ਸੱੱਜਣਾ ਸਦਾ ਨਹੀਂ ਰਹਿਣੇ ਮਾਪੇ!

ਸੱੱਜਣਾ ਸਦਾ ਨਹੀਂ ਰਹਿਣੇ ਮਾਪੇ!

ਜੀਆਂ ਦੇ ਸਮੂਹ ਨੂੰ ਪਰਿਵਾਰ ਕਿਹਾ ਜਾਂਦਾ ਹੈ। ਸਮਾਜ ਦੀ ਛੋਟੀ ਇਕਾਈ ਪਰਿਵਾਰ ਹੀ ਹੈ। ਹਰੇਕ ਸਮਾਜਿਕ ਪ੍ਰਾਣੀ ਦਾ ਸੰਪੂਰਨ ਜੀਵਨ ਆਪਣੇ ਪਰਿਵਾਰ (ਸਮਾਜ) ਦੇ ਆਲੇ-ਦੁਆਲੇ ਘੁੰਮਦਾ ਹੈ। ਆਪਣੇ ਪਰਿਵਾਰ ਦੀ ਖੁਸ਼ੀ, ਤੰਦਰੁਸਤੀ ਤੇ ਤਰੱਕੀ ਲਈ ਹਰ ਤਰ੍ਹਾਂ ਦੇ ਜੋਖਿਮ ਲੈਂਦਾ ਹੈ। ਪਰਿਵਾਰਕ ਤਾਣਾ-ਬਾਣਾ ਮਨੁੱਖ ਨੂੰ ਸਮਝਦਾਰ ਬਣਾਉਣ ਦੇ ਨਾਲ-ਨਾਲ ਜਿੰਮੇਵਾਰ ਵੀ ਬਣਾਉਂਦਾ ਹੈ। ਰਿਸ਼ਤਿਆਂ ਦਾ ਨਿੱਘ ਤੇ ਜਿੰਮੇਵਾਰੀਆਂ ਨਿਭਾਉਣ ਦੀ ਕਲਾ ਇਨਸਾਨ ਨੇ ਪਰਿਵਾਰ ‘ਚ ਰਹਿ ਕੇ ਸਿੱਖੀ ਹੈ।

ਆਦਿ ਮਾਨਵ ਤੋਂ ਮਾਨਵ ਬਣਨ ਤੱਕ ਦਾ ਸਫਰ ਪਰਿਵਾਰ ‘ਤੇ ਆ ਕੇ ਮੁੱਕਿਆ ਹੈ। ਅਸੱਭਿਅਕ ਨੂੰ ਸੱਭਿਅਕ ਬਣਾਉਣਾ ਸਮਾਜ ਦੇ ਨਾਲ ਪਰਿਵਾਰ ਦੇ ਵੱਡੇ ਜੀਆਂ ਦੀ ਜਿੰਮੇਵਾਰੀ ਹੁੰਦੀ ਹੈ। ਪਰਿਵਾਰ ਦੇ ਹਰ ਮੈਂਬਰ ਦਾ ਆਪਣਾ ਵਿਲੱਖਣ ਰੋਲ ਹੁੰਦਾ ਹੈ ਪਰ ਦੋ ਮੈਂਬਰਾਂ ਦੀ ਪਰਿਵਾਰ ‘ਚ ਅਹਿਮੀਅਤ ਨੂੰ ਕਦੇ ਵੀ ਨਕਾਰਿਆ ਨਹੀਂ ਜਾ ਸਕਦਾ, ਉਹ ਦੋ ਮੈਂਬਰ ਹਨ- ਮਾਤਾ-ਪਿਤਾ ਜਿਨ੍ਹਾਂ ਦੀ ਸ਼ਮੂਲੀਅਤ ਤੋਂ ਬਿਨਾਂ ਘਰ-ਪਰਿਵਾਰ ਅਧੂਰਾ ਹੁੰਦਾ ਹੈ। ਕਿਸੇ ਵਿਦਵਾਨ ਨੇ ਅੰਗਰੇਜੀ ਦੇ ਫੈਮਿਲੀ ਸ਼ਬਦ ਦੀ ਬੜੀ ਸੋਹਣੀ ਵਿਆਖਿਆ ਕੀਤੀ ਹੈ। ਫੈਮਿਲੀ ਸ਼ਬਦ ਵਿੱਚ ਮੌਜੂਦ ਅੱਖਰ ਐੱਫ ਅਤੇ ਐੱਮ ਬਾਕੀ ਅੱਖਰਾਂ ਨੂੰ ਬੰਨ੍ਹਦੇ ਹੋਏ ਪ੍ਰਤੀਤ ਹੁੰਦੇ ਹਨ।

