ਮੌਤ ਦੇ ਰਾਹ ਦਾ ਪਾਂਧੀ ਬਣਿਆ ਪੰਜਾਬ ਦਾ ਭਵਿੱਖ

ਮੌਤ ਦੇ ਰਾਹ ਦਾ ਪਾਂਧੀ ਬਣਿਆ ਪੰਜਾਬ ਦਾ ਭਵਿੱਖ

ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਸੰਤ ਫਕੀਰਾਂ ਦੀ ਧਰਤੀ ਅਖਵਾਉਂਦੀ ਹੈ ਪਰ ਬੜੇ ਹੀ ਦੁੱਖ ਦੀ ਗੱਲ ਹੈ ਕਿ ਅੱਜ ਇਸ ਪਵਿੱਤਰ ਧਰਤੀ ‘ਤੇ ਸ਼ਰਾਬ ਨੇ ਅਨੇਕਾਂ ਹੀ ਜਾਨਾਂ ਦੀ ਬਲੀ ਲੈ ਲਈ। ਪੰਜਾਬ ਦੇ ਤਿੰਨ ਜਿਲ੍ਹਿਆਂ ਵਿੱਚ ਵਾਪਰੇ ਇਸ ਦੁਖਾਂਤ ਨੇ ਹਰ ਇਨਸਾਨ ਦੇ ਹਿਰਦੇ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਨਸ਼ਾ ਮਾਫੀਆ ਅੱਜ ਏਨਾ ਹਾਵੀ ਹੋ ਚੁੱਕਾ ਹੈ ਕਿ ਉਸ ਨੇ ਪੂਰੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਸ਼ਰਾਬ ਦੀ ਬੋਤਲ ਉੱਪਰ ਲਿਖੀ ਹੋਈ ਇਹ ਲਾਈਨ ਕਿ ‘ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ’ ਅਕਸਰ ਅਸੀਂ ਪੜ੍ਹਦੇ ਆ ਰਹੇ ਹਾਂ ਪ੍ਰੰਤੂ ਇਸ ਨੂੰ ਅੱਜ ਤੱਕ ਅਸੀਂ ਕਿੰਨੀ ਕੁ ਗੰਭੀਰਤਾ ਨਾਲ ਲਿਆ ਹੈ

ਇਸ ਦਾ ਅੰਦਾਜ਼ਾ ਅੱਜ ਸਹਿਜੇ ਹੀ ਲਾਇਆ ਜਾ ਸਕਦਾ ਹੈ। ਇਹ ਬੜੀ ਹੀ ਚਿੰਤਾ ਤੇ ਹੈਰਾਨੀ ਵਾਲੀ ਗੱਲ ਹੈ ਕਿ ਸਾਡੇ ਪੰਜਾਬੀ ਹਰ ਸਾਲ ਛੇ ਹਜਾਰ ਕਰੋੜ ਤੋਂ ਵੀ ਵੱਧ ਦੀ ਸ਼ਰਾਬ ਆਪਣੇ ਗਲੇ ਤੋਂ ਥੱਲੇ ਉਤਾਰ ਰਹੇ ਹਨ ਤੇ ਇਸ ਅਵੱਲੇ ਸ਼ੌਂਕ ਦਾ ਭਿਆਨਕ ਨਤੀਜਾ ਇਹ ਨਿੱਕਲਿਆ ਕਿ ਅਨੇਕਾਂ ਹੀ ਪਿੰਡਾਂ ਨੂੰ ਸਿਵਿਆਂ ਦੀ ਅੱਗ ਦਾ ਸੇਕ ਝੱਲਣਾ ਪਿਆ ਤੇ ਘਰਾਂ ‘ਚ ਮੌਤ ਦੇ ਸੱਥਰ ਵਿਛ ਗਏ। ਇਸ ਸਾਰੇ ਘਟਨਾਕ੍ਰਮ ਦਾ ਮੁੱਢ ਤਾਂ ਉਸ ਦਿਨ ਤੋਂ ਹੀ ਬੱਝ ਗਿਆ ਸੀ ਜਿਸ ਦਿਨ ਕਰੋਨਾਂ ਮਹਾਂਮਾਰੀ ਦੇ ਚੱਲਦਿਆਂ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਕੋਲ ਇਹ ਗੁਹਾਰ ਲਾਈ ਕਿ ਸੂਬੇ ਦੀ ਆਰਥਿਕ ਵਿਵਸਥਾ ਨੂੰ ਕਾਇਮ ਰੱਖਣ ਲਈ ਸਾਨੂੰ ਸ਼ਰਾਬ ਦੇ ਕਾਰੋਬਾਰ ਦੀ ਮਨਜੂਰੀ ਦਿੱਤੀ ਜਾਵੇ।

