Storm in Punjab: ਝੱਖੜ ਕਾਰਨ ਪਾਵਰਕੌਮ ਦਾ 8 ਕਰੋੜ ਤੋਂ ਵੱਧ ਦਾ ਨੁਕਸਾਨ, 1500 ਖੰਭੇ ਟੁੱਟੇ, 300 ਤੋਂ ਵੱਧ ਟਰਾਂਸਫਾਰਮਰ ਨੁਕਸਾਨੇ
1300 ਗਿਆਰਾਂ ਕੇਵੀ ਫੀਡਰਾਂ ਨੂੰ ਪੁੱਜਿਆ ਨੁਕਸਾਨ
Storm in Punjab: (ਖੁਸ਼ਵੀਰ ਤੂਰ) ਪਟਿਆਲਾ। ਝੱਖੜ ਅਤੇ ਤੇਜ਼ ਹਨ੍ਹੇਰੀਆਂ ਨਾਲ ਪਾਵਰਕੌਮ ਦਾ ਆਏ ਸਾਲ ਹੀ ਵੱਡਾ ਨੁਕਸਾਨ ਹੁੰਦਾ ਹੈ। ਪਿਛਲੇ ਦਿਨੀਂ ਆਏ ਤੇਜ਼ ਝੱਖੜ ਕਾਰਨ ਪਾਵਰਕੌਮ ਦਾ 8 ਕਰੋੜ ਤੋਂ ਜਿਆਦਾ ਦਾ ਨੁਕਸਾਨ ਹੋਇਆ ਹੈ। ਪਾਵਰਕੌਮ ਦੇ ਸੈਂਕੜੇ ਖੰਭੇ ਅਤੇ ਟਰਾਂਸਫਾਰਮਰ ਨੁਕਸਾਨੇ ਗਏ ਜਦਕਿ ਅਨੇਕਾਂ ਬਿਜਲੀ ਲਾਇਨਾਂ ਪ੍ਰਭਾਵਿਤ ਹੋਈਆਂ। ਇੱਧਰ ਪਾਵਰਕੌਮ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਬਿਜਲੀ ਮੁਲਾਜ਼ਮਾਂ ਵੱਲੋਂ ਕਾਫੀ ਮੁਸ਼ੱਕਤ ਨਾਲ ਬਿਜਲੀ ਲਾਇਨਾਂ ਨੂੰ ਠੀਕ ਕਰਕੇ ਬਿਜਲੀ ਸਪਲਾਈ ਨੂੰ ਬਹਾਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: Panchayat News: ਪ੍ਰਬੰਧਕ ਲਾਏ ਜਾਣੇ ’ਤੇ ਨਰਾਜ਼ ਸਰਪੰਚ ਪੈਟਰੋਲ ਲੈ ਕੇ ਪਾਣੀ ਵਾਲੀ ਟੈਂਕੀ ’ਤੇ ਚੜਿਆ
ਦੱਸਣਯੋਗ ਹੈ ਕਿ 3 ਮਈ ਪੰਜਾਬ ਦੇ ਕਾਫ਼ੀ ਹਿੱਸਿਆਂ ਵਿੱਚ ਤੇਜ਼ ਝੱਖੜ ਆਇਆ ਸੀ, ਜਿਸ ਕਾਰਨ ਪਾਵਰਕੌਮ ਦੇ ਉਪਰਕਰਨਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ 2 ਮਈ ਨੂੰ ਵੀ ਤੇਜ਼ ਹਨ੍ਹੇਰੀ ਆਈ ਸੀ, ਪਰ ਉਸ ਨਾਲ ਬਹੁਤਾ ਨੁਕਸਾਨ ਨਹੀਂ ਹੋਇਆ ਸੀ ਜਦਕਿ ਕੁਝ ਥਾਵਾਂ ’ਤੇ ਖੰਭੇ ਆਦਿ ਜ਼ਰੂਰ ਪ੍ਰਭਾਵਿਤ ਹੋਏ ਸਨ। ਇਸ ਝੱਖੜ ਨਾਲ ਪਟਿਆਲਾ, ਲੁਧਿਆਣਾ, ਮੋਹਾਲੀ, ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਝੱਖੜ ਦਾ ਅਸਰ ਘੱਟ ਹੋਇਆ ਸੀ। ਪਾਵਰਕੌਮ ਅਨੁਸਾਰ 11 ਕੇਵੀ ਫੀਡਰਾਂ ਨੂੰ ਜਿਆਦਾ ਨੁਕਸਾਨ ਪੁੱਜਿਆ ਅਤੇ 1300 ਦੇ ਕਰੀਬ ਫੀਡਰ ਖ਼ਰਾਬ ਹੋ ਗਏ। ਇਸ ਦੇ ਨਾਲ ਹੀ 1,500 ਖੰਭੇ ਟੁੱਟ ਗਏ ਅਤੇ 300 ਤੋਂ ਵੱਧ ਟਰਾਂਸਫਾਰਮਰ ਪ੍ਰਭਾਵਿਤ ਹੋਏ। ਕਈ ਟਰਾਂਸਫ਼ਾਰਮਰ ਹੇਠਾਂ ਡਿੱਗ ਕੇ ਬੁਰੀ ਤਰ੍ਹਾਂ ਨੁਕਸਾਨੇ ਗਏ।
