Mustard Farming: ਸਰ੍ਹੋਂ ਦੀ ਖੇਤੀ, ਘੱਟ ਖਰਚਾ ਤੇ ਵੱਧ ਮੁਨਾਫਾ

ਸਰ੍ਹੋਂ ਦੀ ਖੇਤੀ: ਘੱਟ ਖਰਚਾ ਤੇ ਵੱਧ ਮੁਨਾਫਾ

Khushdeep Singh Picture
Published On

ਅੰਤਰਰਾਸ਼ਟਰੀ ਪੱਧਰ ’ਤੇ ਕਨੋਲਾ ਸਰ੍ਹੋਂ ਉਨ੍ਹਾਂ ਕਿਸਮਾਂ ਨੂੰ ਕਹਿੰਦੇ ਹਨ ਜਿਨ੍ਹਾਂ ਦੇ ਤੇਲ ਵਿੱਚ 2 ਪ੍ਰਤੀਸ਼ਤ ਤੋਂ ਘੱਟ ਇਰੂਸਿਕ ਐਸਿਡ ਅਤੇ ਖਲ਼ ਵਿੱਚ 30 ਮਾਈਕ੍ਰੋ ਮੋਲ ਪ੍ਰਤੀ ਗ੍ਰਾਮ ਤੋਂ ਘੱਟ ਗਲੁਕੋਸਿਨੋਲੇਟਸ ਹੁੰਦੇ ਹਨ। ਕਨੋਲਾ ਕਿਸਮਾਂ ਦਾ ਤੇਲ ਮਨੁੱਖੀ ਸਿਹਤ ਲਈ ਤੇ ਖਲ਼ ਪਸ਼ੂਆਂ ਦੀ ਖੁਰਾਕ ਲਈ ਚੰਗੀ ਹੁੰਦਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਿਫਾਰਸ਼ ਰਾਇਆ ਦੀਆਂ ਕਿਸਮਾਂ ਆਰਐੱਲਸੀ 3, ਆਰਸੀਐੱਚ 1 ਅਤੇ ਗੋਭੀ ਸਰ੍ਹੋਂ ਦੀਆਂ ਜੀਐੱਸਸੀ 6, ਜੀਐੱਸਸੀ 7, ਪੀਜੀਐੱਸਐਚ 2155, ਪੀਜੀਅੱੈਸਐੱਚ 1707 ਕਨੋਲਾ ਕਿਸਮਾਂ ਹਨ।

ਖੇਤ ਦੀ ਤਿਆਰੀ : ਖੇਤ ਨੂੰ 2 ਤੋਂ 4 ਵਾਰੀ ਵਾਹੋ ਤੇ ਹਰ ਵਾਹੀ ਬਾਅਦ ਸੁਹਾਗਾ ਜ਼ਰੂਰ ਫੇਰੋ। ਬਰਾਨੀ ਇਲਾਕਿਆਂ ਵਿੱਚ ਖੇਤ ਨੂੰ 1 ਤੋਂ 2 ਵਾਰੀ ਵਾਹ ਕੇ ਹਰ ਵਾਰ ਸੁਹਾਗਾ ਫੇਰੋ।

ਬਿਜਾਈ ਦਾ ਸਮਾਂ : ਤੋਰੀਏ ਦੀ ਬਿਜਾਈ ਲਈ ਸਾਰਾ ਸਤੰਬਰ ਤੇ ਤਾਰਾਮੀਰਾ ਲਈ ਸਾਰਾ ਅਕਤੂਬਰ ਮਹੀਨਾ ਢੁੱਕਵਾਂ ਹੈ। ਗੋਭੀ ਸਰ੍ਹੋਂ ਦੀ ਬਿਜਾਈ 10 ਤੋਂ 30 ਅਕਤੂਬਰ ਦੇ ਵਿੱਚ ਕਰ ਸਕਦੇ ਹਾਂ। ਰਾਇਆ ਤੇ ਅਫ਼ਰੀਕਨ ਸਰ੍ਹੋਂ ਦੀ ਬਿਜਾਈ ਅੱਧ ਅਕਤੂਬਰ ਤੋਂ ਅੱਧ ਨਵੰਬਰ ਦਰਮਿਆਨ ਵਧੀਆ ਰਹਿੰਦੀ ਹੈ।

