Food Safety: ਜ਼ਹਿਰ ਬਣਦੀ ਖ਼ੁਰਾਕ, ਲਾਪ੍ਰਵਾਹੀ ਤੇ ਮੁਨਾਫ਼ਾਖੋਰੀ ਦੀ ਭੇਂਟ ਚੜ੍ਹਦੀ ਮਨੁੱਖੀ ਜ਼ਿੰਦਗੀ

ਜ਼ਹਿਰ ਬਣਦੀ ਖ਼ੁਰਾਕ: ਲਾਪ੍ਰਵਾਹੀ ਤੇ ਮੁਨਾਫ਼ਾਖੋਰੀ ਦੀ ਭੇਂਟ ਚੜ੍ਹਦੀ ਮਨੁੱਖੀ ਜ਼ਿੰਦਗੀ

Khushdeep Singh Picture
Published On

ਭੋਜਨ ਮਨੁੱਖੀ ਜੀਵਨ ਦਾ ਸਭ ਤੋਂ ਅਹਿਮ ਆਧਾਰ ਹੈ, ਜਿਸ ਤੋਂ ਸਰੀਰ ਨੂੰ ਊਰਜਾ, ਪੋਸ਼ਣ ਅਤੇ ਨਰੋਈ ਸਿਹਤ ਮਿਲਦੀ ਹੈ। ਪੁਰਾਤਨ ਸਮੇਂ ਵਿੱਚ ਖ਼ੁਰਾਕ ਨੂੰ ਦਵਾਈ ਸਮਾਨ ਮੰਨਿਆ ਜਾਂਦਾ ਸੀ, ਪਰ ਅਜੋਕੇ ਦੌਰ ਵਿੱਚ ਹਾਲਾਤ ਬਿਲਕੁਲ ਉਲਟ ਹੋ ਚੁੱਕੇ ਹਨ। ਅੱਜ ਖਾਣ-ਪੀਣ ਦੀਆਂ ਵਸਤਾਂ ਜੀਵਨ ਦੇਣ ਦੀ ਬਜਾਏ ਮਨੁੱਖੀ ਜ਼ਿੰਦਗੀ ਲਈ ਇੱਕ ਵੱਡਾ ਖ਼ਤਰਾ ਬਣਦੀਆਂ ਜਾ ਰਹੀਆਂ ਹਨ। ਦੇਸ਼ ਭਰ ਵਿੱਚ ਲਾਪਰਵਾਹੀ, ਅਣਗਹਿਲੀ ਅਤੇ ਮੁਨਾਫ਼ਾਖੋਰੀ ਦੇ ਚੱਲਦਿਆਂ ਸਾਡੀ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲਾ ਖਾਣਾ ਹੌਲੀ-ਹੌਲੀ ਮਿੱਠੇ ਜ਼ਹਿਰ ਦਾ ਰੂਪ ਧਾਰਨ ਕਰ ਚੁੱਕਾ ਹੈ, ਜਿਸ ਕਾਰਨ ਆਮ ਨਾਗਰਿਕਾਂ ਦੀ ਜਾਨ ਹਰ ਵੇਲੇ ਸੂਲੀ ’ਤੇ ਟੰਗੀ ਰਹਿੰਦੀ ਹੈ। ਖਾਣ-ਪੀਣ ਦੀਆਂ ਵਸਤਾਂ ਵਿੱਚ ਮੌਜੂਦ ਇਹ ਜ਼ਹਿਰੀਲੇ ਪਦਾਰਥ ਮਨੁੱਖੀ ਸਰੀਰ ਅੰਦਰ ‘ਸਲੋਅ ਪੁਆਇਜ਼ਨ’ (ਧੀਮੇ ਜ਼ਹਿਰ) ਵਜੋਂ ਕੰਮ ਕਰ ਰਹੇ ਹਨ। ਲਗਾਤਾਰ ਅਜਿਹੀ ਖ਼ੁਰਾਕ ਖਾਣ ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਖ਼ਤਰਾ ਕਈ ਗੁਣਾ ਵਧ ਗਿਆ ਹੈ। ਇਸ ਤੋਂ ਇਲਾਵਾ ਗੁਰਦੇ ਅਤੇ ਲਿਵਰ ਦਾ ਫੇਲ੍ਹ ਹੋਣਾ, ਹਾਈ ਬਲੱਡ ਪ੍ਰੈਸ਼ਰ, ਦਿਲ ਦੇ ਦੌਰੇ ਅਤੇ ਸ਼ੂਗਰ ਵਰਗੇ ਰੋਗ ਆਮ ਹੁੰਦੇ ਜਾ ਰਹੇ ਹਨ। Food Safety