ਪਹਿਲਾ ਅੱਖਰ ਐੱਫ ਇਸ ਸ਼ਬਦ ਦਾ ਧੁਰਾ ਹੈ ਜੋ ਫਾਦਰ (ਪਿਤਾ) ਨੂੰ ਪੇਸ਼ ਕਰਦਾ ਹੈ। ਇਸ ਤੋਂ ਬਾਅਦ ਐੱਮ ਸ਼ਬਦ ਵੀ ਉੱਭਰਦਾ ਮਾਲੂਮ ਹੁੰਦਾ ਹੈ ਜਿਸਨੂੰ ਮਦਰ (ਮਾਤਾ) ਦੇ ਰੂਪ ‘ਚ ਲਿਆ ਜਾਂਦਾ ਹੈ ਜਿਸਨੇ ਪੂਰੇ ਸ਼ਬਦ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ ਹੈ। ਹਰ ਮਾਂ-ਬਾਪ ਆਪਣੀ ਉਦਾਹਰਨ ਆਪ ਹਨ ਜੋ ਆਪਣੇ ਬੱਚਿਆਂ ਨੂੰ ਜ਼ਿੰਦਗੀ ‘ਚ ਸਫਲ ਇਨਸਾਨ ਬਣਾਉਣ ਲਈ ਆਪਾ ਕੁਰਬਾਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਮਾਂ ਦੀ ਕੁਰਬਾਨੀ ਦੇ ਸੋਹਲੇ ਤਾਂ ਸਾਰੇ ਗਾਉਂਦੇ ਹਨ ਪਰ ਪਿਤਾ ਦੇ ਯੋਗਦਾਨ ਨੂੰ ਅਕਸਰ ਅਣਗੌਲਿਆ ਕੀਤਾ ਜਾਂਦਾ ਹੈ। ਢਲਦੀ ਉਮਰੇ ਮਾਪਿਆਂ ਦੀ ਸੰਭਾਲ ਰੂਪੀ ਜਿੰਮੇਵਾਰੀ ਔਲਾਦ ਦੇ ਮੋਢਿਆਂ ‘ਤੇ ਹੁੰਦੀ ਹੈ ਜਿਸਨੂੰ ਨਿਭਾਇਆ ਜਾਣਾ ਲਾਜ਼ਮੀ ਹੈ।

ਅਜੋਕੇ ਅਗਾਂਹਵਧੂ ਯੁਗ ਵਿੱਚ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਲੋਕ ਕਿਤੇ ਨਾ ਕਿਤੇ ਆਪਣੀਆਂ ਸਕਾਰਾਤਮਿਕ ਪਰੰਪਰਾਵਾਂ ਤੋਂ ਮੂੰਹ ਫੇਰ ਰਹੇ ਹਨ। ਸਾਂਝੇ ਪਰਿਵਾਰ ਟੁੱਟ ਰਹੇ ਹਨ। ਕਿਸੇ ਕੋਲ ਐਨਾ ਵਕਤ ਹੀ ਨਹੀਂ ਕਿ ਉਹ ਦੂਜਿਆਂ ਦੀ ਸੁੱਖ-ਸਾਂਦ ਪੁੱਛ ਸਕੇ। ਇਸ ਸਮੱਸਿਆ ਨਾਲ ਬਜ਼ੁਰਗ ਅੱਜ ਜੂਝ ਰਹੇ ਹਨ। ਜਿਆਦਾਤਰ ਘਰਾਂ ‘ਚ ਉਨ੍ਹਾਂ ਨਾਲ ਸਿੱਧੇ ਮੂੰਹ ਗੱਲ ਤੱਕ ਨਹੀਂ ਕੀਤੀ ਜਾਂਦੀ। ਉਨ੍ਹਾਂ ਦੀ ਖੁਸ਼ੀ-ਗਮੀ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ।