Punjab Future | ਭਾਵੇਂ ਜਹਿਰੀਲੀ ਸ਼ਰਾਬ ਦੀ ਵਜ੍ਹਾ ਕਾਰਨ ਅੱਜ ਕਈ ਔਰਤਾਂ ਵਿਧਵਾ ਤੇ ਬੱਚੇ ਯਤੀਮ ਹੋ ਗਏ ਹਨ ਪਰ ਸ਼ਰਾਬ ਦੇ ਇਸ ਕਾਰੋਬਾਰ ‘ਚ ਹੋਏ ਵਾਧੇ ਨੂੰ ਆਬਕਾਰੀ ਵਿਭਾਗ ਵੀ ਆਪਣੀ ਅਹਿਮ ਪ੍ਰਾਪਤੀ ਮੰਨ ਰਿਹਾ ਹੈ। ਇਹ ਗੱਲ ਤੈਅ ਹੈ ਕਿ ਇਹ ਇੱਕ ਹੱਥ ਨਾਲ ਵੱਜਣ ਵਾਲੀ ਤਾੜੀ ਨਹੀਂ ਕਿਉਂਕਿ ਇੱਥੇ ਨਸ਼ਾ ਤਸਕਰ, ਭ੍ਰਿਸ਼ਟ ਅਫਸਰ ਤੇ ਮਤਲਬਪ੍ਰਸਤ ਸਿਆਸਤਦਾਨ ਸਭ ਆਪਣੇ-ਆਪਣੇ ਨਿੱਜੀ ਸੁਆਰਥਾਂ ਲਈ ਰਲ-ਮਿਲ ਕੇ ਪੰਜਾਬ ਦੀ ਜਵਾਨੀ ਦਾ ਘਾਣ ਕਰ ਰਹੇ ਹਨ। ਮੌਤ ਦਾ ਹੋਇਆ ਇਹ ਨੰਗਾ ਨਾਚ ਕੋਈ ਨਵੀਂ ਗੱਲ ਨਹੀਂ ਸੰਨ ਸੰਤਾਲੀ ਤੋਂ ਲੈ ਕੇ ਹੁਣ ਤੱਕ ਪੰਜਾਬ ਨੇ ਵੱਡੇ ਤੋਂ ਵੱਡਾ ਸੰਤਾਪ ਆਪਣੇ ਤਨ ‘ਤੇ ਹੰਢਾਇਆ

