Punjab Election News: ਪੰਜਾਬ ’ਚ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦਾ ਐਲਾਨ, ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ

26 ਮਈ ਨੂੰ ਹੋਵੇਗੀ ਵੋਟਿੰਗ ਤੇ 29 ਮਈ ਨੂੰ ਆਉਣਗੇ ਨਤੀਜੇ

Satinder Mathur  Picture
Published On

Punjab Election News:  (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਚੋਣਾਂ ਦਾ ਬਿਗਲ ਵੱਜ ਗਿਆ ਹੈ। ਰਾਜ ਚੋਣ ਕਮਿਸ਼ਨ ਵੱਲੋਂ ਸੋਮਵਾਰ ਨੂੰ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਗਿਆ। ਸੂਬੇ ਭਰ ਵਿੱਚ 26 ਮਈ ਨੂੰ ਵੋਟਿੰਗ ਹੋਵੇਗੀ, ਜਦਕਿ 29 ਮਈ ਨੂੰ ਨਤੀਜੇ ਜਾਰੀ ਕੀਤੇ ਜਾਣਗੇ। ਚੋਣਾਂ ਦੇ ਐਲਾਨ ਨਾਲ ਹੀ ਪੰਜਾਬ ਭਰ ਵਿੱਚ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਇਸ ਦੇ ਨਾਲ ਹੀ ਤਬਾਦਲਿਆਂ ਅਤੇ ਨਵੀਆਂ ਸਰਕਾਰੀ ਮਨਜ਼ੂਰੀਆਂ ‘ਤੇ ਰੋਕ ਲੱਗ ਗਈ ਹੈ। ਰਾਜ ਚੋਣ ਕਮਿਸ਼ਨਰ ਡਾ. ਰਾਜ ਕਮਲ ਚੌਧਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਲਈ ਚੋਣਾਂ ਕਰਵਾਈਆਂ ਜਾਣਗੀਆਂ। ਜਿਨ੍ਹਾਂ ਨਗਰ ਨਿਗਮਾਂ ਵਿੱਚ ਚੋਣਾਂ ਹੋਣਗੀਆਂ, ਉਨਾਂ ਵਿੱਚ ਮੋਹਾਲੀ, ਬਠਿੰਡਾ, ਅਬੋਹਰ, ਬਰਨਾਲਾ, ਕਪੂਰਥਲਾ, ਮੋਗਾ, ਬਟਾਲਾ ਅਤੇ ਪਠਾਨਕੋਟ ਸ਼ਾਮਲ ਹਨ।

ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ 13 ਮਈ ਤੋਂ ਸ਼ੁਰੂ ਹੋ ਕੇ 16 ਮਈ ਤੱਕ ਚੱਲੇਗੀ। ਉਮੀਦਵਾਰ ਹਰ ਰੋਜ਼ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ। 18 ਮਈ ਨੂੰ ਨਾਮਜਦਗੀ ਕਾਗਜ਼ਾਂ ਦੀ ਪੁਣਛਾਣ ਹੋਵੇਗੀ, ਜਦਕਿ 19 ਮਈ ਨਾਮ ਵਾਪਸ ਲੈਣ ਦੀ ਆਖਰੀ ਤਾਰੀਖ ਰਹੇਗੀ। ਇਸੇ ਦਿਨ ਚੋਣ ਨਿਸ਼ਾਨ ਵੀ ਜਾਰੀ ਕੀਤੇ ਜਾਣਗੇ।

