿਸ ਤਰ੍ਹਾਂ ਸੰਭਾਲ ਕਿ ਰੱਖਣਗੇ ਅਤੇ ਇਸ ਦਾ ਕੀ ਕਰਨਗੇ ਕਿਉਕਿ ਸਰਕਾਰ ਦੇ ਆਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਅਸ਼ਟਾਮ ਫ਼ਰੋਸਾਂ ਨੂੰ ਇਹ ਸਟੈਪ ਪੇਪਰ ਜਾਰੀ ਕਰਨ ਤੋਂ ਨਾਹ ਕਰ ਦਿੱਤੀ ਹੈ।

ਸਰਕਾਰ ਦੇ 1 ਜੂਨ ਨੂੰ ਇਸ ਸਬੰਧੀ ਜਾਰੀ ਆਦੇਸ਼ਾਂ ਮੁਤਾਬਕ ਹੁਣ ਹਰ ਕੀਮਤ ਦੇ ਸਟੈਪ ਪੇਪਰ ਨੂੰ ਈ-ਸਟੈਪ ਰਾਹੀ ਯਾਨੀ ਕੰਪਿਊਟਰ ਤੋਂ ਪਿ੍ਰੰਟ-ਆਊਟ ਰਾਹੀਂ ਕਿਸੇ ਵੀ ਅਸ਼ਟਾਮ ਫਰੋਸ ਜਾਂ ਪੰਜਾਬ ਸਰਕਾਰ ਵੱਲੋਂ ਅਧਿਕਾਰਤ ਬੈਕਾਂ ਤੋਂ ਪ੍ਰਾਪਤ ਕੀਤਾ ਜਾ ਸਕੇਗਾ। ਜੇਕਰ ਅਸ਼ਟਾਮ ਫਰੋਸ ਇਸ ਦਾ ਪਿ੍ਰੰਟ-ਆਊਟ ਜਾਰੀ ਕਰੇਗਾ ਤਾਂ ਉਸ ਦੇ ਲਈ ਉਸ ਨੂੰ ਕੰਪਿਊਟਰ ਅਤੇ ਪਿ੍ਰੰਟਰ ਦੀ ਜਰੂਰਤ ਹੋਵੇਗੀ ਜਦੋਂਕਿ ਸਰਕਾਰ ਵੱਲੋਂ ਜਾਰੀ ਅਸ਼ਟਾਮ ਫ਼ਰੋਸ ਨੂੰ ਇਸ ਨੂੰ ਰੱਖਣ ਦਾ ਕੋਈ ਹੱਕ ਨਹੀਂ, ਦੂਸਰਾ ਇਸ ਪਿ੍ਰੰਟ ਆਊਟ ਨਾਲ ਉਸ ਦਾ ਕਿੰਨਾ ਖਰਚ ਆਵੇਗਾ ਉਹ ਕਿਸ ਤਰ੍ਹਾਂ ਇਸ ਖਰਚੇ ਨੂੰ ਪੂਰਾ ਕਰੇਗਾ ਇਸ ਬਾਰੇ ਵੀ ਕੋਈ ਸਪੱਸ਼ਟ ਨਹੀਂ।

ਪੰਜਾਬ ਦੇ ਮਾਲ ਮੰਤਰੀ ਨੇ ਆਪਣੇ ਹੁਕਮਾਂ ਵਿਚ ਦੱਸਿਆ ਕਿ ਇਹ ਸਹੂਲਤ ਕੇਵਲ 20 ਹਜ਼ਾਰ ਰੁਪਏ ਤੋਂ ਵੱਧ ਦੇ ਸਟੈਪ ਪੇਪਰਾਂ ’ਤੇ ਸੀ ਜਦੋਂਕਿ ਹੁਣ ਇਹ ਸਹੂਲਤ ਇੱਕ ਰੁਪਏ ਦੇ ਸਟੈਪ ਪੇਪਰ ਤੱਕ ਕਰ ਦਿੱਤੀ ਹੈ। ਅਸ਼ਟਾਮ ਫ਼ਰੋਸਾਂ ਨੇ ਦੱਸਿਆ ਕਿ ਇਹ ਪਿ੍ਰੰਟ ਆਊਟ ਜਾਰੀ ਕਰਨ ਲਈ ਇੱਕ ਰੁਪਏ ਦੇ ਸਟੈਪ ਪੇਪਰ ਉਪਰ ਵੀ ਕਰੀਬ 20 ਰੁਪਏ ਦਾ ਖਰਚ ਆਵੇਗਾ, ਜਿਸ ਨਾਲ ਗਾਹਕਾਂ ਅਤੇ ਉਨ੍ਹਾਂ ਵਿਚਕਾਰ ਟਕਰਾਰ ਦਾ ਮਾਹੌਲ ਬਣੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ 2 ਪ੍ਰਤੀਸ਼ਤ ਅਸ਼ਟਾਮ ਫਰੋਸ ਨੂੰ ਕਮਿਸ਼ਨ ਦੇਣ ਦੀ ਜੋ ਗੱਲ ਆਖੀ ਹੈ ਉਸ ਤਰ੍ਹਾਂ 100 ਰੁਪਏ ਦੇ ਅਸ਼ਟਾਮ ਵਿਚੋਂ 2 ਰੁਪਏ ਕਮਿਸ਼ਨ ਨਾਲ ਉਹ ਕਿਸ ਤਰ੍ਹਾਂ ਗੁਜ਼ਾਰਾ ਕਰੇਗਾ ਜਦੋਂਕਿ ਉਸ ਦਾ ਪਿ੍ਰੰਟ ਆਦਿ ਕੱਢਣ ’ਤੇ ਜੋ ਖਰਚ ਆਵੇਗਾ ਸਰਕਾਰ ਨੇ ਉਸ ਪਾਸੇ ਕੋਈ ਧਿਆਨ ਨਹੀਂ ਦਿੱਤਾ।

ਉਨ੍ਹਾਂ ਮੰਗ ਕੀਤੀ ਕਿ ਖਜ਼ਾਨਾ ਦਫ਼ਤਰਾਂ ਵਿਚ ਮੌਜੂਦ ਅਸ਼ਟਾਮ ਜਾਰੀ ਕਰਨ ਦੇ ਤੁਰੰਤ ਆਦੇਸ਼ ਦਿੱਤੇ ਜਾਣ ਅਤੇ ਉਸ ਸਮੇਂ ਤੱਕ ਅਸ਼ਟਾਮ ਫਰੋਸਾਂ ਦੀ ਇਸ ਗੰਭੀਰ ਸਮੱਸਿਆ ਦਾ ਕੋਈ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਸ ਪਾਸੇ ਸਰਕਾਰ ਨੇ ਤੁਰੰਤ ਧਿਆਨ ਨਾ ਦਿੱਤਾ ਤਾਂ ਪੰਜਾਬ ਭਰ ਦੇ ਅਸ਼ਟਾਮ ਫਰੋਸ ਅਣਮਿੱਥੇ ਸਮੇਂ ਲਈ ਹੜ੍ਹਤਾਲ ਕਰਨ ਲਈ ਮਜ਼ਬੂਰ ਹੋ ਜਾਣਗੇ, ਜਿਸ ਨਾਲ ਪੰਜਾਬ ਦਾ ਮਾਲ ਵਿਭਾਗ ਅਤੇ ਹੋਰ ਵਿਭਾਗਾਂ ਦਾ ਕੰਮਕਾਜ ਠੱਪ ਹੋ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