ਜੀਵਾਣੂੰ ਖਾਦ ਦਾ ਟੀਕਾ : ਫ਼ਸਲ ਲਈ ਲੋੜੀਂਦੇ ਬੀਜ ਨੂੰ ਸਾਫ ਫਰਸ਼/ਪੋਲੀਥੀਨ ਸ਼ੀਟ ’ਤੇ ਵਿਛਾ ਕੇ ਘੱਟੋ-ਘੱਟ ਸਾਫ ਪਾਣੀ ਨਾਲ ਗਿੱਲਾ ਕਰਕੇ 250 ਗ੍ਰਾਮ ਸੁਡੋਮੋਨਾਸ ਪੁਟੀਡਾ ਐਮਐਲ 8 ਜੀਵਾਣੂੰ ਖਾਦ ਨੂੰ ਬੀਜ ਨਾਲ ਰਲਾ ਕੇ ਛਾਵੇਂ ਸੁਕਾ ਕੇ ਤੁਰੰਤ ਬਿਜਾਈ ਕਰੋ।

ਬੀਜ ਦੀ ਮਾਤਰਾ ਤੇ ਬਿਜਾਈ ਦਾ ਢੰਗ : ਤੋਰੀਆ, ਗੋਭੀ ਸਰ੍ਹੋਂ, ਰਾਇਆ, ਅਫ਼ਰੀਕਨ ਸਰ੍ਹੋਂ ਤੇ ਤਾਰਾਮੀਰਾ ਦੀ ਬਿਜਾਈ 1.5 ਕਿੱਲੋ ਪ੍ਰਤੀ ਏਕੜ ਨਾਲ ਕਰੋ। ਤੋਰੀਆ, ਰਾਇਆ, ਅਫ਼ਰੀਕਨ ਸਰ੍ਹੋਂ, ਤਾਰਾਮੀਰਾ ਨੂੰ 30 ਸੈਂਟੀਮੀਟਰ ਤੇ ਗੋਭੀ ਸਰ੍ਹੋਂ 45 ਸੈਂਟੀਮੀਟਰ ਕਤਾਰਾਂ ’ਚ 4-5 ਸੈਂਟੀਮੀਟਰ ਡੂੰਘਾਈ ’ਚ ਬੀਜੋ।

ਖਾਦ ਪ੍ਰਬੰਧ : ਖਾਦਾਂ ਦੀ ਵਰਤੋਂ ਪਰਖ ਰਿਪੋਰਟ ਦੇ ਆਧਾਰ ’ਤੇ ਕਰਨੀ ਚਾਹੀਦੀ ਹੈ। ਜੇ ਨਾਈਟ੍ਰੋਜਨ ਯੂਰੀਏ ਦੀ ਸ਼ਕਲ ਵਿੱਚ ਪਾਉਣੀ ਹੋਵੇ ਤਾਂ ਰੌਣੀ ਤੋਂ ਤੁਰੰਤ ਪਹਿਲਾਂ ਪਾਉ। ਫਾਸਫੋਰਸ ਲਈ ਸਿੰਗਲ ਸੁਪਰਫਾਸਫੇਟ ਖਾਦ ਨੂੰ ਪਹਿਲ ਦਿਉ। ਸੇਂਜੂ ਹਾਲਤਾਂ ਵਿੱਚ ਤੋਰੀਏ ਨੂੰ ਸਾਰੀ ਖਾਦ ਬਿਜਾਈ ਸਮੇਂ ਹੀ ਪੋਰ ਦਿਓ। ਸੇਂਜੂ ਹਾਲਤਾਂ ’ਚ ਰਾਇਆ, ਗੋਭੀ ਸਰ੍ਹੋਂ, ਅਫ਼ਰੀਕਨ ਸਰ੍ਹੋਂ ਨੂੰ ਸਾਰੀ ਫਾਸਫੋਰਸ, ਪੋਟਾਸ਼ ਤੇ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ ਪਾਓ। ਬਚਦੀ ਅੱਧੀ ਨਾਈਟ੍ਰੋਜਨ ਪਹਿਲੇ ਪਾਣੀ ਨਾਲ ਪਾ ਦਿਓ। ਬਰਾਨੀ ਰਾਇਆ ਤੇ ਤਾਰਾਮੀਰਾ ਨੂੰ ਬਿਜਾਈ ਤੋਂ ਪਹਿਲਾਂ ਹੀ ਸਾਰੀ ਖਾਦ ਪੋਰ ਦਿਓ।

