ਪੰਜਾਬ ‘ਚ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ

Petrol

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਡੰਡੇ ਦਾ ਫਾਇਦਾ ਪੰਜਾਬ ਵਾਸੀਆਂ ਨੂੰ ਮਿਲ ਸਕਦਾ ਹੈ, ਕਿਉਂਕਿ ਪੰਜਾਬ ਸਰਕਾਰ ਅੱਜ ਸੋਮਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲੱਗਣ ਵਾਲੇ ਵੈਟ ਵਿੱਚ ਕਟੌਤੀ ਕਰ ਸਕਦੀ ਹੈ। ਪੰਜਾਬ ਸਰਕਾਰ ਵੱਲੋਂ 2 ਫੀਸਦੀ ਤੱਕ ਵੈਟ ਘਟਾਇਆ ਜਾ ਸਕਦਾ ਹੈ, ਜਿਸ ਰਾਹੀਂ 50 ਪੈਸੇ ਤੋਂ 1 ਰੁਪਏ ਤੱਕ ਦਾ ਫਾਇਦਾ ਪੈਟਰੋਲ ਅਤੇ ਡੀਜ਼ਲ ‘ਤੇ ਆਮ ਲੋਕਾਂ ਨੂੰ ਹੋਏਗਾ।

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਖ਼ਿਲਾਫ਼ ਦੇਸ਼ ਭਰ ਵਿੱਚ ਪ੍ਰਦਰਸ਼ਨ ਅਤੇ ਭਾਰਤ ਬੰਦ ਕਰ ਰਹੀ ਕਾਂਗਰਸ ਹੁਣ ਆਪਣੇ ਸ਼ਾਸਨ ਵਾਲੇ ਸੂਬਿਆਂ ਵਿੱਚ ਰਾਹਤ ਦੇਣ ਲਈ ਵਿਚਾਰ ਕਰ ਰਹੀ ਹੈ। ਜਿਸ ਦੌਰਾਨ ਆਲ ਇੰਡੀਆ ਕਾਂਗਰਸ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੁਨੇਹਾ ਵੀ ਭੇਜ ਦਿੱਤਾ ਗਿਆ ਹੈ ਕਿ ਉਹ ਸੋਮਵਾਰ ਨੂੰ ਭਾਰਤ ਬੰਦ ਮੌਕੇ ਵੈਟ ਕਟੌਤੀ ਵਿੱਚ ਐਲਾਨ ਕਰ ਦੇਣ। ਹਾਲਾਂਕਿ ਇਸ ਕਟੌਤੀ ਲਈ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਤਿਆਰ ਨਹੀਂ ਹਨ, ਕਿਉਂਕਿ ਇਨ੍ਹਾਂ ਕੀਮਤਾਂ ਦੇ ਵਾਧੇ ਨਾਲ ਹੀ ਪੰਜਾਬ ਸਰਕਾਰ ਦੇ ਖ਼ਜਾਨੇ ਨੂੰ ਹੁਣ ਕੁਝ ਫਾਇਦਾ ਹੋਣਾ ਸ਼ੁਰੂ ਹੋਇਆ ਹੈ ਪਰ ਦਿੱਲੀ ਤੋਂ ਆਏ ਆਦੇਸ਼ ਦੌਰਾਨ ਮਨਪ੍ਰੀਤ ਬਾਦਲ ਦੀ ਚੱਲਣ ਵਾਲੀ ਨਹੀਂ ਹੈ। ਇਸ ਲਈ ਅੱਜ ਭਾਰਤ ਬੰਦ ਮੌਕੇ ਕਾਂਗਰਸ ਸਰਕਾਰ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਦਾ ਐਲਾਨ ਕਰੇਗੀ। ਇਸ ਸਬੰਧੀ ਅਜੇ ਫੈਸਲਾ ਨਹੀਂ ਹੋਇਆ ਹੈ ਕਿ ਕਟੌਤੀ ਕਿੰਨੇ ਫੀਸਦੀ ਹੋ ਸਕਦੀ ਹੈ ਪਰ ਇਹ ਤੈਅ ਕਿ ਕਟੌਤੀ ਜਰੂਰ ਹੋਵੇਗੀ।