Punjab
Sardulgarh News: ਝੱਖੜ ਨੇ ਝੰਬੇ ਪਿੰਡ ਹੀਰਕੇ ਦੇ ਲੋਕ, ਬਨੇਰੇ ਡਿੱਗੇ, ਛੱਤਾਂ ਉੱਡੀਆਂ, ਪ੍ਰਸ਼ਾਸਨ ਤੋਂ ਕੀਤੀ ਮੁਆਵਜ਼ੇ ਦੀ ਮੰਗ
ਸ਼ੈਡਾਂ ਦੇ ਨੁਕਸਾਨ ਤੋਂ ਬਾਅਦ ਪਸ਼ੂ ਤਪਤੀ ਧੁੱਪ ਤੋਂ ਬਚਾਉਣ ਲਈ ਨਹੀਂ ਕੋਈ ਪ੍ਰਬੰਧ
ਮਾਨਸਾ/ਸਰਦੂਲਗੜ੍ਹ (ਸੁਖਜੀਤ ਮਾਨ)। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਖਰਾਬ ਬਣੇ ਹੋਏ ਮੌਸਮ ਨੇ ਲੰਘੀ ਰਾਤ ਸਰਦੂਲਗੜ੍ਹ ਖੇਤਰ ਦੇ ਪਿੰਡ ਹੀਰਕੇ ’ਚ ਵੱਡੀ ਪੱਧਰ ’ਤੇ ਲੋਕਾਂ ਦਾ ਆਰਥਿਕ ਨੁਕਸਾਨ ਹੋਇਆ ਹੈ। ਅੱਧੀ ਰਾਤ ਨੂੰ ਆਏ ਝੱਖੜ ਨੇ ਛੱਤਾਂ ਦੇ ਬਨੇਰੇ ਢਾਹ ਦਿੱਤੇ ਤੇ ਕਈ ਘਰਾਂ ’ਚ ਬਣੇ ਹੋਏ ਟੀਨ ਦੇ ਸ਼ੈੱਡ ਉੱਡ ਗਏ।
ਵੇਰਵਿਆਂ ਮੁਤਾਬਿਕ ਹਲਕਾ ਸਰਦੂਲਗੜ੍ਹ ਦੇ ਪਿੰਡ ਹੀਰਕੇ ’ਚ 4 ਮਈ 2026 ਦੀ ਰਾਤ ਕਰੀਬ ਸਾਢੇ 11 ਵਜੇ ਦੇ ਕਰੀਬ ਭਿਆਨਕ ਝੱਖੜ ਉੱਠਿਆ, ਜਿਸ ਨੇ ਤਬਾਹੀ ਵਾਲੇ ਵਾਵਰੋਲੇ ਦਾ ਰੂਪ ਲੈ ਕੇ ਦੋ ਦਰਜਨ ਘਰਾਂ ਦੇ ਪਸ਼ੂਆਂ ਵਾਲੇ ਸ਼ੈੱਡ, ਪਾਣੀ ਵਾਲੀਆਂ ਟੈਂਕੀਆਂ ਅਤੇ ਘਰਾਂ ਦੀਆਂ ਚਾਰਦੀਵਾਰੀ ਦੀਆਂ ਕੰਧਾਂ ਦਾ ਨੁਕਸਾਨ ਕਰ ਦਿੱਤਾ। ਝੱਖੜ ਐਨਾ ਤੇਜ਼ ਝੁੱਲਿਆ ਕਿ ਸ਼ੈੱਡਾਂ ਦੀਆਂ ਚਾਦਰਾਂ ਕਾਫ਼ੀ ਦੂਰ ਡਿੱਗੀਆਂ ਮਿਲੀਆਂ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਰਾਤ ਦਾ ਇਹ ਝੱਖੜ ਉਨ੍ਹਾਂ ਦੇ ਪਿੰਡ ਦਾ ਕਾਫ਼ੀ ਨੁਕਸਾਨ ਕਰ ਗਿਆ ਹੈ ਅਤੇ ਲੋਕਾਂ ਨੇ ਸਹਿਮ ਕੇ ਰਾਤ ਕੱਟੀ।
ਪਿੰਡ ਵਾਸੀ ਨਰਿੰਦਰ ਸ਼ਰਮਾ ਪੁੱਤਰ ਸਵ: ਰਤਨ ਚੰਦ ਸ਼ਰਮਾ, ਰਵਿੰਦਰ ਸ਼ਰਮਾ, ਭਿੰਦਰ ਸਿੰਘ, ਇੰਦਰਜੀਤ ਸਿੰਘ, ਪ੍ਰਦੀਪ ਕੁਮਾਰ ਅਰੋੜਾ, ਗੇਜਾ ਸਿੰਘ ਮੈਬਰ, ਤੇਜਾ ਸਿੰਘ, ਸੱਤਪਾਲ ਸਿੰਘ, ਗੁਰਬਾਜ ਸਿੰਘ ਅਤੇ ਬਲਦੇਵ ਸ਼ਰਮਾ ਆਟਾ ਚੱਕੀ ਵਾਲੇ ਆਦਿ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਆਰਥਿਕ ਮੱਦਦ ਕੀਤੀ ਜਾਵੇ ਤਾਂ ਜੋ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ।
Read Also : 22 ਵਰ੍ਹਿਆਂ ਤੋਂ ਲਾਪਤਾ ਬੰਗਾਲ ਦੀ ਔਰਤ ਨੂੰ ਪਰਿਵਾਰ ਨਾਲ ਮਿਲਾਇਆ