Batala News: ਬਟਾਲਾ ’ਚ ਗੈਸ ਪਾਈਪਲਾਈਨ ਨੂੰ ਅੱਗ ਲੱਗਣ ਦੀ ਸਥਿਤੀ ਨਾਲ ਨਜਿੱਠਣ ਲਈ ਮੌਕ ਡ੍ਰਿੱਲ ਕਰਵਾਈ

ਕਰੀਬ 30 ਮਿੰਟਾਂ ’ਚ ਸਥਿਤੀ ’ਤੇ ਕਾਬੂ ਪਾਉਣ ਦਾ ਕੀਤਾ ਅਭਿਆਸ, ਵੱਖ-ਵੱਖ ਵਿਭਾਗਾਂ ਨੇ ਲਿਆ ਹਿੱਸਾ

Khushdeep Singh Picture
Published On

ਬਟਾਲਾ (ਸੱਚ ਕਹੂੰ ਨਿਊਜ਼/ਹਿੰ.ਸ.)। ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਤੇ ਬਟਾਲਾ ਵੱਲੋਂ ਗੁਜਰਾਤ ਐਨਰਜੀ ਲਿਮਟਿਡ (ਜੀਈਐੱਲ) ਦੇ ਸਹਿਯੋਗ ਨਾਲ ਮਦਨ ਫਿੱਲਿੰਗ ਸਟੇਸ਼ਨ, ਬਟਾਲਾ ਵਿਖੇ ਲੈਵਲ-3 ਆਫਸਾਈਟ ਮੌਕ ਡ੍ਰਿੱਲ ਕਰਵਾਈ ਗਈ। ਇਸ ਦੌਰਾਨ ਹਾਈ ਪ੍ਰੈਸ਼ਰ ਸਟੀਲ ਗੈਸ ਪਾਈਪਲਾਈਨ ਨੂੰ ਨੁਕਸਾਨ ਪਹੁੰਚਣ ਕਾਰਨ ਅੱਗ ਲੱਗਣ ਦੀ ਕਾਲਪਨਿਕ ਸਥਿਤੀ ਤਿਆਰ ਕਰਕੇ ਵੱਖ-ਵੱਖ ਵਿਭਾਗਾਂ ਦੀ ਐਮਰਜੈਂਸੀ ਨਾਲ ਨਜਿੱਠਣ ਦੀ ਤਿਆਰੀ ਤੇ ਆਪਸੀ ਤਾਲਮੇਲ ਨੂੰ ਪਰਖਿਆ ਗਿਆ। ਅਭਿਆਸ ਦੌਰਾਨ ਕਰੀਬ 30 ਮਿੰਟਾਂ ’ਚ ਸਥਿਤੀ ’ਤੇ ਕਾਬੂ ਪਾਉਣ ਦੀ ਕਾਰਵਾਈ ਸਫਲਤਾਪੂਰਵਕ ਪੂਰੀ ਕੀਤੀ ਗਈ। ਮੌਕ ਡ੍ਰਿੱਲ ਦੌਰਾਨ ਐਮਰਜੈਂਸੀ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚੇ। ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਦੀ ਅਗਵਾਈ ਤਹਿਸੀਲਦਾਰ ਬਟਾਲਾ ਅਰਜੁਨ ਸਿੰਘ ਗਰੇਵਾਲ ਨੇ ਕੀਤੀ। ਇਸ ਮੌਕੇ ਜੀਈਐੱਲ ਦੇ ਜੀਏ ਹੈੱਡ ਚੰਦਰਕਾਂਤ ਵਾਲਾ, ਟੈਕਨੀਕਲ ਮੈਨੇਜਰ ਕੌਸ਼ਲੇਂਦਰ ਸਿੰਘ, ਇੰਜੀਨੀਅਰ ਅਭਿਜੀਤ ਰਾਣਾ ਤੇ ਮਹਿਕਦੀਪ ਸਿੰਘ ਸਮੇਤ ਕੰਪਨੀ ਦੀ ਟੀਮ ਮੌਜੂਦ ਰਹੀ। ਅਭਿਆਸ ਦੌਰਾਨ ਕੰਪਨੀ ਵੱਲੋਂ ਐਮਰਜੈਂਸੀ ਸਾਇਰਨ ਚਾਲੂ ਕਰਕੇ ਅੰਦਰੂਨੀ ਐਮਰਜੈਂਸੀ ਪ੍ਰੋਟੋਕੋਲ ਲਾਗੂ ਕੀਤਾ ਗਿਆ। ਗੈਸ ਦੇ ਵਹਾਅ ਨੂੰ ਰੋਕਣ ਲਈ ਅੱਪਸਟਰੀਮ ਤੇ ਡਾਊਨਸਟਰੀਮ ਵਾਲਵ ਬੰਦ ਕੀਤੇ ਗਏ। Batala News

