Malerkotla Court News: ਮਲੇਰਕੋਟਲਾ ਅਦਾਲਤ ਵੱਲੋਂ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਦੀ ਡਿਸਚਾਰਜ ਅਰਜ਼ੀ ਖਾਰਜ
ਨਫ਼ਰਤੀ ਭਾਸ਼ਣ ਤੇ ਧਮਕੀ ਦੇ ਮਾਮਲੇ ’ਚ ਅਦਾਲਤ ਨੇ ਦੋਸ਼ ਆਇਦ ਕੀਤੇ, ਅਗਲੀ ਸੁਣਵਾਈ 8 ਅਕਤੂਬਰ ਨੂੰ
Malerkotla Court News: ਮਲੇਰਕੋਟਲਾ, (ਗੁਰਤੇਜ ਜੋਸ਼ੀ)। ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਦੀਆਂ ਕਾਨੂੰਨੀ ਮੁਸ਼ਕਲਾਂ ਉਸ ਸਮੇਂ ਵਧ ਗਈਆਂ, ਜਦੋਂ ਮਲੇਰਕੋਟਲਾ ਦੀ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸ਼੍ਰੀਮਤੀ ਰਮਨੀਤ ਕੌਰ ਦੀ ਅਦਾਲਤ ਨੇ ਉਨ੍ਹਾਂ ਵੱਲੋਂ ਮਾਮਲੇ ਵਿੱਚੋਂ ਡਿਸਚਾਰਜ ਕਰਨ ਸਬੰਧੀ ਦਾਇਰ ਕੀਤੀ ਅਰਜ਼ੀ ਨੂੰ ਖਾਰਜ ਕਰ ਦਿੱਤਾ। ਅਦਾਲਤ ਨੇ ਪੁਲਿਸ ਵੱਲੋਂ ਪੇਸ਼ ਕੀਤੇ ਚਲਾਨ ਅਤੇ ਦਸਤਾਵੇਜ਼ੀ ਸਬੂਤਾਂ ਦੇ ਆਧਾਰ ’ਤੇ ਮੁਹੰਮਦ ਮੁਸਤਫਾ ਵਿਰੁੱਧ ਆਈ.ਪੀ.ਸੀ. ਦੀ ਧਾਰਾ 153 ਅਤੇ 506 ਤਹਿਤ ਦੋਸ਼ ਆਇਦ ਕੀਤੇ ਹਨ।
ਇਹ ਵੀ ਪੜ੍ਹੋ: Ghagga Paddy Procurement: ਘੱਗਾ ਮੰਡੀ ’ਚ ਸ਼ੁਰੂ ਹੋਈ ਝੋਨੇ ਦੀ ਖਰੀਦ, ਕਿਸਾਨਾਂ ਨੂੰ ਲੈ ਕੇ ਲਿਆ ਗਿਆ ਵੱਡਾ ਫੈਸਲਾ
ਇਹ ਮਾਮਲਾ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਹੈ। 23 ਜਨਵਰੀ 2022 ਨੂੰ ਥਾਣਾ ਸਿਟੀ-1 ਮਲੇਰਕੋਟਲਾ ਵਿਖੇ ਮੁਹੰਮਦ ਮੁਸਤਫਾ ਵਿਰੁੱਧ ਐੱਫ.ਆਈ.ਆਰ. ਨੰਬਰ 17 ਦਰਜ ਕੀਤੀ ਗਈ ਸੀ। ਪੁਲਿਸ ਵੱਲੋਂ ਦਰਜ ਮਾਮਲੇ ਅਨੁਸਾਰ ਚੋਣ ਜ਼ਾਬਤੇ ਦੌਰਾਨ ਮੁਸਤਫਾ ਵੱਲੋਂ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਥਿਤ ਤੌਰ ’ਤੇ ਭੜਕਾਊ ਭਾਸ਼ਣ ਦਿੱਤਾ ਗਿਆ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋਈ ਸੀ। ਪੁਲਿਸ ਨੇ ਦੋਸ਼ ਲਾਇਆ ਸੀ ਕਿ ਇਸ ਭਾਸ਼ਣ ਨਾਲ ਇਲਾਕੇ ਵਿੱਚ ਭਾਈਚਾਰਕ ਤਣਾਅ ਅਤੇ ਕਾਨੂੰਨ-ਵਿਵਸਥਾ ਦੀ ਸਥਿਤੀ ਪ੍ਰਭਾਵਿਤ ਹੋਣ ਦਾ ਖਦਸ਼ਾ ਸੀ। ਜ਼ਿਕਰਯੋਗ ਹੈ ਕਿ ਉਸ ਸਮੇਂ ਮੁਹੰਮਦ ਮੁਸਤਫਾ ਦੀ ਪਤਨੀ ਰਾਜ਼ੀਆ ਸੁਲਤਾਨਾ ਮਲੇਰਕੋਟਲਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਵਜੋਂ ਚੋਣ ਲੜ ਰਹੇ ਸਨ।
ਅਦਾਲਤ ਨੇ ਟਰਾਇਲ ਦੌਰਾਨ ਸਬੂਤਾਂ ਦੀ ਜਾਂਚ ਨੂੰ ਦੱਸਿਆ ਜ਼ਰੂਰੀ
ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਭਾਸ਼ਣ ਵਿੱਚ ਵਰਤੇ ਗਏ ਸ਼ਬਦਾਂ, ਉਨ੍ਹਾਂ ਦੇ ਸੰਦਰਭ ਅਤੇ ਕਥਿਤ ਮਨਸ਼ਾ ਦਾ ਨਿਰਣਾ ਮੁਕੱਦਮੇ ਦੌਰਾਨ ਸਬੂਤਾਂ ਦੇ ਆਧਾਰ ’ਤੇ ਹੀ ਕੀਤਾ ਜਾ ਸਕਦਾ ਹੈ। ਅਦਾਲਤ ਨੇ ਇਸ ਪੜਾਅ ’ਤੇ ਮੁਲਜ਼ਮ ਨੂੰ ਡਿਸਚਾਰਜ ਕਰਨ ਲਈ ਕੋਈ ਠੋਸ ਆਧਾਰ ਨਾ ਮੰਨਦਿਆਂ ਅਰਜ਼ੀ ਖਾਰਜ ਕਰ ਦਿੱਤੀ ਅਤੇ ਦੋਸ਼ ਆਇਦ ਕਰ ਦਿੱਤੇ। ਅਦਾਲਤੀ ਕਾਰਵਾਈ ਦੌਰਾਨ ਮੁਹੰਮਦ ਮੁਸਤਫਾ ਨੇ ਆਪਣੇ-ਆਪ ਨੂੰ ਬੇਕਸੂਰ ਦੱਸਦਿਆਂ ਮੁਕੱਦਮਾ ਲੜਨ ਦਾ ਫੈਸਲਾ ਕੀਤਾ ਹੈ। ਹੁਣ ਮਾਮਲੇ ਦੀ ਅਗਲੀ ਸੁਣਵਾਈ 8 ਅਕਤੂਬਰ 2026 ਨੂੰ ਹੋਵੇਗੀ, ਜਿਸ ਦੌਰਾਨ ਸਰਕਾਰੀ ਗਵਾਹਾਂ ਦੇ ਬਿਆਨ ਕਲਮਬੰਦ ਕੀਤੇ ਜਾਣ ਦੀ ਕਾਰਵਾਈ ਹੋਵੇਗੀ।