ਪਰ ਪੰਜਾਬ ਦੀ ਧਰਤੀ ਉੱਪਰ ਜਦ ਤੋਂ ਸਿੰਥੈਟਿਕ ਨਸ਼ੇ ਨੇ ਆਪਣੇ ਪੈਰ ਪਸਾਰੇ ਹਨ ਉਸ ਸਮੇਂ ਤੋਂ ਲੈ ਕੇ ਨੌਜਵਾਨੀ ਦੀ ਅਜਿਹੀ ਬਰਬਾਦੀ ਹੋਈ ਕਿ ਅੱਜ ਮਰਨ ਵਾਲਿਆਂ ਦੀ ਗਿਣਤੀ ਲੱਖਾਂ ਦੇ ਅੰਕੜੇ ਪਾਰ ਕਰ ਚੁੱਕੀ ਹੈ। ਨਸ਼ਾ ਚਾਹੇ ਕਿਸੇ ਵੀ ਕਿਸਮ ਦਾ ਹੋਵੇ ਉਸ ਦਾ ਕਾਰੋਬਾਰ ਅੱਜ ਸਰਕਾਰੀ ਸ਼ਹਿ ਤੋਂ ਬਿਨਾਂ ਬਿਲਕੁਲ ਵੀ ਸੰਭਵ ਨਹੀਂ ਹੈ ਤੇ ਇਸ ਵਿੱਚ ਭ੍ਰਿਸ਼ਟ ਅਫਸਰਸ਼ਾਹੀ ਆਪਣਾ ਬਰਾਬਰ ਦਾ ਰੋਲ ਅਦਾ ਕਰ ਰਹੀ ਹੈ। ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਇਹ ਗੱਲ ਕੋਈ ਬਹੁਤੇ ਮਾਇਨੇ ਨਹੀਂ ਰੱਖਦੀ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰ ਕੇ ਸੱਤਾ ਵਿੱਚ ਆਈ ਮੌਜੂਦਾ ਸਰਕਾਰ ਉਨ੍ਹਾਂ ਦੀਆਂ ਉਮੀਦਾਂ ‘ਤੇ ਪੂਰੀ ਨਹੀਂ ਉੱਤਰ ਸਕੀ। ਜਨਤਾ ਵੱਲੋਂ ਸਰਕਾਰ ਤੋਂ ਲਾਈਆਂ ਗਈਆਂ ਵੱਡੀਆਂ ਵੱਡੀਆਂ ਆਸਾਂ ਨੂੰ ਕੋਈ ਬਹੁਤਾ ਬੂਰ ਨਹੀਂ ਪਿਆ ਤੇ ਉਹ ਅੱਜ ਆਰਥਿਕ ਸੰਕਟ ਦੇ ਭੈੜੇ ਦੌਰ ‘ਚੋਂ ਗੁਜਰ ਰਹੀ ਹੈ।

ਮੌਜੂਦਾ ਵਾਪਰੀ ਦੁੱਖਦਾਈ ਘਟਨਾ ਪ੍ਰਤੀ ਸਰਕਾਰ ਪੂਰਨ ਤੌਰ ‘ਤੇ ਗੰਭੀਰਤਾ ਨਹੀਂ ਦਿਖਾਈ ਤੇ ਮੁੱਖ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰ ਕੇ ਆਪਣੀ ਜਿੰਮੇਵਾਰੀ ਤੋਂ ਪਾਸਾ ਵੱਟਦੀ ਰਹੀ। ਪੀੜਤ ਪਰਿਵਾਰਾਂ ਦੇ ਰੋਹ ਨੂੰ ਸ਼ਾਂਤ ਕਰਨ ਲਈ ਬੇਸ਼ੱਕ ਕੁਝ ਕੁ ਮੁਲਜ਼ਮਾਂ ਦੀਆਂ ਗ੍ਰਿਫ਼ਤਾਰੀਆਂ ਤੇ ਕੁਝ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਪਰ ਜਿੰਨੀ ਦੇਰ ਵੱਡੇ ਤਸਕਰਾਂ ਨੂੰ ਨੱਥ ਨਹੀਂ ਪਾਈ ਜਾਂਦੀ ਓਨੀ ਦੇਰ ਨਸ਼ੇ ਦੇ ਕਾਲੇ ਧੰਦੇ ਨੂੰ ਪੱਕੇ ਤੌਰ ‘ਤੇ ਠੱਲ੍ਹ ਨਹੀਂ ਪਾਈ ਜਾ ਸਕਦੀ। ਇਹ ਮੰਦਭਾਗੀ ਘਟਨਾ ਮਹਿਜ ਇੱਕ ਇਤਫਾਕ ਹੈ ਜਾਂ ਕੋਈ ਸੋਚੀ-ਸਮਝੀ ਚਾਲ ਇਹ ਸਵਾਲ ਤਾਂ ਫਿਲਹਾਲ ਸਮੇਂ ਦੀ ਗਰਭ ਵਿੱਚ ਹੈ ਪਰ ਜਦੋਂ ਵੀ ਸਮੇਂ ਦੀ ਹਕੂਮਤ ਕੋਲੋਂ ਲੋਕਾਂ ਵੱਲੋਂ ਕਿਸੇ ਮੁੱਦੇ ਨੂੰ ਲੈ ਕੇ ਇਨਸਾਫ਼ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਅਕਸਰ ਹੀ ਇਸ ਤਰ੍ਹਾਂ ਦੇ ਕਹਿਰ ਦਾ ਸਾਹਮਣਾ ਕਰਨਾ ਪੈਂਦਾ ਹੈ।

ਪਿਛਲੇ ਦਿਨੀਂ ਨਵੇਂ ਆਏ ਆਰਡੀਨੈਂਸਾਂ ਦੇ ਖਿਲਾਫ਼ ਜਦ ਪੂਰੇ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਦੇ ਰੂਪ ਵਿੱਚ ਇੱਕ ਲਹਿਰ ਉੱਭਰ ਕੇ ਸਾਹਮਣੇ ਆਈ ਤਾਂ ਐਨ ਮੌਕੇ ‘ਤੇ ਹੀ ਇਹ ਮੰਦਭਾਗਾ ਦੁਖਾਂਤ ਵਾਪਰਿਆ ਤੇ ਘਰ-ਘਰ ਵਿੱਚੋਂ ਰੋਣ ਦੀਆਂ ਦਿਲ ਚੀਰਵੀਆਂ ਅਵਾਜ਼ਾਂ ਸੁਣਨ ਨੂੰ ਮਿਲੀਆਂ। ਕੁਝ ਕੁ ਘਟੀਆ ਸਿਆਸਤਦਾਨ ਲੋਕਾਂ ਦੀਆਂ ਮੰਗਾਂ ਪ੍ਰਤੀ ਉੱਠ ਰਹੀ ਅਵਾਜ਼ ਨੂੰ ਦਬਾਉਣ ਲਈ ਆਪਣੀ ਸੌੜੀ ਰਾਜਨੀਤੀ ਦੀ ਖੇਡ ਖੇਡਦੇ ਹਨ ਤੇ ਅਸਲ ਮੁੱਦਿਆਂ ‘ਤੇ ਪਰਦਾ ਪਾ ਕੇ ਆਪਣਾ ਉੱਲੂ ਸਿੱਧਾ ਕਰਦੇ ਹਨ।

Punjab Future | ਸਰਕਾਰ ਵੱਲੋਂ ਚਾਹੇ ਇਸ ਮੌਕੇ ਉੱਚ ਪੱਧਰੀ ਜਾਂਚ ਦਾ ਭਰੋਸਾ ਦਿਵਾਇਆ ਗਿਆ ਪਰ ਜਦੋਂ ਅੱਜ ਪੂਰੀ ਤਸਵੀਰ ਸ਼ੀਸ਼ੇ ਵਾਂਗ ਸਾਫ ਦਿਖਾਈ ਦੇ ਰਹੀ ਹੈ ਤਾਂ ਮੁੱਖ ਦੋਸ਼ੀਆਂ ਤੱਕ ਪਹੁੰਚ ਕਰਨ ਲਈ ਕਿਸੇ ਵਿਸ਼ੇਸ਼ ਜਾਂਚ ਦੀ ਜਰੂਰਤ ਨਹੀਂ ਸਗੋਂ ਉਹਨਾਂ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਂਦੀ ਕਿਉਂਕਿ ਪਿਛਲੇ ਲੰਮੇਂ ਸਮੇਂ ਤੋਂ ਅਜਿਹੇ ਸੈਂਕੜੇ ਹੀ ਕੇਸ ਜਾਂਚ ਅਧੀਨ ਹਨ ਜਿਨ੍ਹਾਂ ਦਾ ਅਜੇ ਤੱਕ ਕੋਈ ਠੋਸ ਨਤੀਜਾ ਨਹੀਂ ਨਿੱਕਲਿਆ ਤੇ ਉਹ ਅੱਜ ਵੀ ਲਟਕ ਰਹੇ ਹਨ। ਇਸ ਮੌਕੇ ਵੀ ਵੱਖ-ਵੱਖ ਪਾਰਟੀਆਂ ਦੇ ਕੁਝ ਲੀਡਰਾਂ ਵੱਲੋਂ ਬਿਆਨਬਾਜ਼ੀ ਦਾ ਦੌਰ ਚੱਲਿਆ ਤੇ ਜਦ ਉਹ ਆਪਣੀਆਂ ਸਿਆਸੀ ਰੋਟੀਆਂ ਚੰਗੀ ਤਰ੍ਹਾਂ ਸੇਕ ਲੈਣਗੇ ਤਾਂ ਹੌਲੀ-ਹੌਲੀ ਇਹ ਮਸਲਾ ਵੀ ਠੰਢੇ ਬਸਤੇ ਵਿੱਚ ਪੈ ਜਾਵੇਗਾ।

ਅਚਨਚੇਤ ਵਾਪਰੇ ਇਸ ਦੁਖਾਂਤ ਨਾਲ ਜਿੱਥੇ ਅੱਜ ਹਰ ਦਿਲ ਆਪਣੇ ਅੰਦਰ ਦਰਦ ਮਹਿਸੂਸ ਕਰ ਰਿਹਾ ਹੈ, ਉੱਥੇ ਕਿਤੇ ਨਾ ਕਿਤੇ ਇਸ ਗੱਲ ਪਿੱਛੇ ਅੱਜ ਪੂਰਾ ਪੰਜਾਬ ਸ਼ਰਮਸਾਰ ਵੀ ਹੈ ਕਿਉਂਕਿ ਜਿਸ ਧਰਤੀ ‘ਤੇ ਅਣਖ ਦੀ ਖਾਤਰ ਸੂਰਬੀਰ ਯੋਧਿਆਂ ਵੱਲੋਂ ਆਪਣਾ ਖੂਨ ਡੋਲ੍ਹਿਆ ਗਿਆ ਅੱਜ ਉਸੇ ਪੰਜਾਬ ਦੀ ਧਰਤੀ ਨੂੰ ਅਸੀਂ ਆਪਣੇ ਹੱਥੀਂ ਨਸ਼ਿਆਂ ਨਾਲ ਸਿੰਜ ਰਹੇ ਹਾਂ। ਜਿੱਥੇ ਅੱਜ ਇਹ ਨਸ਼ਾ ਮਾਫੀਆ ਤੇ ਭ੍ਰਿਸ਼ਟ ਅਫਸਰਸ਼ਾਹੀ ਸਾਡੇ ਪੰਜਾਬ ਦੀ ਬਰਬਾਦੀ ਦੀ ਕਹਾਣੀ ਲਿਖ ਰਹੇ ਹਨ, ਉੱੱਥੇ ਕਿਤੇ ਨਾ ਕਿਤੇ ਅਸੀਂ ਵੀ ਇਸ ਸਭ ਲਈ ਬਰਾਬਰ ਦੇ ਜਿੰਮੇਵਾਰ ਹਾਂ। ਇਨ੍ਹਾਂ ਤਾਕਤਾਂ ਦੁਆਰਾ ਸਾਡੀ ਸੰਪੱਤੀ ਤੇ ਸਾਡੇ ਪੰਜਾਬ ਦੀ ਜਵਾਨੀ ਦਾ ਵੱਡੇ ਪੱਧਰ ‘ਤੇ ਉਜਾੜਾ ਕੀਤਾ ਜਾ ਰਿਹਾ ਹੈ

Punjab Future | ਜਿਸ ਪ੍ਰਤੀ ਅੱਜ ਹਰ ਵਰਗ ਨੂੰ ਸੁਚੇਤ ਹੋਣ ਦੀ ਲੋੜ ਹੈ। ਪੁਰਾਤਨ ਸਮੇਂ ਤੋਂ ਹੀ ਅਸੀਂ ਆਪਣੇ ਕੀਮਤੀ ਵੋਟ ਨਾਲ ਇਨ੍ਹਾਂ ਸਿਆਸਤਦਾਨਾਂ ਨੂੰ ਤਖਤਾਂ ਤੇ ਤਾਜਾਂ ਨਾਲ ਨਿਵਾਜਦੇ ਰਹੇ ਹਾਂ ਤੇ ਇੱਕ ਪ੍ਰਚਲਿਤ ਕਹਾਵਤ ‘ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੱਕ ਲੈ ਦੂਜੀ ਤਿਆਰ’ ਵਾਂਗ ਦੁੱਖ ‘ਤੇ ਦੁੱਖ ਭੋਗਦੇ ਆ ਰਹੇ ਹਾਂ। ਸਿਆਸੀ ਹਾਕਮ ਪੀੜ੍ਹੀ ਦਰ ਪੀੜ੍ਹੀ ਰਾਜਸੀ ਸੁਖ ਮਾਣਦੇ ਆ ਰਹੇ ਹਨ ਤੇ ਇਹਨਾਂ ਨੂੰ ਸੁੱਖ ਅਰਾਮ ਤੇ ਤਾਕਤ ਬਖਸ਼ਣ ਵਾਲੀ ਜਨਤਾ ਦੇ ਹਲਾਤ ਅੱਜ ਵੀ ਬੱਦ ਤੋਂ ਬੱਦਤਰ ਹਨ ਤੇ ਉਹ ਅਨੇਕਾਂ ਹੀ ਤੰਗੀਆਂ-ਤੁਰਸ਼ੀਆਂ ਦਾ ਸਾਹਮਣਾ ਕਰ ਰਹੀ ਹੈ। ਇਸ ਦਾ ਮੂਲ ਕਾਰਨ ਇਹ ਹੈ ਕਿ ਅੱਜ ਅਸੀਂ ਮਾਨਸਿਕ ਤੌਰ ‘ਤੇ ਏਨੇ ਕਮਜੋਰ ਹੋ ਚੁੱਕੇ ਹਾਂ ਕਿ ਆਪਣੇ ਛੋਟੇ-ਛੋਟੇ ਸਵਾਰਥਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਹੱਕ ਇਨ੍ਹਾਂ ਰਾਜਸੀ ਤਾਕਤਾਂ ਦੇ ਰਹਿਮੋ-ਕਰਮ ਅੱਗੇ ਗਿਰਵੀ ਰੱਖ ਦਿੱਤੇ ਹਨ।

ਸਰਕਾਰਾਂ ਦੀ ਚੋਣ ਕਰਨ ਵੇਲੇ ਅਸੀਂ ਅਸਲ ਮੁੱਦਿਆਂ ਨੂੰ ਧਿਆਨ ਵਿੱਚ ਨਾ ਰੱਖਦੇ ਹੋਏ ਤੇ ਲਾਲਚ ਵੱਸ ਹੋ ਕੇ ਆਪਣਾ ਕੀਮਤੀ ਵੋਟ ਕੁਰਬਾਨ ਕਰ ਦੇਂਦੇ ਹਾਂ ਤੇ ਫਿਰ ਪੰਜ ਸਾਲ ਆਪਣੀਆਂ ਮੰਗਾਂ ਤੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਲੜਦੇ ਮਰਦੇ ਰਹਿੰਦੇ ਹਾਂ। ਇਹ ਬੜੇ ਦੁੱਖ ਦੀ ਗੱਲ ਹੈ ਕਿ ਅਸੀਂ ਕਦੇ ਨਹੀਂ ਵਿਚਾਰਿਆ ਕਿ ਸਾਡਾ ਸੰਵਿਧਾਨ, ਸਾਡੇ ਮਸਲੇ, ਸਾਡੀਆਂ ਬੁਨਿਆਦੀ ਲੋੜਾਂ ਇਹ ਸਭ ਕੁਝ ਇੱਕ ਹੋਣ ਦੇ ਬਾਵਜੂਦ ਵੀ ਸਾਰੇ ਅੱਜ ਤੱਕ ਇੱਕ ਝੰਡੇ ਹੇਠ ਇਕੱਠੇ ਨਹੀਂ ਹੋ ਸਕੇ

ਸਾਡੀ ਇਹ ਸ਼ੁਰੂ ਤੋਂ ਹੀ ਤ੍ਰਾਸਦੀ ਰਹੀ ਹੈ ਕਿ ਸਰਕਾਰਾਂ ਵੱਲੋਂ ਨਵੀਆਂ ਨੀਤੀਆਂ ਨੂੰ ਤਰਾਸ਼ਣ ਵੇਲੇ ਸ਼ਾਹੀ ਘਰਾਣਿਆਂ ਦੇ ਹਿੱਤਾਂ ਨੂੰ ਹੀ ਧਿਆਨ ਵਿੱਚ ਰੱਖਿਆ ਜਾਂਦਾ ਹੈ ਤੇ ਇਹ ਕਦੇ ਵੀ ਮੱਧ ਵਰਗ ਦੇ ਹੱਕਾਂ ਦੀ ਪੂਰਤੀ ਨਹੀਂ ਕਰਦੀਆਂ। ਸਾਨੂੰ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਪੰਜਾਬ ਦੀ ਕਿਸਾਨੀ, ਸਿਹਤ ਪ੍ਰਣਾਲੀ ਤੇ ਸਿੱਖਿਆ ਸਬੰਧੀ ਅਹਿਮ ਮੁੱਦੇ ਹੀ ਸਰਕਾਰ ਅੱਗੇ ਰੱਖੀਏ ਤਾਂ ਜੋ ਉਹ ਸੱਤਾ ਵਿੱਚ ਆਉਣ ਵੇਲੇ ਇਨ੍ਹਾਂ ਨੀਤੀਆਂ ਦੇ ਅਧਾਰ ‘ਤੇ ਹੀ ਆਪਣੇ ਚੋਣ ਮੈਨੀਫੈਸਟੋ ਤਿਆਰ ਕਰਨ।

ਜੇਕਰ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਹਾਲਾਤ ਪੈਦਾ ਨਾ ਹੋਣ ਤੇ ਨਿੱਤ ਦਿਹਾੜੇ ਸੜਕਾਂ ‘ਤੇ ਲੁੱਟ-ਖੋਹ, ਗੁੰਡਾਗਰਦੀ, ਭ੍ਰਿਸ਼ਟਾਚਾਰ ਇਹ ਸਭ ਖਤਮ ਹੋਵੇ ਤਾਂ ਸਾਨੂੰ ਆਪਣੀਆਂ ਅਰਥਹੀਣ ਗਰਜਾਂ ਦਾ ਸਦਾ ਲਈ ਤਿਆਗ ਕਰਨਾ ਪਵੇਗਾ। ਸਾਨੂੰ ਇੱਕ ਦੂਰਅੰਦੇਸ਼ੀ ਤੇ ਉਸਾਰੂ ਸੋਚ ਰੱਖਦੇ ਹੋਏ ਨਸ਼ਾ ਮਾਫੀਆ ਗਰੋਹ ਤੇ ਭ੍ਰਿਸ਼ਟ ਅਫਸਰਸ਼ਾਹੀ ਖਿਲਾਫ ਲਾਮਬੰਦ ਹੋਣਾ ਪਵੇਗਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਸਦਾ ਲਈ ਠੱਲ੍ਹ ਪਾਈ ਜਾ ਸਕੇ।

ਅੰਤ ਵਿੱਚ ਇਹੋ ਅਪੀਲ ਹੈ ਕਿ ਅਸੀਂ ਆਪਣੀ ਬੌਧਿਕਤਾ ਦੇ ਦਾਇਰੇ ਨੂੰ ਵਿਸ਼ਾਲ ਕਰਦੇ ਹੋਏ ਆਪਣੇ ਗੁਰੂਆਂ ਪੀਰਾਂ ਦੀ ਸੋਚ ‘ਤੇ ਪਹਿਰਾ ਦੇਈਏ ਅਤੇ ਨਸ਼ੇ ਦੇ ਗੁਲਾਮ ਹੋ ਕੇ ਇਸ ਨੂੰ ਆਪਣੇ ਸੱਭਿਆਚਾਰ ਦਾ ਹਿੱਸਾ ਨਾ ਬਣਾਈਏ। ਅਗਰ ਅਸੀਂ ਅਜੇ ਵੀ ਜਾਗਰੂਕ ਨਾ ਹੋਏ ਤਾਂ ਇਹ ਨਸ਼ੇ ਦੇ ਵਪਾਰੀ ਆਪਣੀਆਂ ਤਿਜੋਰੀਆਂ ਭਰਨ ਲਈ ਅਨੇਕਾਂ ਹੀ ਮਾਵਾਂ ਦੇ ਪੁੱਤਾਂ ਦੀ ਬਲੀ ਚੜ੍ਹਾਉਂਦੇ ਰਹਿਣਗੇ ਤੇ ਪੰਜਾਬ ਦਾ ਭਵਿੱਖ ਮੌਤਾਂ ਦੇ ਰਾਹ ਦਾ ਪਾਂਧੀ ਬਣਿਆ ਰਹੇਗਾ..!!
ਮੋ. 94172-41037
ਗੁਰਦੀਪ ਸਿੰਘ ਭੁੱਲਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.