ਸਮਾਜ ਦੇ ਮਜਬੂਤ ਥੰਮ੍ਹ ਇਨ੍ਹਾਂ ਬਜੁਰਗਾਂ ਨੇ ਸਾਰੀ ਉਮਰ ਆਪਣੀ ਔਲਾਦ ਦੇ ਨਾਂਅ ਲਾਈ ਹੁੰਦੀ ਹੈ ਜਦ ਉਹੀ ਔਲਾਦ ਆਪਣੇ ਪੈਰਾਂ ‘ਤੇ ਖੜ੍ਹੀ ਹੁੰਦੀ ਹੈ ਤਾਂ ਬਜ਼ੁਰਗ ਮਾਪਿਆਂ ਨੂੰ ਤ੍ਰਿਸਕਾਰਨ ਲੱਗ ਜਾਂਦੀ ਹੈ। ਜਦ ਤੱਕ ਮਾਪੇ ਪੈਸੇ ਦੀ ਮਸ਼ੀਨ ਹੁੰਦੇ ਹਨ ਤਾਂ ਪੁੱਛ-ਪੜਤਾਲ ਹੁੰਦੀ ਹੈ ਬਾਅਦ ‘ਚ ਬਿਗਾਨਿਆਂ ਵਾਲਾ ਵਰਤਾਉ ਹੋਣ ਲੱਗ ਜਾਂਦਾ ਹੈ। ਅਸੱਭਿਅਕ ਸ਼ਬਦਾਂ ਨਾਲ ਸੰਬੋਧਨ ਤੱਕ ਕੀਤਾ ਜਾਂਦਾ ਹੈ।

ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਪਿਛਲੇ ਦਿਨੀਂ ਇੱਕ ਬਜੁਰਗ ਦੀ ਮਾੜੀ ਹਾਲਤ ਨੂੰ ਦੇਖ ਇੱਕ ਸਮਾਜ ਸੇਵੀ ਸੰਸਥਾ ਅੱਗੇ ਆਈ ਤੇ ਉਸਨੂੰ ਘੁਰਨੇ ਜਿਹੀ ਜਗ੍ਹਾ ਤੋਂ ਚੁੱਕ ਕੇ ਹਸਪਤਾਲ ਪਹੁੰਚਾਇਆ ਸੀ। ਆਪਣੇ ਸਰਦੇ-ਪੁੱਜਦੇ ਪਰਿਵਾਰ ਦੀ ਅਣਦੇਖੀ ਦੀ ਸ਼ਿਕਾਰ ਉਸ ਬਜੁਰਗ ਔਰਤ ਦੇ ਸਰੀਰ ਵਿੱਚ ਕੀੜੇ ਪੈ ਚੁੱਕੇ ਸਨ। ਹਸਪਤਾਲ ਜਾ ਕੇ ਕੁਝ ਦਿਨਾਂ ਦੀ ਜੱਦੋ-ਜਹਿਦ ਮਗਰੋਂ ਉਹ ਦੁਨੀਆਂ ਤੋਂ ਰੁਖਸਤ ਹੋਈ।

ਮੀਡੀਆ ਵਿੱਚ ਇਹ ਮੰਦਭਾਗੀ ਘਟਨਾ ਨਸ਼ਰ ਹੋਣ ਤੋਂ ਬਾਅਦ ਉਸ ਬਦਕਿਸਮਤ ਔਰਤ ਦੇ ਅਫਸਰ ਪੁੱਤਰਾਂ ਦੀ ਕੁੰਭਕਰਨੀ ਨੀਂਦ ਟੁੱਟੀ। ਆਪਣੀ ਇਸ ਨਾਲਾਇਕੀ ਨੂੰ ਛੁਪਾਉਣ ਲਈ ਇੱਕ-ਦੂਜੇ ‘ਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਸਨ। ਹੁਣ ਇਹ ਸਭ ਕੁਝ ਵਿਅਰਥ ਹੈ ਜਦੋਂ ਉਸ ਮਾਂ ਨੂੰ ਪਰਿਵਾਰ ਦੀ ਲੋੜ ਸੀ ਤਾਂ ਕਪੁੱਤਾਂ ਨੇ ਉਸਨੂੰ ਘਰੋਂ ਬਾਹਰ ਦਾ ਰਸਤਾ ਵਿਖਾ ਦਿੱਤਾ। ਉਸ ਮਾਤਾ ਦੇ ਅਫਸਰ ਤੇ ਰਾਜਨੀਤਕ ਪੁੱਤਰਾਂ ਤੋਂ ਸਮਾਜ ਕੀ ਉਮੀਦ ਰੱਖੇ ਕਿ ਉਹ ਦੇਸ਼-ਸਮਾਜ ਦਾ ਕੁਝ ਸੰਵਾਰ ਦੇਣਗੇ। ਜਿਨ੍ਹਾਂ ਲੋਕਾਂ ਦੀ ਸੰਵੇਦਨਾ ਆਪਣੇ ਜਣਨ ਵਾਲਿਆਂ ਲਈ ਮਨਫੀ ਹੈ ਸਮਾਜ ਪ੍ਰਤੀ ਉਹ ਕਿੰਨੇ ਕੁ ਸੰਵੇਦਨਸ਼ੀਲ ਹੋਣਗੇ ਇਹ ਦੱਸਣ ਦੀ ਲੋੜ ਨਹੀਂ ਹੈ।

ਆਖਿਰ ਅਜਿਹਾ ਕਿਉਂ ਹੁੰਦਾ ਹੈ ਜਿਨ੍ਹਾਂ ਦੀ ਖੁਸ਼ੀ ਲਈ ਮਾਪਿਆਂ ਨੇ ਦਿਨ-ਰਾਤ ਇੱਕ ਕੀਤਾ ਹੁੰਦਾ ਹੈ ਉਹੀ ਬੱਚੇ ਸਭ ਕੁਝ ਭੁੱਲ ਕੇ ਪੈਸੇ ਦੇ ਪੀਰ ਬਣ ਜਾਂਦੇ ਹਨ। ਅਜੋਕੇ ਦੌਰ ਅੰਦਰ ਬਿਰਧ ਆਸ਼ਰਮ ਸਮਾਜ ਦੇ ਮੱਥੇ ‘ਤੇ ਬਹੁਤ ਵੱਡਾ ਕਲੰਕ ਹਨ ਜਿੱਥੇ ਪੰਜਾਹ ਫੀਸਦੀ ਬਜੁਰਗ ਘਰੋਂ ਠੁਕਰਾਏ ਹੁੰਦੇ ਹਨ। ਅਜੋਕੇ ਇਨਸਾਨ ਦੀ ਮਤਲਬਪ੍ਰਸਤੀ ਇਸ ਹੱਦ ਤੱਕ ਗਿਰ ਚੁੱਕੀ ਹੈ ਕਿ ਬਿਰਧ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿੱਚ ਛੱਡ ਕੇ ਆਪ ਦੁਨੀਆਂ ਦੀਆਂ ਰੰਗਰਲੀਆਂ ‘ਚ ਮਸਤ ਹੋ ਰਿਹਾ ਹੈ। ਸੋਚਣ ਦੀ ਗੱਲ ਹੈ

ਅਗਰ ਜਨਮ ਸਮੇਂ ਸਾਡੇ ਮਾਪੇ ਸਾਡੇ ਵਾਂਗ ਮਤਲਬੀ ਹੋ ਜਾਂਦੇ ਤਾਂ ਸਾਡਾ ਭਵਿੱਖ ਕੀ ਹੁੰਦਾ? ਸ਼ਾਇਦ ਅਸੀਂ ਵੀ ਅੱਜ ਕਿਸੇ ਅਨਾਥ ਆਸ਼ਰਮ ‘ਚ ਹੋਣਾ ਸੀ, ਪਰ ਉਹ ਖੁਦਗਰਜ਼ ਨਹੀਂ ਬਣੇ। ਉਨ੍ਹਾਂ ਨੇ ਇਸਨੂੰ ਨੈਤਿਕ ਫਰਜ਼ ਸਮਝ ਕੇ ਨਿਭਾਇਆ ਫਿਰ ਅਸੀਂ ਅਨੈਤਿਕਤਾ ‘ਤੇ ਕਿਉਂ ਉੱਤਰ ਆਏ ਹਾਂ। ਔਲਾਦ ਆਪਣੇ ਮਾਪਿਆਂ ਦਾ ਦੇਣ, ਸੰਘਰਸ਼ ਤੇ ਉਨ੍ਹਾਂ ਲਈ ਕੀਤੀਆਂ ਕੁਰਬਾਨੀਆਂ ਨੂੰ ਸਦਾ ਯਾਦ ਰੱਖੇ। ਉਦੋਂ ਦਿਲ ‘ਚੋਂ ਚੀਸ ਨਿੱਕਲਦੀ ਹੈ ਜਦ ਲੋਕ ਕਹਿੰਦੇ ਹਨ ਸਾਡੇ ਬੁੜ੍ਹੇ ਨੇ ਸਾਡੇ ਲਈ ਕੀ ਕੀਤਾ। ਜਿੰਨਾ ਕੁ ਉਨ੍ਹਾਂ ਨੂੰ ਗਿਆਨ ਸੀ, ਸ਼ਕਤੀ ਤੇ ਸਰਮਾਇਆ ਸੀ ਉਸ ਨਾਲ ਲਾਜ਼ਮੀ ਹੀ ਉਨ੍ਹਾਂ ਨੇ ਚੰਗੇਰਾ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ।