ਇਸ ਤੋਂ ਬਾਅਦ ਗੈਸ ਦੀ ਮੌਜ਼ੂਦਗੀ ਦੀ ਜਾਂਚ ਕੀਤੀ ਗਈ ਤੇ ਖੇਤਰ ਨੂੰ ਸੁਰੱਖਿਅਤ ਐਲਾਨਣ ਤੋਂ ਪਹਿਲਾਂ ਗੈਸ ਦੀ ਗੈਰ-ਮੌਜੂਦਗੀ ਯਕੀਨੀ ਬਣਾਉਣ ਦੀ ਪ੍ਰਕਿਰਿਆ ਅਪਣਾਈ ਗਈ। ਪੁਲਿਸ ਵਿਭਾਗ ਨੇ ਘਟਨਾ ਸਥਾਨ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਬਣਾਇਆ ਤੇ ਆਵਾਜਾਈ ਨੂੰ ਨਿਯਮਤ ਕਰਦਿਆਂ ਲੋਕਾਂ ਨੂੰ ਸੁਰੱਖਿਅਤ ਦੂਰੀ ’ਤੇ ਰੱਖਿਆ। ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਸਿਮਰਨਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐਂਬੂਲੈਂਸ ਭੇਜੀ ਗਈ ਤੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੇ ਹਸਪਤਾਲ ਪਹੁੰਚਾਉਣ ਦਾ ਅਭਿਆਸ ਕੀਤਾ ਗਿਆ। ਐੱਸਐੱਫਓ ਨੀਰਜ ਕੁਮਾਰ ਦੀ ਅਗਵਾਈ ਹੇਠ ਫਾਇਰ ਬ੍ਰਿਗੇਡ ਦੀ ਟੀਮ ਨੇ ਵੀ ਅੱਗ ਬੁਝਾਉਣ ਦੀ ਕਾਰਵਾਈ ਕੀਤੀ। ਜੀਈਐੱਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਟਾਲਾ ’ਚ 24 ਘੰਟੇ ਐਮਰਜੈਂਸੀ ਰਿਸਪਾਂਸ ਟੀਮ ਤਾਇਨਾਤ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੜਕਾਂ, ਗਲੀਆਂ ਜਾਂ ਸੁਸਾਇਟੀਆਂ ’ਚ ਖੁਦਾਈ ਸ਼ੁਰੂ ਕਰਨ ਤੋਂ ਪਹਿਲਾਂ ਕੰਪਨੀ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਗੈਸ ਪਾਈਪਲਾਈਨ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਇਸ ਮੌਕ ਡ੍ਰਿੱਲ ਰਾਹੀਂ ਪੁਲਿਸ, ਫਾਇਰ ਬ੍ਰਿਗੇਡ, ਸਿਹਤ ਵਿਭਾਗ, ਪ੍ਰਸ਼ਾਸਨ ਤੇ ਕੰਪਨੀ ਦੀਆਂ ਟੀਮਾਂ ਨੇ ਐਮਰਜੈਂਸੀ ਦੌਰਾਨ ਤੁਰੰਤ ਤੇ ਪ੍ਰਭਾਵਸ਼ਾਲੀ ਕਾਰਵਾਈ ਕਰਨ ਦੀ ਤਿਆਰੀ ਦਾ ਪ੍ਰਦਰਸ਼ਨ ਕੀਤਾ। Batala News

ਇਹ ਵੀ ਪੜ੍ਹੋ : Sirsa News: ਰੈੱਡ ਰਨ ਮੈਰਾਥਨ ’ਚ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ

About The Author

Related Posts