Cleanliness Drive Punjab: ਪੰਜਾਬ ਵਿੱਚ ‘ਸਵੱਛਤਾ ਹੀ ਸੇਵਾ-2026’ ਮੁਹਿੰਮ ਦੀ ਸ਼ੁਰੂਆਤ

17 ਸਤੰਬਰ ਤੋਂ 2 ਅਕਤੂਬਰ ਤੱਕ ਚੱਲੇਗੀ ਮੁਹਿੰਮ; ਪੇਂਡੂ ਭਾਈਚਾਰਿਆਂ ਦੀ ਸਰਗਰਮ ਸ਼ਮੂਲੀਅਤ ’ਤੇ ਜ਼ੋਰ

Satinder Mathur  Picture
Published On

Cleanliness Drive Punjab: ਚੰਡੀਗੜ੍ਹ, (ਸੱਚ ਕਹੂੰ ਨਿਊਜ਼/ਹਿੰ.ਸ.)| ਪੰਜਾਬ ਵਿੱਚ ਸਫ਼ਾਈ ਅਤੇ ਸੈਨੀਟੇਸ਼ਨ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ‘ਸਵੱਛਤਾ ਹੀ ਸੇਵਾ-2026’ ਮੁਹਿੰਮ ਦੀ ਅੱਜ ਸ਼ੁਰੂਆਤ ਕੀਤੀ ਗਈ। 17 ਸਤੰਬਰ ਤੋਂ 2 ਅਕਤੂਬਰ ਤੱਕ ਚੱਲਣ ਵਾਲੀ ਇਸ ਪੰਦਰਵਾੜਾ ਮੁਹਿੰਮ ਦੌਰਾਨ ਪੇਂਡੂ ਭਾਈਚਾਰਿਆਂ ਦੀ ਸਰਗਰਮ ਸ਼ਮੂਲੀਅਤ ਰਾਹੀਂ ਸਫ਼ਾਈ, ਕੂੜਾ-ਕਰਕਟ ਪ੍ਰਬੰਧਨ ਅਤੇ ਸਵੱਛਤਾ ਸਬੰਧੀ ਸਥਾਈ ਅਮਲਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Punjab Health News: ਲਹਿਰਾਗਾਗਾ ਹਸਪਤਾਲ ’ਚ ਲੈਪਰੋਸਕੋਪਿਕ ਸਰਜਰੀ ਸੇਵਾਵਾਂ ਸ਼ੁਰੂ, ਲੋਕਾਂ ਨੂੰ ਮਿਲੇਗੀ ਵੱਡੀ ਰਾਹਤ

ਐਸ.ਏ.ਐਸ. ਨਗਰ ਸਥਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਮੁਹਿੰਮ ਦੀ ਸ਼ੁਰੂਆਤ ਐਸ.ਬੀ.ਐਮ. (ਜੀ) ਦੇ ਮਿਸ਼ਨ ਡਾਇਰੈਕਟਰ ਡਾ. ਸਈਦ ਸਹਿਰੀਸ਼ ਅਲੀ ਅਸਗਰ ਦੀ ਮੌਜੂਦਗੀ ਵਿੱਚ ਹੋਈ। ‘ਸਵੱਛ ਮੇਂ ਸਹਿਭਾਗ, ਸਵੱਛ ਭਾਰਤ, ਵਿਕਸਿਤ ਭਾਰਤ’ ਥੀਮ ਤਹਿਤ ਚਲਾਈ ਜਾ ਰਹੀ ਮੁਹਿੰਮ ਦਾ ਮੁੱਖ ਉਦੇਸ਼ ਸਫ਼ਾਈ ਨੂੰ ਲੋਕਾਂ ਦੀ ਸਾਂਝੀ ਜ਼ਿੰਮੇਵਾਰੀ ਬਣਾਉਣਾ ਹੈ।

ਮੁਹਿੰਮ ਤਹਿਤ ਗ੍ਰਾਮ ਪੰਚਾਇਤਾਂ, ਪਰਿਵਾਰਾਂ, ਨੌਜਵਾਨਾਂ, ਔਰਤਾਂ, ਵਿਦਿਆਰਥੀਆਂ, ਚੁਣੇ ਹੋਏ ਨੁਮਾਇੰਦਿਆਂ ਅਤੇ ਭਾਈਚਾਰਕ ਸਮੂਹਾਂ ਨੂੰ ਸਫ਼ਾਈ ਗਤੀਵਿਧੀਆਂ ਨਾਲ ਜੋੜਿਆ ਜਾਵੇਗਾ। ਪਿੰਡਾਂ ਅਤੇ ਜਨਤਕ ਥਾਵਾਂ ’ਤੇ ਕੂੜੇ ਦੀ ਮੌਕੇ ’ਤੇ ਵੰਡ, ਠੋਸ ਅਤੇ ਪਲਾਸਟਿਕ ਰਹਿੰਦ-ਖੂੰਹਦ ਦਾ ਸੁਚੱਜਾ ਪ੍ਰਬੰਧਨ, ਕੂੜਾ ਘਟਾਉਣ, ਮੁੜ ਵਰਤੋਂ ਅਤੇ ਰੀਸਾਈਕਲਿੰਗ ਵਰਗੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ।