ਕਿਸੇ ਵਿਦਵਾਨ ਨੇ ਕਿਹਾ ਹੈ ‘ਆਪਣੀ ਜ਼ਿੰਦਗੀ ਵਿੱਚ ਦੋ ਵਿਅਕਤੀਆਂ ਨੂੰ ਕਦੇ ਨਾ ਭੁੱਲੋ, ਇੱਕ ਪਿਤਾ ਜੋ ਤੁਹਾਨੂੰ ਕਿਸੇ ਮੁਕਾਮ ‘ਤੇ ਪਹੁੰਚਾਉਣ ਲਈ ਆਪਣਾ ਸਭ ਕੁਝ ਨਿਸ਼ਾਵਰ ਕਰਨ ਨੂੰ ਤਿਆਰ ਰਹਿੰਦਾ ਹੈ। ਦੂਜੀ ਮਾਤਾ ਜੋ ਹਰ ਦੁੱਖ-ਦਰਦ ‘ਚ ਤੁਹਾਡਾ ਸਾਥ ਦਿੰਦੀ ਹੈ। ਇਸ ਲਈ ਇਹ ਬੇਹੱਦ ਜਰੂਰੀ ਹੈ ਲੋਕ ਆਪਣੀ ਜਿੰਮੇਵਾਰੀ ਸਮਝਣ ਤੇ ਮਾਪਿਆਂ ਨੂੰ ਬਣਦਾ ਮਾਣ-ਸਨਮਾਨ ਦੇਣ ਦੀ ਕੋਸ਼ਿਸ਼ ਕਰਨ। ਮਾਪੇ ਸਦਾ ਕੋਲ ਨਹੀਂ ਰਹਿੰਦੇ ਉਨ੍ਹਾਂ ਦਾ ਵਿਛੋੜਾ ਹੀ ਉਨ੍ਹਾਂ ਦੀ ਅਹਿਮੀਅਤ ਦਾ ਅਹਿਸਾਸ ਕਰਾਉਂਦਾ ਹੈ। ਬਜ਼ੁਰਗ ਦੁਆਵਾਂ ਅਤੇ ਤਜ਼ਰਬੇ ਦੇ ਭੰਡਾਰ ਹੁੰਦੇ ਹਨ ਇਸਦਾ ਲਾਹਾ ਲਿਆ ਜਾਣਾ ਚਾਹੀਦਾ ਹੈ।

ਸਭ ਤੋਂ ਅਹਿਮ ਗੱਲ ਬਜ਼ੁਰਗ ਵੀ ਸਾਰਥਿਕ ਸੋਚ ਅਪਣਾਉਣ ਕਾਫੀ ਲੋਕਾਂ ਨਾਲ ਇਹ ਵੀ ਵਾਪਰਦਾ ਹੈ ਕਿ ਉਹ ਬਜ਼ੁਰਗਾਂ ਦੀ ਸਾਂਭ-ਸੰਭਾਲ ਦਿਲੋਂ ਕਰਦੇ ਹਨ ਪਰ ਬਜ਼ੁਰਗਾਂ ਦਾ ਰਵੱਈਆ ਨਕਾਰਾਤਮਿਕ ਪਾਇਆ ਗਿਆ ਹੈ, ਬਥੇਰੇ ਲੋਕ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਚੌਧਰ ਦੀ ਘਾਟ ਕਾਰਨ ਬਜ਼ੁਰਗ ਜਾਣ-ਬੁੱਝ ਕੇ ਵੀ ਆਪਣੀ ਔਲਾਦ ਨੂੰ ਲੋਕਾਂ ਕੋਲ ਭੰੰਡਦੇ ਹਨ। ਇਸ ਗੱਲ ਨੂੰ ਬਜ਼ੁਰਗ ਵੀ ਸਮਝਣ ਤੇ ਚੌਧਰ ਵਾਲੀ ਬਿਰਤੀ ਉਨ੍ਹਾਂ ਨੂੰ ਤਿਆਗਣੀ ਚਾਹੀਦੀ ਹੈ ਤੇ ਹਰ ਹੀਲੇ ਸੰਤੁਸ਼ਟੀ ਵਾਲਾ ਜੀਵਨ ਜਿਉਣ ਦੀ ਜਾਚ ਸਿੱਖਣੀ ਹੋਵੇਗੀ। ਦੋਵੇਂ ਪੀੜ੍ਹੀਆਂ ਆਪਸ ਵਿੱਚ ਵਿਚਾਰਕ ਮੱਤਭੇਦ ਖਤਮ ਕਰਨ ਤੇ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਨ।

ਚੱਕ ਬਖਤੂ, ਬਠਿੰਡਾ
ਮੋ. 94641-72783
-ਲੇਖਕ ਰੈਜ਼ੀਡੈਂਟ ਮੈਡੀਕਲ ਅਫਸਰ ਹੈ।
ਡਾ.ਗੁਰਤੇਜ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.