ਸੂਬਾ ਚੋਣ ਕਮਿਸ਼ਨਰ ਡਾ. ਰਾਜ ਕਮਲ ਚੌਧਰੀ ਨੇ ਸਪੱਸ਼ਟ ਕੀਤਾ ਕਿ ਨਾਮਜ਼ਦਗੀ ਦੀ ਪ੍ਰਕਿਰਿਆ ਆਨਲਾਈਨ ਨਹੀਂ ਹੋਵੇਗੀ। ਉਮੀਦਵਾਰਾਂ ਨੂੰ ਖੁਦ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿੱਚ ਪਹੁੰਚ ਕੇ ਕਾਗਜ਼ ਜਮ੍ਹਾ ਕਰਵਾਉਣੇ ਪੈਣਗੇ। ਹਾਲਾਂਕਿ ਉਮੀਦਵਾਰਾਂ ਦੀ ਜਾਣਕਾਰੀ ਅਤੇ ਹਲਫਨਾਮੇ ਰੋਜ਼ਾਨਾ ਵੈੱਬਸਾਈਟ ‘ਤੇ ਅਪਲੋਡ ਕੀਤੇ ਜਾਣਗੇ ਤਾਂ ਜੋ ਲੋਕ ਉਨ੍ਹਾਂ ਦੀ ਪ੍ਰੋਫ਼ਾਈਲ ਦੇਖ ਸਕਣ। ਇਸ ਵਾਰ ਕੁੱਲ 36 ਲੱਖ 72 ਹਜ਼ਾਰ 932 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਨਾਂ ਵਿੱਚ 18 ਲੱਖ ਤੋਂ ਵੱਧ ਪੁਰਸ਼, 17 ਲੱਖ 73 ਹਜ਼ਾਰ ਮਹਿਲਾਵਾਂ ਅਤੇ 226 ਹੋਰ ਵੋਟਰ ਸ਼ਾਮਲ ਹਨ। ਚੋਣਾਂ ਲਈ 3977 ਪੋਲਿੰਗ ਸਟੇਸ਼ਨ ਬਣਾਏ ਗਏ ਹਨ।

ਇਹ ਵੀ ਪੜ੍ਹੋ: BJP Protest: ਧੱਕਾ-ਮੁੱਕੀ ਦੇ ਵਿਰੋਧ ’ਚ ਭਾਜਪਾ ਨੇ ਘੇਰਿਆ ਸੀਪੀ ਦਫ਼ਤਰ, ਮਾਹੌਲ ਹੋਇਆ ਤਣਾਅਪੂਰਨ

ਸੁਰੱਖਿਆ ਦੇ ਮੱਦੇਨਜ਼ਰ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਗਏ ਹਨ। ਕਰੀਬ 36 ਹਜ਼ਾਰ ਕਰਮਚਾਰੀ ਚੋਣ ਡਿਊਟੀ ‘ਤੇ ਤਾਇਨਾਤ ਕੀਤੇ ਜਾਣਗੇ, ਜਦਕਿ 35 ਹਜ਼ਾਰ 500 ਪੁਲਿਸ ਅਤੇ ਹੋਮਗਾਰਡ ਜਵਾਨ ਸੁਰੱਖਿਆ ਸੰਭਾਲਣਗੇ। ਹਰ ਬੂਥ ‘ਤੇ ਪੰਜ ਕਰਮਚਾਰੀ ਤਾਇਨਾਤ ਰਹਿਣਗੇ। ਨਾਲ ਹੀ, ਪੂਰੀ ਚੋਣ ਦੀ ਵੀਡੀਓਗ੍ਰਾਫੀ ਵੀ ਕਰਵਾਈ ਜਾਵੇਗੀ। ਕਮਿਸ਼ਨ ਨੇ ਖਰਚ ਦੀ ਹੱਦ ਵੀ ਨਿਰਧਾਰਤ ਕਰ ਦਿੱਤੀ ਹੈ। ਨਗਰ ਨਿਗਮ ਚੋਣ ਲੜਨ ਵਾਲਾ ਉਮੀਦਵਾਰ ਵੱਧ ਤੋਂ ਵੱਧ 4 ਲੱਖ ਰੁਪਏ ਖਰਚ ਸਕੇਗਾ। ਨਗਰ ਕੌਂਸਲਾਂ ਲਈ ਇਹ ਹੱਦ 3 ਲੱਖ 60 ਹਜ਼ਾਰ, 2 ਲੱਖ 30 ਹਜ਼ਾਰ ਅਤੇ 2 ਲੱਖ ਰੁਪਏ ਤੱਕ ਰੱਖੀ ਗਈ ਹੈ ਨਗਰ ਪੰਚਾਇਤ ਲਈ 1 ਲੱਖ 40 ਹਜ਼ਾਰ ਰੁਪਏ ਦੀ ਹੱਦ ਤੈਅ ਕੀਤੀ ਗਈ ਹੈ। ਇਸ ਵਾਰ ਪਾਰਟੀ ਨਿਸ਼ਾਨ ‘ਤੇ ਵੀ ਚੋਣਾਂ ਲੜੀਆਂ ਜਾ ਸਕਣਗੀਆਂ। ਕਮਿਸ਼ਨ ਵੱਲੋਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ। 

Punjab Election News
Punjab Election News: ਪੰਜਾਬ ’ਚ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦਾ ਐਲਾਨ, ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ

About The Author

Related Posts