70 ਕਿਲੋਮੀਟਰ ਤੋਂ ਵੱਧ ਐੱਚਟੀ/ਐੱਲਟੀ ਲਾਈਨਾਂ ਪ੍ਰਭਾਵਿਤ ਹੋਈਆਂ। ਇਸ ਤੋਂ ਇਲਾਵਾ 220 ਕੇਵੀ ਦੇ ਇੱਕ ਟਰਾਂਸਮਿਸ਼ਨ ਟਾਵਰ ਨੂੰ ਵੀ ਨੁਕਸਾਨ ਪਹੁੰਚਿਆ। ਅਧਿਕਾਰੀਆਂ ਮੁਤਾਬਿਕ 8 ਕਰੋੜ ਤੋਂ ਜਿਆਦਾ ਦੇ ਨਕਸਾਨ ਦਾ ਅੰਦਾਜਾ ਹੈ। ਇਸ ਦੌਰਾਨ ਪਾਵਰਕੌਮ ਕੋਲ ਹਜਾਰਾਂ ਦੀ ਗਿਣਤੀ ਵਿੱਚ ਬਿਜਲੀ ਨਾਲ ਸਬੰਧਿਤ ਸ਼ਿਕਾਇਤਾਂ ਦਰਜ਼ ਹੋਈਆਂ। ਪੰਜਾਬ ਭਰ ਵਿੱਚ 83000 ਤੋਂ ਵੱਧ ਸ਼ਿਕਾਇਤਾਂ ਦਾ ਹੱਲ ਕਰਨ ਦਾ ਦਾਅਵਾ ਕੀਤਾ ਗਿਆ, ਜਿਨ੍ਹਾਂ ਵਿੱਚੋਂ ਲਗਭਗ 70 ਫੀਸਦੀ ਸ਼ਿਕਾਇਤਾਂ ਕੁਝ ਘੰਟਿਆਂ ਅੰਦਰ ਹੀ ਹੱਲ ਕੀਤੀਆਂ ਗਈਆਂ। ਇਸ ਦੇ ਨਾਲ ਕਈ ਥਾਂਈਂ ਬਿਜਲੀ ਸਪਲਾਈ ਬਹਾਲ ਕਰਨ ਵਿੱਚ ਘੰਟਿਆਂਬੱਧੀ ਸਮਾਂ ਵੀ ਲੱਗਿਆ। ਪੰਜਾਬ ਦੇ ਬਿਜਲੀ ਮੰਤਰੀ ਸੰਜੀਵ ਅਰੋੜਾ ਵੱਲੋਂ ਇਸ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਅਤੇ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਚੋਕਸ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ।
ਬਿਜਲੀ ਮੰਤਰੀ ਨੇ ਮੁਲਾਜ਼ਮਾਂ ਦੀ ਪਿੱਠ ਥਾਪੜੀ
ਸੰਜੀਵ ਅਰੋੜਾ ਵੱਲੋਂ ਨਿਰਦੇਸ਼ ਦਿੱਤੇ ਗਏ ਕਿ ਭਵਿੱਖ ਵਿੱਚ ਅਜਿਹੀਆਂ ਅਣ-ਕਿਆਸੀਆਂ ਮੌਸਮੀ ਘਟਨਾਵਾਂ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਡਿਜ਼ਾਸਟਰ ਪ੍ਰੀਪੇਅਰਡਨੈਸ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਵੇ। ਰੁਕਾਵਟਾਂ ਨੂੰ ਘੱਟ ਤੋਂ ਘੱਟ ਕਰਨ ਲਈ ਰੋਕਥਾਮ, ਰੱਖ-ਰਖਾਅ ਅਤੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਜਾਵੇ ਅਤੇ ਤੇਜ਼ ਰਿਸਪਾਂਸ ਪ੍ਰਣਾਲੀ ਅਤੇ ਖੇਤਰ-ਪੱਧਰੀ ਤਾਲਮੇਲ ਨੂੰ ਯਕੀਨੀ ਬਣਾਇਆ ਜਾਵੇ। ਬਿਜਲੀ ਮੰਤਰੀ ਨੇ ਕਿਹਾ ਕਿ ਪਾਵਰਕੌਮ ਆਪਣੇ ਖ਼ਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ।