Nurses Role in Healthcare: ਲੋਕਾਂ ਦੀ ਸਿਹਤ ਦੀਆਂ ਪਹਿਰੇਦਾਰ ਹੁੰਦੀਆਂ ਨਰਸਾਂ

ਨਰਸਿੰਗ ਮਨੁੱਖੀ ਸੱਭਿਆਚਾਰ ਦੀ ਉਹ ਸੇਵਾ ਹੈ ਜੋ ਮਨੁੱਖ ਦੇ ਜਨਮ ਨਾਲ ਹੀ ਜੁੜੀ ਹੋਈ ਹੈ

Khushdeep Singh Picture
Published On

ਨਰਸਿੰਗ ਮਨੁੱਖੀ ਸੱਭਿਆਚਾਰ ਦੀ ਉਹ ਸੇਵਾ ਹੈ ਜੋ ਮਨੁੱਖ ਦੇ ਜਨਮ ਨਾਲ ਹੀ ਜੁੜੀ ਹੋਈ ਹੈ। ਜਦੋਂ ਧਰਤੀ ’ਤੇ ਪਹਿਲਾ ਮਨੁੱਖ ਬਿਮਾਰ ਪਿਆ, ਜਖ਼ਮੀ ਹੋਇਆ ਜਾਂ ਦੁੱਖ ਵਿੱਚ ਡੁੱਬਿਆ, ਉਦੋਂ ਹੀ ਕਿਸੇ ਨਾ ਕਿਸੇ ਰੂਪ ਵਿੱਚ ਉਸ ਦੀ ਸੰਭਾਲ ਕੀਤੀ ਗਈ। ਇਹ ਸੰਭਾਲ ਹੀ ਨਰਸਿੰਗ ਦਾ ਮੂਲ ਰੂਪ ਹੈ। ਨਰਸਿੰਗ ਸਿਰਫ਼ ਦਵਾਈ ਦੇਣ ਜਾਂ ਜਖ਼ਮਾਂ ’ਤੇ ਪੱਟੀ ਕਰਨ ਦਾ ਨਾਂਅ ਨਹੀਂ, ਬਲਕਿ ਇਹ ਮਨੁੱਖੀ ਦਇਆ, ਸਮੱਰਪਣ, ਸੇਵਾ, ਤਿਆਗ ਅਤੇ ਹਮਦਰਦੀ ਦਾ ਜਿਉਂਦਾ- ਜਾਗਦਾ ਰੂਪ ਹੈ। ਇਤਿਹਾਸ ਦੇ ਹਰ ਦੌਰ ਵਿੱਚ ਨਰਸਿੰਗ ਨੇ ਸਮਾਜ ਨੂੰ ਜਿਉਂਦਾ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਨਰਸਿੰਗ ਦਾ ਇਤਿਹਾਸ ਮਨੁੱਖਤਾ ਦੇ ਇਤਿਹਾਸ ਦੇ ਨਾਲ-ਨਾਲ ਹੀ ਅੱਗੇ ਵਧਦਾ ਰਿਹਾ ਹੈ। ਪ੍ਰਾਚੀਨ ਯੁੱਗ ਤੋਂ ਲੈ ਕੇ ਆਧੁਨਿਕ ਯੁੱਗ ਤੱਕ ਨਰਸਿੰਗ ਨੇ ਕਈ ਰੂਪ ਬਦਲੇ, ਪਰ ਇਸ ਦਾ ਮੂਲ ਉਦੇਸ਼ ਹਮੇਸ਼ਾ ਇੱਕੋ ਹੀ ਰਿਹਾ- ਬਿਮਾਰ ਮਨੁੱਖ ਦੀ ਸੇਵਾ।

