ਸਿਆਸੀ ਬਦਲਾਖੋਰੀ ਵਿਗਾੜ ਰਹੀ ਪੰਜਾਬ ਦਾ ਮਾਹੌਲ

ਸਿਆਸੀ ਬਦਲਾਖੋਰੀ ਵਿਗਾੜ ਰਹੀ ਪੰਜਾਬ ਦਾ ਮਾਹੌਲ

ਫਰੀਦਕੋਟ (ਸੱਚ ਕਹੂੰ ਨਿਊਜ਼)। ਕੋਟਕਪੂਰਾ ’ਚ ਡੇਰਾ ਸ਼ਰਧਾਲੂ ਪ੍ਰਦੀਪ ਸਿੰਘ ਦਾ ਕਤਲ ਪੰਜਾਬ ਦੇ ਸਿਆਸੀ ਆਗੂਆਂ ਦੀ ਡੇਰਾ ਪ੍ਰੇਮੀਆਂ ਪ੍ਰਤੀ ਬਦਲੇਖੋਰੀ ਅਤੇ ਭੜਕਾਊ ਬਿਆਨਬਾਜੀ ਦਾ ਹੀ ਨਤੀਜਾ ਹੈ। ਇਨ੍ਹਾਂ ਆਗੂਆਂ ਦੀ ਬਿਆਨਬਾਜੀ ਦਾ ਫਾਇਦਾ ਲੈਂਦਿਆਂ ਅਸਮਾਜਿਕ ਤੱਤ ਨਿਰਦੋਸ਼ ਡੇਰਾ ਪ੍ਰੇਮੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਪੰਜਾਬ ਦੇ ਸਿਆਸੀ ਆਗੂ ਆਪਣੀ ਕੁਰਸੀ ਖਾਤਰ ਸੂਬੇ ਦੇ ਅਮਨ-ਅਮਾਨ ਅਤੇ ਭਾਈਚਾਰੇ ਨੂੰ ਵੀ ਦਾਅ ’ਤੇ ਲਾਉਣ ਤੋਂ ਗੁਰੇਜ ਨਹੀਂ ਕਰ ਰਹੇ।

ਸਿਆਸੀ ਆਗੂਆਂ ਨੇ ਆਪਣੀ ਨਾਕਾਮੀ ਦਾ ਠੀਕਰਾ ਡੇਰਾ ਸ਼ਰਧਾਲੂਆਂ ਸਿਰ ਭੰਨਦਿਆਂ ਡੇਰਾ ਪ੍ਰੇਮੀਆਂ ਖਿਲਾਫ਼ ਅਜਿਹੇ ਬਿਆਨ ਦਿੱਤੇ ਜਿਸ ਨਾਲ ਪੰਜਾਬ ਦੀ ਸਿਆਸੀ ਫਿਜਾ ’ਚ ਨਫ਼ਰਤ ਦਾ ਜ਼ਹਿਰ ਘੁਲ ਗਿਆ। ਹੈਰਾਨੀ ਦੀ ਗੱਲ ਹੈ ਕਿ ਅਜਿਹੇ ਆਗੂ ਡੇਰਾ ਸ਼ਰਧਾਲੂ ਦੇ ਕਤਲ ਤੋਂ ਬਾਅਦ ਵੀ ਭੜਕਾਊ ਬਿਆਨਬਾਜ਼ੀ ਹੀ ਕਰ ਰਹੇ ਹਨ।

ਡੇਰਾ ਪ੍ਰੇਮੀਆਂ ਖਿਲਾਫ਼ ਦੋਸ਼ ਬੇਬੁਨਿਆਦ, ਮਨਘੜਤ

ਹੈਰਾਨੀ ਇਸ ਗੱਲ ਦੀ ਹੈ ਕਿ ਜਿਨ੍ਹਾਂ ਡੇਰਾ ਸ਼ਰਧਾਲੂਆਂ ਖਿਲਾਫ਼ ਬੇਅਦਬੀ ਦਾ ਇੱਕ ਵੀ ਸਬੂਤ ਨਹੀਂ ਹੈ ਉਨ੍ਹਾਂ ਨੂੰ ਝੂਠੇ ਕੇਸਾਂ ’ਚ ਫਸਾਇਆ ਜਾ ਰਿਹਾ ਹੈ। ਜਦੋਂਕਿ ਕਤਲ ਕਰਨ ਵਾਲੇ ਵਿਅਕਤੀ ਜਿਹੜੇ ਸੀਸੀਟੀਵੀ ਕੈਮਰੇ ਵਿੱਚ ਆ ਜਾਂਦੇ ਹਨ ਉਨ੍ਹਾਂ ਖਿਲਾਫ਼ ਕੋਈ ਪੁਲਿਸ ਕਾਰਵਾਈ ਨਹੀਂ ਹੁੰਦੀ। ਪੰਜਾਬ ਪੁਲਿਸ ਕੋਲ ਡੇਰਾ ਸ਼ਰਧਾਲੂਆਂ ਖਿਲਾਫ਼ ਕੋਈ ਵੀ ਸਬੂਤ ਨਹੀਂ ਹੈ ਸਿਰਫ਼ ਝੂਠ ਦੀ ਕਹਾਣੀ ਘੜੀ ਗਈ ਹੈ ਅਤੇ ਇਹ ਕਹਾਣੀ ਉਦੋਂ ਘੜੀ ਜਾਂਦੀ ਹੈ ਜਦੋਂ ਚੋਣਾਂ ਹੋ ਜਾਂਦੀਆਂ ਹਨ ਅਤੇ ਆਗੂ ਬਦਲਾ ਲੈਣ ਲਈ ਡੇਰਾ ਸ਼ਰਧਾਲੂਆਂ ਨੂੰ ਝੂਠੇ ਮੁਕੱਦਮਿਆਂ ’ਚ ਫਸਾਉਂਦੇ ਹਨ।

ਇਹ ਗੱਲ ਸੋਲ੍ਹਾਂ ਆਨੇ ਸੱਚ ਹੈ ਕਿ ਡੇਰਾ ਸ਼ਰਧਾਲੂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ’ਚ ਸ਼ਰਧਾ ਵੀ ਰੱਖਦੇ ਹਨ। ਬੇਅਦਬੀ ਦੇ ਮਾਮਲੇ ’ਚ ਫਸਾਏ ਗਏ ਸ਼ਰਧਾਲੂਆਂ ਦੇ ਘਰਾਂ ’ਚ ਵਿਆਹ-ਸ਼ਾਦੀਆਂ ਸਮੇਤ ਦੁੱਖ-ਸੁਖ ਦਾ ਹਰ ਕਾਰਜ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਹੁੰਦਾ ਹੈ ਪਰ ਕੁਰਸੀ ਦੇ ਭੁੱਖੇ ਆਗੂਆਂ ਨੇ ਪੰਜਾਬ ਦੇ ਅਮਨ ਅਮਾਨ ਨੂੰ ਅੱਗ ਲਾਉਣ ਲਈ ਘਟੀਆ ਤੋਂ ਘਟੀਆ ਚਾਲ ਚੱਲਣ ’ਚ ਕਸਰ ਨਹੀਂ ਛੱਡੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