ਸਾਡਾ ਇਮਿਊਨ ਸਿਸਟਮ (ਰੋਗਾਂ ਨਾਲ ਲੜਨ ਦੀ ਸ਼ਕਤੀ) ਇੰਨਾ ਕਮਜ਼ੋਰ ਹੋ ਚੁੱਕਾ ਹੈ ਕਿ ਸਰੀਰ ਛੋਟੀਆਂ-ਮੋਟੀਆਂ ਲਾਗਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਵੀ ਨਹੀਂ ਰਿਹਾ। ਦੇਸ਼ ਭਰ ਵਿੱਚ ਹੋਣ ਵਾਲੇ ਸਮਾਜਿਕ ਸਮਾਗਮਾਂ, ਹੋਟਲਾਂ, ਰੈਸਟੋਰੈਂਟਾਂ ਤੇ ਇੱਥੋਂ ਤੱਕ ਕਿ ਸਕੂਲਾਂ ਵਿੱਚ ਪਰੋਸੇ ਜਾਣ ਵਾਲੇ ਮਿਡ-ਡੇ-ਮੀਲ ਵਿੱਚ ਪਕਾਏ ਜਾਣ ਵਾਲੇ ਭੋਜਨ ਵਿੱਚ ਘੋਰ ਲਾਪਰਵਾਹੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਸਮੇਂ ਦੀਆਂ ਘਟਨਾਵਾਂ ’ਤੇ ਨਜ਼ਰ ਮਾਰੀਏ ਤਾਂ 12 ਜੂਨ, 2025 ਨੂੰ ਤਮਿਲਨਾਡੂ ਦੇ ਤਨਕਾਸੀ ਜ਼ਿਲ੍ਹੇ ਦੇ ਇੱਕ ਓਲਡ-ਏਜ ਹੋਮ ਵਿੱਚ ਮਿਲਾਵਟੀ ਭੋਜਨ ਖਾਣ ਨਾਲ ਤਿੰਨ ਬਜ਼ੁਰਗਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ 24 ਅਕਤੂਬਰ, 2025 ਨੂੰ ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਦੇ ਪਿੰਡ ਡੂੰਗਾ ਵਿੱਚ ਅੰਤਿਮ ਸਸਕਾਰ ਦੌਰਾਨ ਪਰੋਸੇ ਗਏ ਦੂਸ਼ਿਤ ਭੋਜਨ ਨਾਲ ਪੰਜ ਜਣਿਆਂ ਦੀ ਜਾਨ ਚਲੀ ਗਈ। ਆਂਧਰਾ ਪ੍ਰਦੇਸ਼ ਦੇ ਰਾਜਮਹੇਂਦਰਵਰਮ ਜ਼ਿਲ੍ਹੇ ਦੇ ਨਰਸਪੁਰਮ ਪਿੰਡ ਸਥਿਤ ‘ਵਰਲਕਸ਼ਮੀ ਮਿਲਕ ਡੇਅਰੀ’ ਦੇ ਸ਼ੱਕੀ ਮਿਲਾਵਟੀ ਦੁੱਧ ਕਾਰਨ 22 ਮਾਰਚ 2026 ਤੱਕ ਮਰਨ ਵਾਲਿਆਂ ਦੀ ਗਿਣਤੀ 16 ਤੱਕ ਪਹੁੰਚ ਗਈ ਸੀ। ਸਾਲ 2026 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਵੀ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹੇ। Food Safety