ਪ੍ਰਾਚੀਨ ਕਾਲ ਵਿੱਚ ਨਰਸਿੰਗ ਕਿਸੇ ਪੇਸ਼ੇ ਦੇ ਰੂਪ ਵਿੱਚ ਨਹੀਂ ਸੀ, ਸਗੋਂ ਇਹ ਘਰ ਦੀ ਜ਼ਿੰਮੇਵਾਰੀ ਮੰਨੀ ਜਾਂਦੀ ਸੀ। ਮਾਵਾਂ ਆਪਣੇ ਬੱਚਿਆਂ ਦੀ, ਧੀਆਂ ਆਪਣੇ ਮਾਪਿਆਂ ਦੀ ਤੇ ਪਰਿਵਾਰ ਦੇ ਹੋਰ ਮੈਂਬਰ ਬਿਮਾਰਾਂ ਦੀ ਦੇਖਭਾਲ ਕਰਦੇ ਸਨ। ਇਹੀ ਨਰਸਿੰਗ ਦਾ ਸਭ ਤੋਂ ਪਹਿਲਾ ਰੂਪ ਸੀ। ਪ੍ਰਾਚੀਨ ਸੱਭਿਆਚਾਰਾਂ ਵਿੱਚ ਨਰਸਿੰਗ ਨੂੰ ਧਾਰਮਿਕ ਅਤੇ ਸਮਾਜਿਕ ਫਰਜ਼ ਮੰਨਿਆ ਜਾਂਦਾ ਸੀ। ਭਾਰਤ ਦੀ ਪ੍ਰਾਚੀਨ ਚਿਕਿੱਤਸਾ ਪ੍ਰਣਾਲੀ ਵਿੱਚ ਨਰਸਿੰਗ ਦਾ ਵੱਡਾ ਮਹੱਤਵ ਮਿਲਦਾ ਹੈ। ਚਰਕ ਸੰਹਿਤਾ ਅਤੇ ਸੁਸ਼ਰੁਤ ਸੰਹਿਤਾ ਵਰਗੇ ਮਹਾਨ ਗ੍ਰੰਥਾਂ ਵਿੱਚ ਨਰਸ ਦੇ ਗੁਣਾਂ ਦੀ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ। ਚਰਕ ਮੁਨੀ ਨੇ ਲਿਖਿਆ ਕਿ ਇੱਕ ਚੰਗਾ ਨਰਸ ਉਹ ਹੈ ਜੋ ਸਾਫ਼-ਸੁਥਰਾ ਹੋਵੇ, ਧੀਰਜਵਾਨ ਹੋਵੇ, ਦਿਆਲੂ ਹੋਵੇ, ਮਰੀਜ਼ ਦੀ ਹਾਲਤ ਨੂੰ ਸਮਝ ਸਕੇ ਅਤੇ ਡਾਕਟਰ ਦੇ ਨਿਰਦੇਸ਼ਾਂ ਨੂੰ ਠੀਕ ਤਰੀਕੇ ਨਾਲ ਅਮਲ ਵਿੱਚ ਲਿਆਵੇ।

Read Also : Punjab Politics Breaking News: ਮੁੱਖ ਮੰਤਰੀ ਭਗਵੰਤ ਮਾਨ ਦਾ ਭਰਾ ਭਾਜਪਾ 'ਚ ਸ਼ਾਮਲ

ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਭਾਰਤ ਵਿੱਚ ਹਜ਼ਾਰਾਂ ਸਾਲ ਪਹਿਲਾਂ ਵੀ ਨਰਸਿੰਗ ਨੂੰ ਇੱਕ ਵਿਗਿਆਨਕ ਅਤੇ ਵਿਵਸਥਿਤ ਰੂਪ ਵਿੱਚ ਸਮਝਿਆ ਜਾਂਦਾ ਸੀ। ਮਿਸਰ ਦੀ ਪ੍ਰਾਚੀਨ ਸੱਭਿਆਚਾਰ ਵਿੱਚ ਵੀ ਨਰਸਿੰਗ ਦਾ ਮਹੱਤਵ ਮਿਲਦਾ ਹੈ। ਉੱਥੇ ਮੰਦਿਰਾਂ ਨੂੰ ਇਲਾਜ ਦੇ ਕੇਂਦਰਾਂ ਵਜੋਂ ਵਰਤਿਆ ਜਾਂਦਾ ਸੀ। ਪਾਦਰੀ ਅਤੇ ਸੇਵਿਕਾਵਾਂ ਬਿਮਾਰਾਂ ਦੀ ਸੰਭਾਲ ਕਰਦੇ ਸਨ। ਯੂਨਾਨ ਵਿੱਚ ਹਿਪੋਕ੍ਰੇਟਸ ਦੇ ਸਮੇਂ ਦੌਰਾਨ ਨਰਸਿੰਗ ਨੂੰ ਚਿਕਿੱਤਸਾ ਦਾ ਅਟੁੱਟ ਹਿੱਸਾ ਮੰਨਿਆ ਗਿਆ। ਉੱਥੇ ਵੀ ਨਰਸਿੰਗ ਦਾ ਸੰਬੰਧ ਧਾਰਮਿਕ ਆਸਥਾ ਨਾਲ ਜੁੜਿਆ ਹੋਇਆ ਸੀ। ਚੀਨ ਵਿੱਚ ਜੜ੍ਹੀ-ਬੂਟੀਆਂ ਅਤੇ ਪ੍ਰਾਚੀਨ ਦਵਾਈਆਂ ਨਾਲ ਇਲਾਜ ਕੀਤਾ ਜਾਂਦਾ ਸੀ ਅਤੇ ਮਹਿਲਾਵਾਂ ਮਰੀਜ਼ਾਂ ਦੀ ਸੰਭਾਲ ਕਰਦੀਆਂ ਸਨ।

ਮੱਧ ਕਾਲ ਵਿੱਚ ਨਰਸਿੰਗ ਨੇ ਇੱਕ ਨਵਾਂ ਮੋੜ ਲਿਆ। ਇਸ ਦੌਰਾਨ ਨਰਸਿੰਗ ਮੁੱਖ ਤੌਰ ’ਤੇ ਧਾਰਮਿਕ ਸੰਸਥਾਵਾਂ ਨਾਲ ਜੁੜ ਗਈ। ਯੂਰਪ ਵਿੱਚ ਗਿਰਜਾਘਰਾਂ ਤੇ ਮੱਠਾਂ ਵਿੱਚ ਨਨ-ਭੈਣਾਂ ਅਤੇ ਸੇਵਕ ਬਿਮਾਰਾਂ, ਗਰੀਬਾਂ ਅਤੇ ਅਨਾਥਾਂ ਦੀ ਸੇਵਾ ਕਰਦੇ ਸਨ। ਨਰਸਿੰਗ ਨੂੰ ਇਸ ਦੌਰ ਵਿੱਚ ਇੱਕ ਪਵਿੱਤਰ ਸੇਵਾ ਮੰਨਿਆ ਜਾਂਦਾ ਸੀ। ਕਰੂਸੇਡ ਯੁੱਧਾਂ ਦੌਰਾਨ ਹਜ਼ਾਰਾਂ ਸਿਪਾਹੀ ਜਖ਼ਮੀ ਹੋਏ। ਉਨ੍ਹਾਂ ਦੀ ਸੰਭਾਲ ਲਈ ਅਸਥਾਈ ਹਸਪਤਾਲ ਬਣਾਏ ਗਏ ਜਿੱਥੇ ਨਰਸਿੰਗ ਦੀ ਭੂਮਿਕਾ ਬਹੁਤ ਮਹੱਤਵਪੂਰਨ ਸੀ। ਭਾਰਤ ਵਿੱਚ ਮੱਧ ਕਾਲ ਦੌਰਾਨ ਵੀ ਨਰਸਿੰਗ ਦਾ ਰੂਪ ਧਾਰਮਿਕ ਅਤੇ ਸਮਾਜਿਕ ਸੇਵਾ ਨਾਲ ਜੁੜਿਆ ਰਿਹਾ।  ਬਿਮਾਰਾਂ ਦੀ ਸੰਭਾਲ ਕਰਨਾ ਧਰਮ ਦਾ ਹਿੱਸਾ ਮੰਨਿਆ ਗਿਆ। Patient Care Services