ਡਾ. ਸਈਦ ਸਹਿਰੀਸ਼ ਅਲੀ ਅਸਗਰ ਨੇ ਕਿਹਾ ਕਿ ਸਫ਼ਾਈ ਨੂੰ ਸਿਰਫ਼ ਮੁਹਿੰਮ ਤੱਕ ਸੀਮਤ ਨਾ ਰੱਖ ਕੇ ਨਿਰੰਤਰ ਭਾਈਚਾਰਕ ਯਤਨ ਬਣਾਉਣ ਦੀ ਲੋੜ ਹੈ। ਉਨ੍ਹਾਂ ਸਟਾਫ਼ ਅਤੇ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਸਵੱਛਤਾ ਦਾ ਸੰਦੇਸ਼ ਪਿੰਡਾਂ ਤੱਕ ਪਹੁੰਚਾਉਣ ਅਤੇ ਲੋਕਾਂ ਨੂੰ ਵਿਹਾਰਕ ਤਬਦੀਲੀ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਪਲਾਸਟਿਕ ਰਹਿੰਦ-ਖੂੰਹਦ ਦੇ ਪ੍ਰਬੰਧਨ, ਕੂੜੇ ਦੀ ਚਾਰ-ਪੜਾਵੀ ਵੰਡ, ਰੀਸਾਈਕਲਿੰਗ ਅਤੇ ਪਲਾਸਟਿਕ ਦੇ ਗਲਤ ਨਿਪਟਾਰੇ ਨਾਲ ਹੋਣ ਵਾਲੇ ਵਾਤਾਵਰਨ ਪ੍ਰਭਾਵਾਂ ਬਾਰੇ ਵੀ ਜਾਗਰੂਕਤਾ ਸੈਸ਼ਨ ਕਰਵਾਏ ਗਏ। ਇਸ ਤੋਂ ਇਲਾਵਾ ਮੁੱਖ ਦਫ਼ਤਰ ਅਤੇ ਆਲੇ-ਦੁਆਲੇ ਸਫ਼ਾਈ ਮੁਹਿੰਮ ਚਲਾਈ ਗਈ ਅਤੇ ਅਧਿਕਾਰੀਆਂ ਤੇ ਸਟਾਫ਼ ਵੱਲੋਂ ‘ਸਵੱਛਤਾ ਸਹੁੰ’ ਚੁੱਕੀ ਗਈ।

ਮੁਹਿੰਮ ਤਹਿਤ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਸਫ਼ਾਈ ਟੀਚਾ ਇਕਾਈਆਂ ਅਤੇ ਵੱਧ ਕੂੜੇ ਵਾਲੀਆਂ ਥਾਵਾਂ ਦੀ ਕਾਇਆ-ਕਲਪ, ‘ਸਵੱਛ ਪਾਠਸ਼ਾਲਾ-ਯੁਵਾ ਫਾਰ ਸਵੱਛਤਾ’, ਸਾਫ਼ ਜਨਤਕ ਥਾਵਾਂ, ਜਨ ਭਾਗੀਦਾਰੀ ਜਾਗਰੂਕਤਾ ਮੁਹਿੰਮਾਂ, ਸਫ਼ਾਈ ਮਿੱਤਰ ਸੁਰੱਖਿਆ ਸੇਵਾ ਤੇ ਸਨਮਾਨ ਕੈਂਪ ਅਤੇ ‘ਸਵੱਛਤਾ ਤੋਂ ਸਮ੍ਰਿਧੀ’ ਵਰਗੇ ਪ੍ਰੋਗਰਾਮ ਕਰਵਾਏ ਜਾਣਗੇ।

ਅਧਿਕਾਰੀਆਂ ਨੇ ਦੱਸਿਆ ਕਿ ਗ੍ਰਾਮ ਪੰਚਾਇਤਾਂ ਅਤੇ ਪਿੰਡ ਪੱਧਰੀ ਸੰਸਥਾਵਾਂ ਨੂੰ ਸ਼੍ਰਮਦਾਨ, ਗਲੀਆਂ ਤੇ ਜਨਤਕ ਥਾਵਾਂ ਦੀ ਸਫ਼ਾਈ, ਜਲ ਸਰੋਤਾਂ ਦੀ ਸੁਰੱਖਿਆ ਅਤੇ ਘਰੇਲੂ ਤੇ ਪਲਾਸਟਿਕ ਕੂੜੇ ਦੇ ਜ਼ਿੰਮੇਵਾਰਾਨਾ ਪ੍ਰਬੰਧਨ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਮੁਹਿੰਮ ਤੋਂ ਬਾਅਦ ਵੀ ਸਫ਼ਾਈ ਪ੍ਰਬੰਧਾਂ ਨੂੰ ਜਾਰੀ ਰੱਖਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

About The Author

Related Posts