ਇਹ ਵੀ ਪੜ੍ਹੋ : Punjab Road Accident News: ਸੜਕ ਹਾਦਸੇ ’ਚ ਪੀਟੀ ਅਧਿਆਪਕ ਦੀ ਮੌਤ

8 ਅਪਰੈਲ, 2026 ਨੂੰ ਬਿਹਾਰ ਦੇ ਭਭੂਆ ਵਿੱਚ ਇੱਕ ਨਾਮੀ ਰੈਸਟੋਰੈਂਟ ਤੋਂ ਲਿਆਂਦਾ ਪਨੀਰ ਅਤੇ ਮਨਚੂਰੀਅਨ ਖਾਣ ਨਾਲ ਵਿਸ਼ਾਲ ਤਿਵਾੜੀ ਨਾਂਅ ਦੇ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਸਕੂਲਾਂ ਵਿੱਚ ਪੜ੍ਹਦੇ ਮਾਸੂਮ ਬੱਚੇ ਵੀ ਇਸ ਲਾਪਰਵਾਹੀ ਦੀ ਭੇਟ ਚੜ੍ਹ ਰਹੇ ਹਨ। 8 ਮਈ, 2026 ਨੂੰ ਬਿਹਾਰ ਦੇ ਸਹਰਸਾ ਜ਼ਿਲ੍ਹੇ ਦੇ ਬਲੂਆਹਾ ਸਰਕਾਰੀ ਸਕੂਲ ਵਿੱਚ ਮਿਡ-ਡੇ-ਮੀਲ ਖਾਣ ਨਾਲ ਕਰੀਬ 250 ਬੱਚੇ ਬਿਮਾਰ ਹੋ ਗਏ ਅਤੇ ਖਾਣੇ ਵਿੱਚ ਜ਼ਹਿਰੀਲਾ ਕੀੜਾ ਜਾਂ ਸਪੋਲੀਆ ਹੋਣ ਦਾ ਦਾਅਵਾ ਕੀਤਾ ਗਿਆ। ਧਾਰਮਿਕ ਇਕੱਠਾਂ ਵਿੱਚ ਵੀ ਇਹ ਸਿਲਸਿਲਾ ਜਾਰੀ ਰਿਹਾ; 22 ਮਈ, 2026 ਨੂੰ ਰਾਜਸਥਾਨ ਦੇ ਪਿੰਡ ਮੇਵਦਾ ਕਲਾਂ ਵਿੱਚ ਧਾਰਮਿਕ ਭੋਜ ਖਾਣ ਨਾਲ 100 ਤੋਂ ਵੱਧ ਲੋਕ ਬਿਮਾਰ ਹੋਏ ਅਤੇ 13 ਜੁਲਾਈ, 2026 ਨੂੰ ਧੌਲਪੁਰ ਵਿੱਚ ਜਨਮ ਦਿਨ ਦਾ ਬਚਿਆ ਹੋਇਆ ਬੇਹਾ ਭੋਜਨ ਖਾਣ ਨਾਲ ਇੱਕ 75 ਸਾਲਾ ਬਜ਼ੁਰਗ ਔਰਤ ਦੀ ਜਾਨ ਚਲੀ ਗਈ। ਅਗਸਤ 2026 ਦੇ ਮਹੀਨੇ ਵਿੱਚ ਤਾਂ ਹੱਦ ਹੀ ਹੋ ਗਈ ਜਦੋਂ ਲਗਾਤਾਰ ਕਈ ਦਰਦਨਾਕ ਮਾਮਲੇ ਦਰਜ ਕੀਤੇ ਗਏ।

11 ਅਗਸਤ, 2026 ਨੂੰ ਬਿਹਾਰ ਦੇ ਖਗੜੀਆ (ਇਜਾਦਪੁਰ) ਵਿੱਚ ਪ੍ਰਸ਼ਾਦ ਖਾਣ ਨਾਲ 250 ਸ਼ਰਧਾਲੂ ਫੂਡ ਪੁਆਇਜ਼ਨਿੰਗ ਦਾ ਸ਼ਿਕਾਰ ਹੋਏ। 16 ਅਗਸਤ, 2026 ਨੂੰ ਮਹਾਰਾਸ਼ਟਰ ਦੇ ਨਾਲਾਸੋਪਾਰਾ ਵਿੱਚ ਜਨਮ ਦਿਨ ਦਾ ਕੇਕ ਖਾਣ ਨਾਲ 11 ਵਿਅਕਤੀ ਬਿਮਾਰ ਹੋਏ, ਜਿਨ੍ਹਾਂ ਨੇ ਕੇਕ ਵਿੱਚ ਮਰੀ ਹੋਈ ਕਿਰਲੀ ਹੋਣ ਦੀ ਪੁਸ਼ਟੀ ਕੀਤੀ। 17 ਅਗਸਤ, 2026 ਨੂੰ ਬਾਂਦਾ (ਉੱਤਰ ਪ੍ਰਦੇਸ਼) ਦੇ ਇੱਕ ਰਿਹਾਇਸ਼ੀ ਸਕੂਲ ਵਿੱਚ ਚਟਨੀ ਨਾਲ ਮੋਮੋਜ਼ ਖਾਣ ਤੋਂ ਬਾਅਦ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ। 18 ਅਗਸਤ, 2026 ਨੂੰ ਸੂਰਤ (ਗੁਜਰਾਤ) ਦੇ ਇੱਕ ਰੈਸਟੋਰੈਂਟ ਵਿੱਚ ਕਾਜੂ-ਪਨੀਰ ਖਾਣ ਨਾਲ ਇੱਕ ਬੱਚੀ ਨੇ ਦਮ ਤੋੜ ਦਿੱਤਾ, ਜਦਕਿ ਉਸੇ ਦਿਨ ਬਿਹਾਰ ਦੇ ਨਾਲੰਦਾ ਵਿੱਚ ਸਕੂਲੀ ਮਿਡ-ਡੇ-ਮੀਲ ਵਿੱਚ ਲੂਣ ਦੀ ਥਾਂ ਵਾਸ਼ਿੰਗ ਪਾਊਡਰ ਪਾ ਦਿੱਤੇ ਜਾਣ ਕਾਰਨ ਬੱਚਿਆਂ ਦੀ ਜੀਭ ਅਤੇ ਗਲੇ ਵਿੱਚ ਭਿਆਨਕ ਜਲਨ ਹੋਈ। ਇਹ ਸਾਰੇ ਤੱਥ ਇਹ ਸਿੱਧ ਕਰਦੇ ਹਨ ਕਿ ਖਾਣਾ ਪਕਾਉਣ ਵਾਲੀਆਂ ਥਾਵਾਂ ’ਤੇ ਹਾਈਜੀਨ ਅਤੇ ਸੁਰੱਖਿਆ ਮਾਪਦੰਡਾਂ ਦਾ ਪੂਰੀ ਤਰ੍ਹਾਂ ਜਨਾਜ਼ਾ ਨਿੱਕਲ ਚੁੱਕਾ ਹੈ।