Nurses Role in Healthcare

ਸਿੱਖ ਧਰਮ ਵਿੱਚ ਸੇਵਾ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਗਿਆ, ਜਿਸ ਵਿੱਚ ਬਿਮਾਰਾਂ ਦੀ ਸੇਵਾ ਵੀ ਸ਼ਾਮਲ ਹੈ। ਇਹ ਸਾਰਾ ਨਰਸਿੰਗ ਦੇ ਇਤਿਹਾਸ ਦਾ ਅਹਿਮ ਅੰਗ ਹੈ। ਆਧੁਨਿਕ ਨਰਸਿੰਗ ਦੀ ਸ਼ੁਰੂਆਤ 19ਵੀਂ ਸਦੀ ਵਿੱਚ ਹੋਈ। ਇਸ ਯੁੱਗ ਦੀ ਸਭ ਤੋਂ ਮਹੱਤਵਪੂਰਨ ਸ਼ਖ਼ਸੀਅਤ ਫਲੋਰੈਂਸ ਨਾਈਟਿੰਗੇਲ ਸਨ। ਉਹ 1820 ਵਿੱਚ ਇੰਗਲੈਂਡ ਵਿੱਚ ਜਨਮੀ।  ਫਲੋਰੈਂਸ ਨਾਈਟਿੰਗੇਲ ਨੇ ਆਪਣੇ ਕੰਮ ਨਾਲ ਇਸ ਪੇਸ਼ੇ ਦਾ ਮੁਹਾਂਦਰਾ ਹੀ ਬਦਲ ਦਿੱਤਾ। ਕ੍ਰਾਈਮੀਆ ਯੁੱਧ ਦੌਰਾਨ ਜਦੋਂ ਹਜ਼ਾਰਾਂ ਸਿਪਾਹੀ ਜਖ਼ਮੀ ਹੋਏ ਅਤੇ ਹਸਪਤਾਲਾਂ ਵਿੱਚ ਬਦਇੰਤਜ਼ਾਮੀ ਸੀ, ਉਦੋਂ ਫਲੋਰੈਂਸ ਨਾਈਟਿੰਗੇਲ ਨੇ ਹਾਲਾਤ ਸੰਭਾਲੇ। ਉਨ੍ਹਾਂ ਨੇ ਸਫ਼ਾਈ, ਹਵਾ, ਰੌਸ਼ਨੀ ਅਤੇ ਪੋਸ਼ਣ ’ਤੇ ਜ਼ੋਰ ਦਿੱਤਾ, ਜਿਸ ਨਾਲ ਮੌਤ ਦਰ ਵਿੱਚ ਕਾਫ਼ੀ ਕਮੀ ਆਈ। ਫਲੋਰੈਂਸ ਨਾਈਟਿੰਗੇਲ ਰਾਤ ਨੂੰ ਦੀਵਾ ਲੈ ਕੇ ਮਰੀਜ਼ਾਂ ਦੀ ਹਾਲਤ ਵੇਖਣ ਜਾਂਦੀ ਸਨ, ਇਸ ਲਈ ਉਹ ‘ਦ ਲੇਡੀ ਵਿਦ ਦ ਲੈਂਪ’ ਦੇ ਨਾਂਅ ਨਾਲ ਮਸ਼ਹੂਰ ਹੋਏ। 1860 ਵਿੱਚ ਉਨ੍ਹਾਂ ਨੇ ਲੰਡਨ ਵਿੱਚ ਪਹਿਲਾ ਨਰਸਿੰਗ ਸਕੂਲ ਖੋਲ੍ਹਿਆ।