ਇਹ ਵੀ ਪੜ੍ਹੋ : Urban Development Model: ਸ਼ਹਿਰੀ ਵਿਕਾਸ ਮਾਡਲ ’ਚ ਪੈਦਲ ਮੁਸਾਫਰਾਂ ਲਈ ਹੋਵੇ ਸੁਚੱਜਾ ਪ੍ਰਬੰਧ

ਨਦੀਨਾਂ ਦੀ ਰੋਕਥਾਮ : ਤੋਰੀਏ ਨੂੰ ਬਿਜਾਈ ਤੋਂ 3 ਹਫ਼ਤੇ ਬਾਅਦ ਇੱਕ ਗੋਡੀ ਕਰੋ। ਰਾਇਆ, ਗੋਭੀ ਸਰ੍ਹੋਂ, ਅਫ਼ਰੀਕਨ ਸਰ੍ਹੋਂ ਤੇ ਤਾਰਾਮੀਰਾ ਨੂੰ ਬਿਜਾਈ ਤੋਂ 3 ਹਫ਼ਤੇ ਬਾਅਦ ਪਹਿਲੀ ਗੋਡੀ ਕੀਤੀ ਜਾ ਸਕਦੀ ਹੈ ਤੇ ਇਸ ਤੋਂ 3 ਹਫ਼ਤੇ ਬਾਅਦ ਦੂਜੀ ਗੋਡੀ ਕਰ ਸਕਦੇ ਹਾਂ ਜਾਂ ਫੇਰ ਨਦੀਨਾਂ ਦੀ ਰੋਕਥਾਮ ਲਈ 350 ਮਿ.ਲੀ. ਪ੍ਰਤੀ ਏਕੜ ਪੈਂਡੀਮੈਥਾਲਿਨ 38.7 ਸੀਐੱਸ ਨੂੰ 200 ਲਿਟਰ ਪਣੀ ਵਿੱਚ ਘੋਲ ਕੇ ਬਿਜਾਈ ਤੋਂ 2 ਦਿਨਾਂ ਦੇ ਅੰਦਰ ਛਿੜਕਾਅ ਕਰੋ।

ਸਿੰਚਾਈ ਪ੍ਰਬੰਧ : ਤੋਰੀਏ ਨੂੰ ਲੋੜ ਪੈਣ ’ਤੇ ਇੱਕ ਸਿੰਚਾਈ ਫੁੱਲ ਪੈਣ ਸਮੇਂ ਕਰੋ। ਗੋਭੀ ਸਰ੍ਹੋਂ, ਰਾਇਆ, ਅਫ਼ਰੀਕਨ ਸਰ੍ਹੋਂ ਨੂੰ ਪਹਿਲੀ ਸਿੰਚਾਈ ਬਿਜਾਈ ਦੇ 3-4 ਹਫ਼ਤੇ ਬਾਅਦ ਕਰੋ। ਲੋੜ ਪੈਣ ’ਤੇ ਰਾਇਆ ਤੇ ਅਫ਼ਰੀਕਨ ਸਰ੍ਹੋਂ ਨੂੰ ਫੁੱਲ ਪੈਣ ਸਮੇਂ ਦੂਜਾ ਪਾਣੀ ਲਾ ਸਕਦੇ ਹਾਂ।

ਫ਼ਸਲ ਦੀ ਕਟਾਈ ਅਤੇ ਗਹਾਈ : ਫ਼ਲੀਆਂ ਪੀਲੀਆਂ ਹੋ ਜਾਣ ’ਤੇ ਫ਼ਸਲ ਕੱਟਣ ਲਈ ਤਿਆਰ ਹੋ ਜਾਂਦੀ ਹੈ। ਕੱਟੀ ਹੋਈ ਫ਼ਸਲ ਗਾਹੁਣ ਤੋਂ 7-10 ਦਿਨ ਪਹਿਲਾਂ ਢੇਰ ਬਣਾ ਕੇ ਰੱਖੋ। ਗਹਾਈ ਲਈ ਕਣਕ ਦਾ ਕਿੱਲੀਆਂ ਵਾਲਾ ਥ੍ਰੈਸ਼ਰ ਕੁਝ ਤਬਦੀਲੀਆਂ ਕਰਕੇ ਵਰਤਿਆ ਜਾ ਸਕਦਾ ਹੈ

ਧੰਨਵਾਦ ਸਹਿਤ, ਚੰਗੀ ਖੇਤੀ

About The Author

Related Posts