ਰਸੋਈਆਂ ਵਿੱਚ ਕੀੜੇ-ਮਕੌੜਿਆਂ ਦੀ ਰੋਕਥਾਮ ਨਾ ਹੋਣਾ, ਬੇਹੀ ਸਮੱਗਰੀ ਨੂੰ ਮਸਾਲਿਆਂ ਨਾਲ ਢੱਕ ਕੇ ਵੇਚਣਾ ਅਤੇ ਰਸਾਇਣਕ ਮਿਲਾਵਟਖੋਰੀ ਅੱਜ ਆਮ ਗੱਲ ਬਣ ਚੁੱਕੀ ਹੈ। ਮੁਨਾਫ਼ਾਖੋਰ ਵਪਾਰੀ ਚੰਦ ਸਿੱਕਿਆਂ ਦੀ ਖ਼ਾਤਰ ਲੋਕਾਂ ਦੀ ਸਿਹਤ ਨਾਲ ਖੇਡ ਰਹੇ ਹਨ ਅਤੇ ਜਾਂਚ ਪ੍ਰਣਾਲੀ ਦੀ ਸੁਸਤੀ ਇਨ੍ਹਾਂ ਨੂੰ ਹੋਰ ਸ਼ਹਿ ਦੇ ਰਹੀ ਹੈ। ਅਜਿਹੀਆਂ ਦਰਦਨਾਕ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਅਤੇ ਖ਼ੁਰਾਕ ਸੁਰੱਖਿਆ ਵਿਭਾਗ ਨੂੰ ਤੁਰੰਤ ਸਖ਼ਤ ਕਦਮ ਚੁੱਕਣੇ ਪੈਣਗੇ। ਸਕੂਲਾਂ, ਹੋਸਟਲਾਂ, ਲੰਗਰਾਂ ਅਤੇ ਰੈਸਟੋਰੈਂਟਾਂ ਦੀਆਂ ਰਸੋਈਆਂ ਦੀ ਅਚਨਚੇਤ ਅਤੇ ਨਿਯਮਤ ਜਾਂਚ ਹੋਣੀ ਚਾਹੀਦੀ ਹੈ। ਸਾਫ਼ ਅਤੇ ਸ਼ੁੱਧ ਭੋਜਨ ਹਰ ਨਾਗਰਿਕ ਦਾ ਬੁਨਿਆਦੀ ਹੱਕ ਹੈ, ਇਸ ਲਈ ਭੋਜਨ ਬਣਾਉਣ ਵਿੱਚ ਅਣਗਹਿਲੀ ਵਰਤਣ ਵਾਲੇ ਠੇਕੇਦਾਰਾਂ ਅਤੇ ਹੋਟਲ ਮਾਲਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਦੀ ਹੋਂਦ ਨੂੰ ਬਚਾਇਆ ਜਾ ਸਕੇ। Food Safety

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਕ੍ਰਿਸ਼ਨ ਲਾਲ

About The Author

Related Posts