ਇਹ ਆਧੁਨਿਕ ਨਰਸਿੰਗ ਦੀ ਸ਼ੁਰੂਆਤ ਸੀ। ਇਸ ਤੋਂ ਬਾਅਦ ਨਰਸਿੰਗ ਨੂੰ ਇੱਕ ਵਿਗਿਆਨਕ, ਵਿੱਦਿਅਕ ਅਤੇ ਪੇਸ਼ੇਵਰ ਦਰਜਾ ਮਿਲਿਆ। ਭਾਰਤ ਵਿੱਚ ਆਧੁਨਿਕ ਨਰਸਿੰਗ ਦਾ ਵਿਕਾਸ ਬ੍ਰਿਟਿਸ਼ ਸ਼ਾਸਨ ਦੌਰਾਨ ਹੋਇਆ। 1871 ਵਿੱਚ ਕੋਲਕਾਤਾ ਵਿੱਚ ਪਹਿਲਾ ਨਰਸਿੰਗ ਸਕੂਲ ਸਥਾਪਤ ਕੀਤਾ ਗਿਆ। ਸ਼ੁਰੂਆਤੀ ਦੌਰ ਵਿੱਚ ਨਰਸਿੰਗ ਮੁੱਖ ਤੌਰ ’ਤੇ ਮਿਸ਼ਨਰੀ ਮਹਿਲਾਵਾਂ ਦੁਆਰਾ ਕੀਤੀ ਜਾਂਦੀ ਸੀ। ਹੌਲੀ-ਹੌਲੀ ਭਾਰਤੀ ਮਹਿਲਾਵਾਂ ਨੇ ਵੀ ਇਸ ਖੇਤਰ ਵਿੱਚ ਕਦਮ ਰੱਖਿਆ। ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਨਰਸਿੰਗ ਸਿੱਖਿਆ ਨੂੰ ਵਿਸਥਾਰ ਦੇਣ ਲਈ ਕਈ ਕਦਮ ਚੁੱਕੇ। 20ਵੀਂ ਸਦੀ ਵਿੱਚ ਨਰਸਿੰਗ ਨੇ ਤੇਜ਼ੀ ਨਾਲ ਵਿਕਾਸ ਕੀਤਾ। ਨਰਸਿੰਗ ਸਿੱਖਿਆ ਲਈ ਡਿਪਲੋਮਾ ਅਤੇ ਡਿਗਰੀ ਕੋਰਸ ਸ਼ੁਰੂ ਕੀਤੇ ਗਏ। ਜੀਐੱਨਐਮ, ਏਐੱਨਐੱਮ, ਬੀਐੱਸਸੀ ਨਰਸਿੰਗ ਅਤੇ ਐੱਮਐੱਸਸੀ ਨਰਸਿੰਗ ਵਰਗੇ ਕੋਰਸ ਲਾਗੂ ਹੋਏ।

ਨਰਸਿੰਗ ਕੌਂਸਲਾਂ ਬਣਾਈਆਂ ਗਈਆਂ ਤਾਂ ਜੋ ਨਰਸਿੰਗ ਪੇਸ਼ੇ ਨੂੰ ਨਿਯਮਿਤ ਕੀਤਾ ਜਾ ਸਕੇ। ਇਸ ਨਾਲ ਨਰਸਿੰਗ ਦੀ ਗੁਣਵੱਤਾ ਅਤੇ ਮਾਨਤਾ ਵਿੱਚ ਵਾਧਾ ਹੋਇਆ। ਆਧੁਨਿਕ ਦੌਰ ਵਿੱਚ ਨਰਸਿੰਗ ਸਿਰਫ਼ ਹਸਪਤਾਲਾਂ ਤੱਕ ਸੀਮਤ ਨਹੀਂ ਰਹੀ। ਨਰਸਾਂ ਅੱਜ ਜਨ ਸਿਹਤ ਪ੍ਰੋਗਰਾਮਾਂ, ਟੀਕਾਕਰਨ ਅਭਿਆਨਾਂ, ਮਾਤਾ-ਸ਼ਿਸ਼ੂ ਸਿਹਤ, ਸਕੂਲ ਸਿਹਤ ਯੋਜਨਾਵਾਂ, ਰਿਸਰਚ ਅਤੇ ਪ੍ਰਬੰਧਨ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਨਰਸਾਂ ਬਿਨਾਂ ਸਿਹਤ ਪ੍ਰਣਾਲੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਕੋਵਿਡ-19 ਮਹਾਂਮਾਰੀ ਨੇ ਨਰਸਿੰਗ ਦੀ ਅਸਲੀ ਮਹੱਤਤਾ ਦੁਨੀਆ ਸਾਹਮਣੇ ਲਿਆ ਦਿੱਤੀ। ਜਦੋਂ ਸਾਰਾ ਸੰਸਾਰ ਡਰ ਵਿੱਚ ਸੀ, ਉਦੋਂ ਨਰਸਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਮਰੀਜ਼ਾਂ ਦੀ ਸੇਵਾ ਕੀਤੀ। ਉਹ ਦਿਨ-ਰਾਤ ਪੀਪੀਈ ਕਿੱਟ ਪਹਿਨ ਕੇ ਕੰਮ ਕਰਦੀਆਂ ਰਹੀਆਂ।

ਕਈ ਨਰਸਾਂ ਨੇ ਆਪਣੀ ਜਾਨ ਵੀ ਗਵਾ ਦਿੱਤੀ, ਪਰ ਉਹ ਆਪਣੀ ਡਿਊਟੀ ਤੋਂ ਪਿੱਛੇ ਨਹੀਂ ਹਟੀਆਂ। ਇਹ ਨਰਸਿੰਗ ਦੇ ਇਤਿਹਾਸ ਦਾ ਸਭ ਤੋਂ ਮਾਣਮੱਤਾ ਅਧਿਆਇ ਹੈ। ਨਰਸਿੰਗ ਸਿਰਫ਼ ਇੱਕ ਨੌਕਰੀ ਨਹੀਂ, ਬਲਕਿ ਇਹ ਮਨੁੱਖੀ ਸੰਵੇਦਨਾ ਦਾ ਪ੍ਰਤੀਕ ਹੈ। ਨਰਸ ਮਰੀਜ਼ ਦੇ ਦਰਦ ਨੂੰ ਸਿਰਫ਼ ਦੇਖਦੀ ਨਹੀਂ, ਸਗੋਂ ਉਸ ਨੂੰ ਮਹਿਸੂਸ ਕਰਦੀ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਮਨੁੱਖਤਾ ਸੰਕਟ ਵਿੱਚ ਫਸੀ, ਨਰਸਾਂ ਨੇ ਅੱਗੇ ਵਧ ਕੇ ਸੇਵਾ ਕੀਤੀ। ਇਸ ਤਰ੍ਹਾਂ ਨਰਸਿੰਗ ਦਾ ਇਤਿਹਾਸ ਮਨੁੱਖਤਾ ਦੇ ਇਤਿਹਾਸ ਨਾਲ ਅਟੁੱਟ ਤੌਰ ’ਤੇ ਜੁੜਿਆ ਹੋਇਆ ਹੈ। ਪ੍ਰਾਚੀਨ ਕਾਲ ਤੋਂ ਲੈ ਕੇ ਆਧੁਨਿਕ ਯੁੱਗ ਤੱਕ ਨਰਸਿੰਗ ਨੇ ਆਪਣਾ ਰੂਪ ਬਦਲਿਆ, ਪਰ ਇਸ ਦੀ ਆਤਮਾ ਹਮੇਸ਼ਾ ਇੱਕੋ ਰਹੀ, ਸੇਵਾ। ਨਰਸਿੰਗ ਮਨੁੱਖੀ ਸਮਾਜ ਦੀ ਰੀੜ੍ਹ ਦੀ ਹੱਡੀ ਹੈ। ਇਸ ਬਿਨਾਂ ਕੋਈ ਵੀ ਸਿਹਤ ਪ੍ਰਣਾਲੀ ਪੂਰੀ ਨਹੀਂ ਹੋ ਸਕਦੀ। ਇਸ ਲਈ ਨਰਸ ਸਿਰਫ਼ ਸਿਹਤ ਸੇਵਕ ਨਹੀਂ, ਬਲਕਿ ਮਨੁੱਖਤਾ ਦੇ ਸੱਚੇ ਰੱਖਵਾਲੇ ਹਨ।

ਗੁਰਭਿੰਦਰ ਗੁਰੀ

About The Author

Related Posts